"ਪੰਜਾਬ ਵਿੱਚ ਵੀ ਹੁਣ ਖਿੱਲੇਗਾ ਕਮਲ": ਅਸ਼ਵਨੀ ਸ਼ਰਮਾ
ਅੰਧੇਰਾ ਛਟੇਗਾ, ਸੂਰਜ ਨਿਕਲੇਗਾ, ਪੰਜਾਬ ਵਿੱਚ ਵੀ ਕਮਲ ਖਿੱਲੇਗਾ-ਅਸ਼ਵਾਨੀ ਸ਼ਰਮਾ
ਅਟਲ ਜੀ ਸਿਰਫ਼ ਭਾਜਪਾ ਲਈ ਹੀ ਨਹੀਂ, ਸਗੋਂ ਪੂਰੇ ਦੇਸ਼ ਦੇ ਨਾਗਰਿਕਾਂ ਲਈ ਆਦਰਸ਼ ਪੁਰਸ਼ ਹਨ - ਅਸ਼ਵਨੀ ਸ਼ਰਮਾ
ਅਟਲ ਜੀ ਨੇ ਸਿਧਾਂਤਾਂ ਦੀ ਰਾਜਨੀਤੀ ਦੀ ਨਵੀਂ ਰਿਵਾਇਤ ਕਾਇਮ ਕੀਤੀ ਸੀ - ਅਸ਼ਵਨੀ ਸ਼ਰਮਾ
ਚੰਡੀਗੜ੍ਹ, 25 ਦਸੰਬਰ 2025- ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਅਤੇ ਭਾਰਤੀ ਜਨਤਾ ਪਾਰਟੀ ਦੇ ਪ੍ਰੇਰਣਾ ਸਰੋਤ ਅਟਲ ਬਿਹਾਰੀ ਵਾਜਪਾਈ ਨੂੰ ਉਨ੍ਹਾਂ ਦੇ ਜਨਮਦਿਨ ਮੌਕੇ ਚੰਡੀਗੜ੍ਹ ਸਥਿਤ ਪਾਰਟੀ ਦੇ ਸੂਬਾਈ ਦਫ਼ਤਰ ਵਿਖੇ ਪੁਸ਼ਪਾਂਜਲੀ ਭੇਟ ਕਰਦਿਆਂ ਪੰਜਾਬ ਭਾਜਪਾ ਦੇ ਕਾਰਜਕਾਰੀ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਅਟਲ ਜੀ ਨੇ ਰਾਜਨੀਤੀ ਵਿੱਚ ਸਿਧਾਂਤਾਂ ਅਤੇ ਆਦਰਸ਼ਾਂ ਦੀ ਅਜਿਹੀ ਮਿਸਾਲ ਕਾਇਮ ਕੀਤੀ, ਜੋ ਅੱਜ ਵੀ ਉਨੀ ਹੀ ਪ੍ਰਾਸੰਗਿਕ ਹੈ ਜਿੰਨੀ ਆਪਣੇ ਸਮੇਂ ਵਿੱਚ ਸੀ।ਇਸ ਮੌਕੇ ਪੰਜਾਬ ਭਾਜਪਾ ਦੇ ਸੰਗਠਨ ਮਹਾ ਮੰਤਰੀ ਮੰਥਰੀ ਸ੍ਰੀਨਿਵਾਸ ਸੁੱਲੂ, ਸੂਬਾ ਮੀਤ ਪ੍ਰਧਾਨ ਸੁਭਾਸ਼ ਸ਼ਰਮਾ, ਸੂਬਾ ਮੀਡੀਆ ਮੁਖੀ ਵਿਨੀ ਜੋਸ਼ੀ, ਸੂਬਾ ਸਹ ਖ਼ਜਾਨਚੀ ਸੁਖਵਿੰਦਰ ਸਿੰਘ ਗੋਲਡੀ, ਲੀਗਲ ਸੈਲ ਦੇ ਸੁਬਾ ਮੁਖੀ ਐਨ ਕੇ ਵਰਮਾ, ਮੁਹਾਲੀ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਸੰਜੀਵ ਵਿਸ਼ਿਸ਼ਟ ਤੇ ਅੰਨੇ ਸਾਥੀ ਮੌਜੂਦ ਸਨ।
ਅਸ਼ਵਨੀ ਸ਼ਰਮਾ ਨੇ ਕਿਹਾ ਕਿ ਅਟਲ ਬਿਹਾਰੀ ਵਾਜਪਾਈ ਨੇ ਉਸ ਦੌਰ ਵਿੱਚ, ਜਦ ਜੋੜ-ਤੋੜ, ਖਰੀਦੋ-ਫਰੋਖ਼ਤ ਅਤੇ ਸੱਤਾ ਲਈ ਸਮਝੌਤਿਆਂ ਦੀ ਰਾਜਨੀਤੀ ਆਮ ਹੋ ਰਹੀ ਸੀ, ਇਕ ਵੋਟ ਨਾਲ ਮਿਲੀ ਸੱਤਾ ਨੂੰ ਠੁਕਰਾਣਾ ਮਨਜ਼ੂਰ ਕੀਤਾ ਪਰ ਆਪਣੇ ਸਿਧਾਂਤਾਂ ਨਾਲ ਸਮਝੌਤਾ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਅਟਲ ਜੀ ਸਿਰਫ਼ ਭਾਜਪਾ ਲਈ ਹੀ ਨਹੀਂ, ਸਗੋਂ ਪੂਰੇ ਦੇਸ਼ ਦੇ ਨਾਗਰਿਕਾਂ ਲਈ ਆਦਰਸ਼ ਪੁਰਸ਼ ਹਨ।
ਸ਼ਰਮਾ ਨੇ ਕਿਹਾ ਕਿ ਭਾਜਪਾ ਦੇ ਸ਼ੁਰੂਆਤੀ ਦੌਰ ਵਿੱਚ ਜਦੋਂ ਪਾਰਟੀ ਨੂੰ ਕੇਵਲ ਦੋ ਸੀਟਾਂ ਮਿਲੀਆਂ ਸਨ ਅਤੇ ਨਿਰਾਸ਼ਾ ਦਾ ਮਾਹੌਲ ਬਣ ਗਿਆ ਸੀ, ਉਸ ਸਮੇਂ ਵੀ ਅਟਲ ਜੀ ਨੇ ਪਾਰਟੀ ਵਰਕਰਾਂ ਨੂੰ ਹੌਸਲਾ ਦਿੱਤਾ। ਉਨ੍ਹਾਂ ਯਾਦ ਕਰਵਾਇਆ ਕਿ ਮੁੰਬਈ ਵਿੱਚ ਦਿੱਤੇ ਆਪਣੇ ਇਤਿਹਾਸਕ ਭਾਸ਼ਣ ਦੌਰਾਨ ਅਟਲ ਜੀ ਨੇ ਕਿਹਾ ਸੀ— “ਅੰਧੇਰਾ ਛਟੇਗਾ, ਸੂਰਜ ਨਿਕਲੇਗਾ, ਕਮਲ ਖਿੱਲੇਗਾ।” ਅੱਜ ਭਾਜਪਾ ਦੁਨੀਆ ਦੀ ਸਭ ਤੋਂ ਵੱਡੀ ਪਾਰਟੀ ਬਣ ਚੁੱਕੀ ਹੈ ਅਤੇ ਲਗਾਤਾਰ ਤੀਜੀ ਵਾਰ ਪ੍ਰਧਾਨਮੰਤਰੀ ਨਰਿੰਦਰ ਮੋਦੀ ਜੀ ਦੀ ਅਗਵਾਈ ਹੇਠ ਦੇਸ਼ ਦੀ ਸੱਤਾ ਸੰਭਾਲ ਰਹੀ ਹੈ।
ਅਸ਼ਵਨੀ ਸ਼ਰਮਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਟਲ ਜੀ ਦੇ ਆਦਰਸ਼ਾਂ ਨੂੰ ਅੱਗੇ ਵਧਾਉਂਦੇ ਹੋਏ ਦੇਸ਼ ਦੀ ਅਰਥਵਿਵਸਥਾ, ਰਾਸ਼ਟਰੀ ਸੁਰੱਖਿਆ ਅਤੇ ਗਰੀਬ ਕਲਿਆਣ ਦੇ ਖੇਤਰ ਵਿੱਚ ਇਤਿਹਾਸਕ ਕੰਮ ਕਰ ਰਹੇ ਹਨ, ਜਿਸ ਕਾਰਨ ਅੱਜ ਪੂਰੀ ਦੁਨੀਆ ਵਿੱਚ ਭਾਰਤ ਦਾ ਮਾਣ ਵਧਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਭਾਜਪਾ ਦੇ ਹਰੇਕ ਵਰਕਰ ਲਈ ਅਟਲ ਜੀ ਦਾ ਸੰਦੇਸ਼ ਖ਼ਾਸ ਮਹੱਤਵ ਰੱਖਦਾ ਹੈ— “ਅੰਧੇਰਾ ਛਟੇਗਾ, ਸੂਰਜ ਨਿਕਲੇਗਾ, ਪੰਜਾਬ ਵਿੱਚ ਵੀ ਕਮਲ ਖਿੱਲੇਗਾ।” ਇਸੀ ਭਾਵਨਾ ਨਾਲ ਲਗਾਤਾਰ ਮਿਹਨਤ ਕਰਨਾ ਅਤੇ ਨਿਰਾਸ਼ਾ ਤੋਂ ਦੂਰ ਰਹਿਣਾ ਹੀ ਅਟਲ ਬਿਹਾਰੀ ਵਾਜਪਾਈ ਜੀ ਨੂੰ ਸੱਚੀ ਪੁਸ਼ਪਾਂਜਲੀ ਹੋਵੇਗੀ।