MP ਸਤਨਾਮ ਸੰਧੂ ਨੇ ਰਾਜ ਸਭਾ 'ਚ ਚੁੱਕਿਆ ਸਿੱਖ ਪਰਿਵਾਰਾਂ ਦੇ ਮੁੜ ਵਸੇਬੇ ਦਾ ਮੁੱਦਾ
ਮੈਂਬਰ ਪਾਰਲੀਮੈਂਟ ਸਤਨਾਮ ਸਿੰਘ ਸੰਧੂ ਨੇ ਸੰਸਦ ਵਿੱਚ ਮੰਗਿਆ ਪਾਕਿਸਤਾਨ ਤੇ ਅਫ਼ਗ਼ਾਨਿਸਤਾਨ ਤੋਂ ਪ੍ਰਤਾੜਿਤ ਹੋ ਕੇ ਭਾਰਤ ਆਏ ਸਿੱਖਾਂ ਦੇ ਮੁੜ ਵਸੇਬੇ ਤੇ ਭਲਾਈ ਲਈ ਚਲਾਈਆਂ ਸਕੀਮਾਂ ਦਾ ਵੇਰਵਾ
ਘੱਟ ਗਿਣਤੀ ਵਸੋਂ ਵਾਲੇ ਇਲਾਕਿਆਂ ਵਿੱਚ ਸਿੱਖਿਆ, ਸਿਹਤ, ਹੁਨਰ ਅਤੇ ਮਹਿਲਾ ਸਸ਼ਕਤੀਕਰਨ ਲਈ 26,237 ਕਰੋੜ ਦੇ ਫੰਡ ਦੀ ਮਨਜ਼ੂਰੀ : ਜੌਰਜ ਕੁਰੀਅਨ, ਘੱਟ ਗਿਣਤੀ ਮਾਮਲਿਆਂ ਦੇ ਕੇਂਦਰੀ ਰਾਜ ਮੰਤਰੀ
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਪ੍ਰਧਾਨ ਮੰਤਰੀ ਵਿਕਾਸ ਯੋਜਨਾ ਦੇ ਤਹਿਤ ਸੌਂਪੀ ਗਈ ਸਿੱਖ ਨੌਜਵਾਨਾਂ ਨੂੰ ਸਿੱਖਿਆ ਅਤੇ ਹੁਨਰ ਮੁਤਾਬਕ ਨੌਕਰੀਆਂ ਦੇਣ ਦੀ ਜ਼ਿੰਮੇਵਾਰੀ ; ਕੇਂਦਰੀ ਰਾਜ ਮੰਤਰੀ ਜੌਰਜ ਕੁਰੀਅਨ
ਨਾਗਰਿਕਤਾ ਸੋਧ ਬਿੱਲ ਦੇ ਤਹਿਤ 337 ਸਿੱਖ ਸ਼ਰਨਾਰਥੀਆਂ ਨੂੰ ਦਿੱਤੀ ਗਈ ਭਾਰਤੀ ਨਾਗਰਿਕਤਾ : ਜੌਰਜ ਕੁਰੀਅਨ, ਕੇਂਦਰੀ ਰਾਜ ਮੰਤਰੀ
ਦਿੱਲੀ ਯੂਨੀਵਰਸਿਟੀ ਵਿੱਚ ਗੁਰਮੁਖੀ ਦਾ ਸੈਂਟਰ ਆਫ਼ ਐਕਸੀਲੈਂਸ ਖੁੱਲ੍ਹਣ ਦੇ ਨਾਲ ਪੰਜਾਬੀ ਭਾਸ਼ਾ ਹੋਵੇਗੀ ਪ੍ਰਫੁੱਲਿਤ, ਸਿੱਖ ਨੌਜਵਾਨਾਂ ਨੂੰ ਮਿਲਣਗੇ ਨਵੇਂ ਮੌਕੇ : ਕੇਂਦਰੀ ਰਾਜ ਮੰਤਰੀ ਕੁਰੀਅਨ
