ਸਰਕਾਰੀ ਕਾਲਜ ਗੁਰਦਾਸਪੁਰ ਵਿਖੇ “ਸਫ਼ਰ-ਏ-ਸ਼ਹਾਦਤ” ਸੱਤ ਦਿਨਾਂ ਐਨ.ਐੱਸ.ਐੱਸ. ਕੈਂਪ ਆਰੰਭ
ਰੋਹਿਤ ਗੁਪਤਾ
ਗੁਰਦਾਸਪੁਰ, 24 ਦਸੰਬਰ
ਸਰਕਾਰੀ ਕਾਲਜ ਗੁਰਦਾਸਪੁਰ ਵਿੱਚ ਛੋਟੇ ਸਾਹਿਬਜ਼ਾਦਿਆਂ ਦੀ ਯਾਦ ਅਤੇ ਅਕੀਦਤ ਵਿੱਚ “ਸਫ਼ਰ-ਏ-ਸ਼ਹਾਦਤ” ਸੱਤ ਦਿਨਾਂ ਐਨ.ਐੱਸ.ਐੱਸ. ਵਿਸ਼ੇਸ਼ ਕੈਂਪ ਦੀ ਸ਼ੁਰੂਆਤ ਕੀਤੀ ਗਈ। ਇਹ ਕੈਂਪ 30 ਦਸੰਬਰ 2025 ਤੱਕ ਕਰਵਾਇਆ ਜਾ ਰਿਹਾ ਹੈ, ਜਿਸਦਾ ਮੁੱਖ ਉਦੇਸ਼ ਸ਼ਹਾਦਤ ਦੀ ਯਾਦ ਨੂੰ ਸਿਰਫ਼ ਭਾਵਨਾਵਾਂ ਤੱਕ ਸੀਮਤ ਨਾ ਰੱਖ ਕੇ, ਉਸਨੂੰ ਸੇਵਾ, ਅਨੁਸ਼ਾਸਨ ਅਤੇ ਕਰਮਾਂ ਰਾਹੀਂ ਜੀਵੰਤ ਰੱਖਣਾ ਹੈ।
ਕੈਂਪ ਦੀ ਸ਼ੁਰੂਆਤ “ਸਫ਼ਰ-ਏ-ਸ਼ਹਾਦਤ” ਦੇ ਅਧੀਨ ਇੱਕ ਵਿਸ਼ੇਸ਼ ਲੈਕਚਰ ਨਾਲ ਹੋਈ, ਜਿਸ ਵਿੱਚ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ। ਇਸ ਲੈਕਚਰ ਦਾ ਸਿਰਲੇਖ “ਇੱਕ ਵਿਲੱਖਣ ਇਤਿਹਾਸਿਕ ਸਫ਼ਰ: ਮਾਤਾ ਗੁਜਰੀ ਜੀ ਦੀ ਅੱਖੋਂ।
ਇਸ ਮੌਕੇ ਕਾਲਜ ਦੇ ਪ੍ਰਿੰਸੀਪਲ ਡਾ. ਅਸ਼ਵਨੀ ਕੁਮਾਰ ਭੱਲਾ ਨੇ ਆਪਣੇ ਸੰਬੋਧਨ ਵਿੱਚ ਮਾਤਾ ਗੁਜਰੀ ਜੀ ਦੇ ਸੰਪੂਰਨ ਜੀਵਨ ਅਤੇ ਸ਼ਹਾਦਤ ਭਰੇ ਇਤਿਹਾਸ ’ਤੇ ਵਿਸਥਾਰ ਨਾਲ ਚਾਨਣੀ ਪਾਈ। ਉਨ੍ਹਾਂ ਨੇ ਕਿਹਾ ਕਿ ਮਾਤਾ ਗੁਜਰੀ ਜੀ ਸਬਰ-ਏ-ਕਾਮਿਲ , ਸੰਤੋਖ, ਸਿਦਕ ਅਤੇ ਅਡੋਲਤਾ ਦੀ ਅਮਿੱਟ ਮਿਸਾਲ ਹਨ, ਜਿਨ੍ਹਾਂ ਦਾ ਜੀਵਨ ਸਿਰਫ਼ ਸਿੱਖ ਇਤਿਹਾਸ ਹੀ ਨਹੀਂ, ਸਗੋਂ ਸਮੁੱਚੀ ਮਾਨਵਤਾ ਲਈ ਪ੍ਰੇਰਣਾ ਦਾ ਸਰੋਤ ਹੈ।
ਡਾ. ਭੱਲਾ ਨੇ ਦਰਸਾਇਆ ਕਿ ਮਾਤਾ ਗੁਜਰੀ ਜੀ ਨੇ ਆਪਣੀ ਜ਼ਿੰਦਗੀ ਵਿੱਚ ਇੱਕ ਤੋਂ ਬਾਅਦ ਇੱਕ ਅਤਿਅੰਤ ਕਠਿਨ ਸਮਾਂ ਆਪਣੀਆਂ ਅੱਖਾਂ ਨਾਲ ਵੇਖਿਆ। ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ, ਫਿਰ ਭਰਾ, ਫਿਰ ਨਨਾਣ ਵੀਰੋ ਜੀ ਦੇ ਪੰਜ ਪੁੱਤਰਾਂ ਦੀ ਸ਼ਹਾਦਤ, ਉਸ ਤੋਂ ਬਾਅਦ ਪੋਤਰਿਆਂ ਦੀ ਸ਼ਹਾਦਤ ਅਤੇ ਅੰਤ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੇ ਤੀਰ ਲੱਗਣ ਨਾਲ ਸ਼ਹੀਦ ਹੋਣ ਦਾ ਦੁੱਖ। ਇਨ੍ਹਾਂ ਸਾਰੇ ਦੁੱਖਾਂ ਦੇ ਬਾਵਜੂਦ ਮਾਤਾ ਗੁਜਰੀ ਜੀ ਸਬਰ, ਸੰਤੋਖ ਅਤੇ ਅਡੋਲ ਵਿਸ਼ਵਾਸ ਦੀ ਮੂਰਤ ਬਣੇ ਰਹੇ ਅਤੇ ਅੰਤ ਵਿੱਚ ਖੁਦ ਵੀ ਸ਼ਹੀਦੀ ਪ੍ਰਾਪਤ ਕੀਤੀ।
ਉਨ੍ਹਾਂ ਨੇ ਕਿਹਾ ਕਿ ਮਾਤਾ ਗੁਜਰੀ ਜੀ ਉਹ ਮਹਾਨ ਸ਼ਹੀਦ ਮਾਂ ਸਨ, ਜਿਨ੍ਹਾਂ ਨੇ ਗੁਰੂ ਹਰਗੋਬਿੰਦ ਸਾਹਿਬ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਤੱਕ ਗੁਰੂ ਘਰ ਦੀ ਨਿਸ਼ਠਾ ਨਾਲ ਸੇਵਾ ਕੀਤੀ ਅਤੇ ਅੱਗੋਂ ਸਾਹਿਬਜ਼ਾਦਿਆਂ ਦੀ ਪਰਵਰਿਸ਼ ਕਰਦਿਆਂ ਉਨ੍ਹਾਂ ਵਿੱਚ ਸੱਚ, ਧਰਮ ਅਤੇ ਮਾਨਵਤਾ ਲਈ ਅਡੋਲ ਰਹਿਣ ਦੇ ਸੰਸਕਾਰ ਭਰੇ। ਮਾਤਾ ਜੀ ਦੀ ਸਿੱਖਿਆ ਦਾ ਹੀ ਨਤੀਜਾ ਸੀ ਕਿ ਜਦੋਂ ਮਾਤਾ ਗੁਜਰੀ ਜੀ ਸਾਹਿਬਜ਼ਾਦਾ ਬਾਬਾ ਜੋਰਾਵਰ ਸਿੰਘ ਜੀ ਅਤੇ ਸਾਹਿਬਜ਼ਾਦਾ ਬਾਬਾ ਫਤਿਹ ਸਿੰਘ ਜੀ ਨਾਲ 140 ਫੁੱਟ ਉੱਚੇ ਬੁਰਜ ਵਿੱਚ ਕੈਦ ਕੀਤੇ ਗਏ, ਤਦ ਵੀ ਉਨ੍ਹਾਂ ਨੇ ਨਿੱਕੀਆਂ ਜਿੰਦਾਂ ਵਿੱਚ ਅਟੱਲ ਹੌਸਲਾ ਭਰਿਆ, ਜਿਸ ਕਾਰਨ ਉਹ ਵਜ਼ੀਰ ਖਾਨ ਦੀ ਕਚਹਿਰੀ ਵਿੱਚ ਧਰਮ ਦੀ ਲੜਾਈ ਜਿੱਤ ਗਏ। ਇਹ ਜਿੱਤ ਮਾਤਾ ਗੁਜਰੀ ਜੀ ਦੀ ਸਿੱਖਿਆ ਅਤੇ ਸੰਸਕਾਰਾਂ ਦੀ ਜਿੱਤ ਸੀ।
ਇਸ ਮੌਕੇ ਡਾ. ਸੰਦੀਪ ਕੌਰ ਨੇ ਆਪਣੇ ਭਾਸ਼ਣ ਵਿੱਚ ਮਾਤਾ ਗੁਜਰੀ ਜੀ ਦੇ ਜੀਵਨ ਨੂੰ ਸਿੱਖ ਇਤਿਹਾਸ ਵਿੱਚ ਔਰਤਾਂ ਲਈ ਮਾਨਸਿਕ ਦ੍ਰਿੜਤਾ, ਆਤਮਿਕ ਸ਼ਕਤੀ ਅਤੇ ਅਡੋਲ ਵਿਸ਼ਵਾਸ ਦੀ ਸਭ ਤੋਂ ਵੱਡੀ ਮਿਸਾਲ ਵਜੋਂ ਦਰਸਾਇਆ। ਉਨ੍ਹਾਂ ਨੇ ਕਿਹਾ ਕਿ ਮਾਤਾ ਗੁਜਰੀ ਜੀ ਦਾ ਜੀਵਨ ਸਬਰ, ਸਹਿਣਸ਼ੀਲਤਾ, ਪ੍ਰੇਮ ਅਤੇ ਸੱਚ ਲਈ ਅਡੋਲ ਰਹਿਣ ਦੀ ਅਜਿਹੀ ਮਿਸਾਲ ਹੈ, ਜੋ ਆਉਣ ਵਾਲੀਆਂ ਪੀੜੀਆਂ ਨੂੰ ਸਦਾ ਪ੍ਰੇਰਿਤ ਕਰਦੀ ਰਹੇਗੀ।
ਡਾ. ਸੰਦੀਪ ਕੌਰ ਨੇ ਦੱਸਿਆ ਕਿ ਮਾਤਾ ਗੁਜਰੀ ਜੀ ਨੇ ਗੁਰੂ ਘਰ ਦੀ ਜ਼ਿੰਮੇਵਾਰੀ ਕਿਵੇਂ ਬੜੀ ਸਹਿਜਤਾ ਅਤੇ ਸੰਯਮ ਨਾਲ ਨਿਭਾਈ। ਉਨ੍ਹਾਂ ਨੇ ਬਾਬਾ ਬਕਾਲਾ ਦੇ 26 ਸਾਲ 6 ਮਹੀਨੇ ਦੇ ਦੌਰ ਦਾ ਜ਼ਿਕਰ ਕਰਦਿਆਂ ਕਿਹਾ ਕਿ ਜਦੋਂ ਗੁਰੂ ਸਾਹਿਬ ਭੋਰੇ ਵਿੱਚ ਤਪੱਸਿਆ ਕਰ ਰਹੇ ਸਨ, ਮਾਤਾ ਗੁਜਰੀ ਜੀ ਮਨ, ਬਚਨ ਅਤੇ ਕਰਮ ਨਾਲ ਗੁਰੂ ਘਰ ਦੀ ਸੇਵਾ ਵਿੱਚ ਤਤਪਰ ਰਹੇ।
ਉਨ੍ਹਾਂ ਨੇ ਇਹ ਵੀ ਦਰਸਾਇਆ ਕਿ ਇੱਕ ਮਾਂ ਅਤੇ ਫਿਰ ਇੱਕ ਦਾਦੀ ਦੇ ਰੂਪ ਵਿੱਚ ਮਾਤਾ ਗੁਜਰੀ ਜੀ ਨੇ ਬਾਲ ਗੋਬਿੰਦ ਰਾਏ ਅਤੇ ਅੱਗੋਂ ਸਾਹਿਬਜ਼ਾਦਿਆਂ ਦੀ ਪਰਵਰਿਸ਼ ਇਸ ਤਰ੍ਹਾਂ ਕੀਤੀ ਕਿ ਉਨ੍ਹਾਂ ਦੇ ਅੰਦਰ ਸੱਚ, ਧਰਮ ਅਤੇ ਮਾਨਵਤਾ ਲਈ ਜਾਨ ਨਿਸ਼ਾਵਰ ਕਰਨ ਦੇ ਸੰਸਕਾਰ ਰਚੇ ਗਏ। ਮਾਤਾ ਜੀ ਦੀ ਉੱਚ ਕੋਟੀ ਦੀ ਸਿੱਖਿਆ ਦਾ ਹੀ ਨਤੀਜਾ ਸੀ ਕਿ 140 ਫੁੱਟ ਉੱਚੇ ਬੁਰਜ ਵਿੱਚ ਕੈਦ ਹੋਣ ਦੇ ਬਾਵਜੂਦ ਉਹ ਨਿੱਕੀਆਂ ਜਿੰਦਾਂ ਨੂੰ ਡਰ ਤੋਂ ਉੱਪਰ ਚੁੱਕ ਕੇ ਵਜ਼ੀਰ ਖਾਨ ਦੀ ਕਚਹਿਰੀ ਵਿੱਚ ਧਰਮ ਦੀ ਲੜਾਈ ਜਿਤਾਉਣ ਵਿੱਚ ਸਫ਼ਲ ਰਹੇ।
ਕਾਲਜ ਪ੍ਰਸ਼ਾਸਨ ਵੱਲੋਂ ਦੱਸਿਆ ਗਿਆ ਕਿ “ਸਫ਼ਰ-ਏ-ਸ਼ਹਾਦਤ” ਐਨ.ਐੱਸ.ਐੱਸ. ਕੈਂਪ ਦੌਰਾਨ ਸਫ਼ਾਈ ਅਭਿਆਨ, ਸਮਾਜਿਕ ਸੇਵਾ, ਜਾਗਰੂਕਤਾ ਪ੍ਰੋਗਰਾਮ, ਮੁੱਲ-ਆਧਾਰਿਤ ਸੰਵਾਦ ਅਤੇ ਅਨੁਸ਼ਾਸਨਾਤਮਕ ਗਤੀਵਿਧੀਆਂ ਕਰਵਾਈਆਂ ਜਾਣਗੀਆਂ।
ਕੈਂਪ ਦੀ ਮਰਿਆਦਾ ਅਤੇ ਸੁਚਾਰੂ ਵਿਵਸਥਾ ਨੂੰ ਯਕੀਨੀ ਬਣਾਉਣ ਲਈ ਸਮੂਹ ਟੀਚਿੰਗ ਅਤੇ ਨੌਨ-ਟੀਚਿੰਗ ਸਟਾਫ ਸਰਗਰਮ ਭੂਮਿਕਾ ਨਿਭਾ ਰਿਹਾ ਹੈ ਅਤੇ ਨੋਡਲ ਅਫਸਰਾਂ ਦੀ ਦੇਖ-ਰੇਖ ਹੇਠ ਪੂਰਾ ਕੈਂਪ ਮਰਿਆਦਾ ਅਨੁਸਾਰ ਸੰਪੰਨ ਕਰਵਾਇਆ ਜਾ ਰਿਹਾ ਹੈ।
ਇਸ ਤਰ੍ਹਾਂ “ਸਫ਼ਰ-ਏ-ਸ਼ਹਾਦਤ” ਸੱਤ ਦਿਨਾਂ ਐਨ.ਐੱਸ.ਐੱਸ. ਕੈਂਪ ਸਰਕਾਰੀ ਕਾਲਜ ਗੁਰਦਾਸਪੁਰ ਵਿੱਚ ਸ਼ਹਾਦਤ ਦੀ ਯਾਦ ਨੂੰ ਸੇਵਾ, ਸਿਦਕ ਅਤੇ ਅਨੁਸ਼ਾਸਨ ਦੇ ਰੂਪ ਵਿੱਚ ਅਰਪਿਤ ਕਰਦਾ ਹੋਇਆ ਵਿਦਿਆਰਥੀਆਂ ਲਈ ਪ੍ਰੇਰਣਾ ਦਾ ਕੇਂਦਰ ਬਣ ਰਿਹਾ ਹੈ।