ਸੰਸਦ ਮੈਂਬਰ ਸਤਨਾਮ ਸਿੰਘ ਸੰਧੂ ਨੇ ਰਾਜ ਸਭਾ ਵਿੱਚ ਪ੍ਰਵਾਸੀ ਸਿੱਖ ਪਰਿਵਾਰਾਂ ਦਾ ਮੁੱਦਾ ਚੁੱਕਿਆ, ਜਿਨ੍ਹਾਂ ਨੇ ਇਤਿਹਾਸਕ ਜੰਗਾਂ ਜਾਂ ਤਸ਼ੱਦਦਾਂ ਤੋਂ ਤੰਗ ਹੋ ਕੇ ਭਾਰਤ ਵਿੱਚ ਪਨਾਹ ਲਈ। ਐਮਪੀ ਸੰਧੂ ਨੇ ਕੇਂਦਰ ਸਰਕਾਰ ਕੋਲੋਂ ਸੰਸਦ ਵਿੱਚ ਇਨ੍ਹਾਂ ਸਿੱਖ ਪਰਿਵਾਰਾਂ ਦੇ ਮੁੜ ਵਸੇਬੇ ਅਤੇ ਭਲਾਈ ਲਈ ਚਲਾਈਆਂ ਗਈਆਂ ਯੋਜਨਾਵਾਂ ਦਾ ਵੇਰਵਾ ਵੀ ਮੰਗਿਆ। ਦੱਸਣਯੋਗ ਹੈ ਕਿ ਮੈਂਬਰ ਪਾਰਲੀਮੈਂਟ ਸਤਨਾਮ ਸਿੰਘ ਸੰਧੂ ਨੇ ਕੇਂਦਰੀ ਘੱਟ ਗਿਣਤੀ ਮਾਮਲਿਆਂ ਦੇ ਮੰਤਰਾਲੇ ਨੂੰ ਉਨ੍ਹਾਂ ਪ੍ਰਵਾਸੀ ਸਿੱਖ ਪਰਿਵਾਰਾਂ ਦੇ ਪੁਨਰਵਾਸ ਅਤੇ ਭਲਾਈ ਲਈ ਚਲਾਈਆਂ ਗਈਆਂ ਯੋਜਨਾਵਾਂ ਦਾ ਵੇਰਵਾ ਮੰਗਿਆ, ਜਿਹੜੇ ਹਾਲ ਦੇ ਸਾਲਾਂ ਵਿੱਚ ਪਾਕਿਸਤਾਨ, ਅਫ਼ਗ਼ਾਨਿਸਤਾਨ ਅਤੇ ਹੋਰਨਾਂ ਦੇਸ਼ਾਂ ਤੋਂ ਵਾਪਸ ਆਏ ਹਨ। ਉਨ੍ਹਾਂ ਨੇ ਸੰਸਦ ਵਿੱਚ ਸਵਾਲ ਪੁੱਛਿਆ ਕਿ ਕੀ ਸਰਕਾਰ ਨੇ ਇਨ੍ਹਾਂ ਸਿੱਖ ਪਰਿਵਾਰਾਂ ਨੂੰ ਕਿਸੇ ਤਰ੍ਹਾਂ ਦੀ ਵਿੱਤੀ ਸਹਾਇਤਾ ਅਤੇ ਰਿਹਾਇਸ਼ ਦੀ ਸਹੂਲਤ ਮੁਹੱਈਆ ਕਰਵਾਈ ਹੈ। ਇਸ ਦੇ ਨਾਲ ਹੀ ਐਮਪੀ ਸੰਧੂ ਨੇ ਇਹ ਵੀ ਪੁੱਛਿਆ ਕਿ ਨਾਗਰਿਕਤਾ ਸੋਧ ਬਿੱਲ, 2019 ਦੇ ਤਹਿਤ ਕਿੰਨੇ ਸਿੱਖ ਸ਼ਰਨਾਰਥੀਆਂ ਨੂੰ ਭਾਰਤ ਦੀ ਨਾਗਰਿਕਤਾ ਦਿੱਤੀ ਗਈ ਹੈ ਅਤੇ ਭਾਰਤ ਅਤੇ ਵਿਦੇਸ਼ਾਂ ਵਿੱਚ ਸਿੱਖ ਵਿਰਾਸਤ, ਸੱਭਿਆਚਾਰ ਅਤੇ ਧਾਰਮਿਕ ਸਥਾਨਾਂ ਦੀ ਸੁਰੱਖਿਆ ਲਈ ਕਿਹੜੇ ਕਦਮ ਚੁੱਕੇ ਹਨ।
ਐਮਪੀ ਸੰਧੂ ਦੇ ਸਵਾਲ ਦਾ ਲਿਖਤੀ ਰੂਪ ਵਿੱਚ ਜਵਾਬ ਦਿੰਦਿਆਂ ਘੱਟ ਗਿਣਤੀ ਮਾਮਲਿਆਂ ਦੇ ਕੇਂਦਰੀ ਰਾਜ ਮੰਤਰੀ ਜੌਰਜ ਕੁਰੀਅਨ ਨੇ ਕਿਹਾ ਕਿ ਪ੍ਰਧਾਨ ਮੰਤਰੀ ਜਨ ਵਿਕਾਸ ਪ੍ਰੋਗਰਾਮ ਦੇ ਤਹਿਤ ਮੰਤਰਾਲੇ ਵੱਲੋਂ ਇੱਕ ਯੋਜਨਾ ਲਾਗੂ ਕੀਤੀ ਜਾ ਰਹੀ ਹੈ, ਜਿਸ ਵਿੱਚ ਘੱਟ ਗਿਣਤੀ ਵਸੋਂ ਵਾਲੇ ਖੇਤਰਾਂ ਵਿੱਚ ਸਿੱਖਿਆ, ਸਿਹਤ, ਹੁਨਰ, ਮਹਿਲਾ ਸਸ਼ਕਤੀਕਰਨ 'ਤੇ ਕੰਮ ਕਰ ਰਹੀ ਹੈ। 11 ਲੱਖ ਤੋਂ ਜ਼ਿਆਦਾ ਬੁਨਿਆਦੀ ਢਾਂਚਾ ਸੰਪਤੀਆਂ ਨੂੰ ਮਨਜ਼ੂਰੀ ਦਿੱਤੀ ਗਈ ਹੈ, ਜਿਨ੍ਹਾਂ ਵਿੱਚ ਲਗਭਗ 9 ਲੱਖ ਯੂਨਿਟ ਪੂਰੇ ਹੋ ਚੁੱਕੇ ਹਨ, ਇਨ੍ਹਾਂ ਪ੍ਰੋਜੈਕਟਾਂ 'ਤੇ ਕੁੱਲ 26,237 ਕਰੋੜ ਰੁਪਏ ਦੀ ਮਨਜ਼ੂਰ ਹੋਈ ਲਾਗਤ ਵਿੱਚੋਂ 16,300 ਕਰੋੜ ਰੁਪਏ ਸੂਬਿਆਂ, ਕੇਂਦਰ ਸ਼ਾਸਿਤ ਪ੍ਰਦੇਸ਼ਾਂ ਅਤੇ ਕੇਂਦਰੀ ਦਫ਼ਤਰਾਂ ਨੂੰ ਜਾਰੀ ਕੀਤੇ ਜਾ ਚੁੱਕੇ ਹਨ। ਕੇਂਦਰੀ ਮੰਤਰੀ ਨੇ ਦੱਸਿਆ ਕਿ "ਪ੍ਰਧਾਨ ਮੰਤਰੀ ਵਿਰਾਸਤ ਕਾ ਸੰਵਰਧਨ" (ਪੀਐਮ ਵਿਕਾਸ) ਯੋਜਨਾ ਦੇ ਤਹਿਤ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (ਡੀਐਸਜੀਐਮਸੀ) ਨੂੰ 29,600 ਨੌਜਵਾਨਾਂ ਨੂੰ ਆਧੁਨਿਕ ਹੁਨਰ ਆਧਾਰਤ ਸਿਖਲਾਈ ਦੇਣ ਅਤੇ 2,000 ਵਿਿਦਿਆਰਥੀਆਂ ਨੂੰ ਸਕੂਲਾਂ ਵਿੱਚ ਵਾਪਸ ਲਿਆਉਣ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਕੇਂਦਰੀ ਰਾਜ ਮੰਤਰੀ ਨੇ ਦੱਸਿਆ ਕਿ ਕੇਂਦਰੀ ਘੱਟ ਗਿਣਤੀ ਮੰਤਰਾਲੇ ਦਾ ਕੌਮੀ ਘੱਟ ਗਿਣਤੀ ਵਿਕਾਸ ਅਤੇ ਵਿੱਤੀ ਕਾਰਪੋਰੇਸ਼ਨ ਸਿੱਖਾਂ ਸਮੇਤ ਹੋਰ ਸੂਚਿਤ ਘੱਟ ਗਿਣਤੀ ਸਮੂਹਾਂ ਦੀ ਸਮਾਜਿਕ ਅਤੇ ਆਰਥਿਕ ਉਨਤੀ ਅਤੇ ਸਵੈਰੋਜ਼ਗਾਰ ਲਈ ਕਰਜ਼ਾ ਵੀ ਦਿੰਦਾ ਹੈ।
1994 ਤੋਂ ਹੁਣ ਤੱਕ ਇਸ ਦੀਆਂ ਵੱਖ-ਵੱਖ ਯੋਜਨਾਵਾਂ ਦੇ ਤਹਿਤ 27.35 ਲੱਖ ਤੋਂ ਵੱਧ ਪਰਿਵਾਰਾਂ ਨੂੰ ਕੁੱਲ 10,225.83 ਕਰੋੜ ਰੁਪਏ ਦਾ ਭੁਗਤਾਨ ਕੀਤਾ ਜਾ ਚੁੱਕਿਆ ਹੈ। ਕੇਂਦਰੀ ਰਾਜ ਮੰਤਰੀ ਨੇ ਦੱਸਿਆ ਕਿ ਪਿਛਲੇ ਪੰਜ ਸਾਲਾਂ ਵਿੱਚ ਪਾਕਿਸਤਾਨ, ਬੰਗਲਾਦੇਸ਼ ਅਤੇ ਅਫ਼ਗ਼ਾਨਿਸਤਾਨ ਦੇ 1,073 ਸਿੱਖਾਂ ਨੂੰ ਲੰਬੀ ਮਿਆਦ ਲਈ ਰਿਹਾਇਸ਼ ਵੀਜ਼ੇ ਜਾਰੀ ਕੀਤੇ ਗਏ ਹਨ। ਇਨ੍ਹਾਂ ਵੀਜ਼ਾ ਧਾਰਕਾਂ ਦੇ ਬੱਚਿਆਂ ਲਈ ਸਿੱਖਿਆ, ਨੌਕਰੀਆਂ, ਘਰ ਖ਼ਰੀਦਣ, ਸਵੈਰੋਜ਼ਗਾਰ, ਬੈਂਕ ਖਾਤੇ ਖੋਲਣ, ਡਰਾਈਵਿੰਗ ਲਾਈਸੰਸ, ਪੈਨ ਅਤੇ ਆਧਾਰ ਵਰਗੀਆਂ ਸਹੂਲਤਾਂ ਉਪਲਬਧ ਹਨ।
ਨਾਗਰਿਕਤਾ ਸੋਧ ਬਿੱਲ, 2019 ਦੇ ਤਹਿਤ ਜਿਹੜੇ ਸਿੱਖ ਸ਼ਰਨਾਰਥੀਆਂ ਨੂੰ ਨਾਗਰਿਕਤਾ ਦਿੱਤੀ ਗਈ ਹੈ, ਉਨ੍ਹਾਂ ਦੇ ਬਾਰੇ ਜਾਣਕਾਰੀ ਦਿੰਦੇ ਹੋਏ ਘੱਟ ਗਿਣਤੀ ਮਾਮਲਿਆਂ ਦੇ ਕੇਂਦਰੀ ਰਾਜ ਮੰਤਰੀ ਨੇ ਕਿਹਾ ਕਿ ਦਿੱਲੀ (296), ਪੰਜਾਬ (13), ਹਰਿਆਣਾ (14), ਉੱਤਰਾਖੰਡ (8) ਅਤੇ ਮੱਧ ਪ੍ਰਦੇਸ਼ (6) ਸਣੇ ਪੰਜ ਸੂਬਿਆਂ ਵਿੱਚ 337 ਤੋਂ ਵੱਧ ਸਿੱਖ ਸ਼ਰਨਾਰਥੀਆਂ ਨੂੰ ਭਾਰਤੀ ਨਾਗਰਿਕਤਾ ਦਿੱਤੀ ਗਈ ਹੈ। ਭਾਰਤ ਅਤੇ ਵਿਦੇਸ਼ ਵਿੱਚ ਸਿੱਖ ਵਿਰਾਸਤ, ਸੱਭਿਆਚਾਰ ਅਤੇ ਧਾਰਮਿਕ ਅਸਥਾਨਾਂ ਦੀ ਸੁਰੱਖਿਆ ਬਾਰੇ ਚੁੱਕੇ ਗਏ ਕਦਮਾਂ 'ਤੇ ਜੌਰਜ ਕੁਰੀਅਨ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਜਨ ਵਿਕਾਸ ਪ੍ਰੋਗਰਾਮ ਦੇ ਤਹਿਤ ਦਿੱਲੀ ਯੂਨੀਵਰਸਿਟੀ ਵਿੱਚ ਗੁਰਮੁਖੀ ਦਾ ਸੈਂਟਰ ਆਫ਼ ਐਕਸੀਲੈਂਸ ਸਥਾਪਤ ਕੀਤਾ ਗਿਆ ਹੈ, ਜਿਸ ਨਾਲ ਪੰਜਾਬੀ ਭਾਸ਼ਾ ਪ੍ਰਫ਼ੁੱਲਿਤ ਹੋਵੇ ਅਤੇ ਘੱਟ ਗਿਣਤੀ ਸਮੂਹਾਂ ਦੀ ਸੱਭਿਆਚਾਰਕ ਵਿਰਾਸਤ ਸੁਰੱਖਿਅਤ ਰਹੇ।
ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਮੰਤਰਾਲੇ ਨੇ 2016 ਤੋਂ ਹੁਣ ਤੱਕ 46 "ਹੁਨਰ ਹਾਟ" ਕਰਵਾਏ ਗਏ ਹਨ, ਜਿਨ੍ਹਾਂ ਨੂੰ ਹੁਣ "ਸੱਭਿਆਚਾਰਕ ਮੇਲਾ" ਕਿਹਾ ਜਾਂਦਾ ਹੈ।ਅਜਿਹੇ ਸਮਾਗਮਾਂ ਦੇ ਜ਼ਰੀਏ ਸਿੱਖ ਅਤੇ ਹੋਰ ਘੱਟ ਗਿਣਤੀ ਸਮੂਹਾਂ ਦੇ 8 ਲੱਖ ਤੋਂ ਜ਼ਿਆਦਾ ਕਾਰੀਗਰਾਂ ਨੂੰ ਆਪਣੀਆਂ ਦਸਤਕਾਰੀਆਂ ਅਤੇ ਦੇਸੀ ਉਤਪਾਦਾਂ ਨੂੰ ਵੇਚਣ ਦਾ ਮੌਕਾ ਮਿਿਲਿਆ, ਜਿਸ ਨਾਲ ਦੇਸ਼ ਭਰ ਵਿੱਚ ਉਨ੍ਹਾਂ ਨੂੰ ਅਤੇ ਉਨ੍ਹਾਂ ਦੇ ਹੁਨਰ ਨੂੰ ਪਛਾਣ ਮਿਲੀ।