ਜਗਰਾਓਂ ਦੇ 190 ਗਰੀਬ ਪਰਿਵਾਰਾਂ ਲਈ ਪੱਕੇ ਮਕਾਨਾਂ ਦੀ ਰਾਹਤ; 4.75 ਕਰੋੜ ਜਾਰੀ
ਜਗਰਾਓਂ (ਦੀਪਕ ਜੈਨ): ਹਲਕਾ ਜਗਰਾਓਂ ਦੀ ਵਿਧਾਇਕ ਬੀਬੀ ਸਰਬਜੀਤ ਕੌਰ ਮਾਣੂਕੇ ਨੇ 190 ਲੋੜਵੰਦ ਪਰਿਵਾਰਾਂ ਦੇ ਕੱਚੇ ਮਕਾਨ ਪੱਕੇ ਕਰਨ ਲਈ 4.75 ਕਰੋੜ ਰੁਪਏ ਦੀ ਗ੍ਰਾਂਟ ਜਾਰੀ ਕਰਨ ਦਾ ਐਲਾਨ ਕੀਤਾ ਹੈ। ਕੇਂਦਰ ਤੇ ਪੰਜਾਬ ਸਰਕਾਰ ਦੀ ਸਾਂਝੀ ਸਕੀਮ ਤਹਿਤ ਹਰੇਕ ਯੋਗ ਪਰਿਵਾਰ ਨੂੰ ਮਕਾਨ ਦੀ ਉਸਾਰੀ ਲਈ 2.5 ਲੱਖ ਰੁਪਏ ਮਿਲਣਗੇ, ਜੋ ਚਾਰ ਕਿਸ਼ਤਾਂ ਰਾਹੀਂ ਸਿੱਧੇ ਬੈਂਕ ਖਾਤਿਆਂ ਵਿੱਚ ਜਮ੍ਹਾਂ ਹੋਣਗੇ।
ਉਨ੍ਹਾਂ ਦੱਸਿਆ ਕਿ ਪੈਂਡਿੰਗ ਅਰਜ਼ੀਆਂ ਨੂੰ ਵੀ ਜਲਦੀ ਮਨਜ਼ੂਰੀ ਮਿਲੇਗੀ। ਸਮਾਗਮ ਵਿੱਚ ਨਗਰ ਕੌਂਸਲ ਦੇ ਕਈ ਆਗੂ ਅਤੇ ਵੱਡੀ ਗਿਣਤੀ ਵਿੱਚ ਲਾਭਪਾਤਰੀ ਮੌਜੂਦ ਸਨ।
ਭਾਜਪਾ ਨੇ ‘ਆਪ’ 'ਤੇ ਲਗਾਇਆ ਸਕੀਮ ਹਾਈਜੈਕ ਕਰਨ ਦਾ ਦੋਸ਼
ਭਾਜਪਾ ਜ਼ਿਲ੍ਹਾ ਪ੍ਰਧਾਨ ਡਾ. ਰਾਜਿੰਦਰ ਸ਼ਰਮਾ ਨੇ ਦੋਸ਼ ਲਾਇਆ ਕਿ ‘ਆਪ’ ਕੇਂਦਰ ਦੀ ਪ੍ਰਧਾਨ ਮੰਤਰੀ ਆਵਾਸ ਯੋਜਨਾ ਨੂੰ ਆਪਣੀ ਸਕੀਮ ਵਜੋਂ ਪੇਸ਼ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਭਾਜਪਾ ਵਰਕਰਾਂ ਨੇ ਹੀ ਸ਼ਹਿਰ ਵਿੱਚ ਕੈਂਪ ਲਗਾ ਕੇ ਫਾਰਮ ਭਰਵਾਏ ਸਨ ਅਤੇ ਜਾਰੀ ਕੀਤੀ ਗਈ 4.75 ਕਰੋੜ ਰੁਪਏ ਦੀ ਮਦਦ ਮੋਦੀ ਸਰਕਾਰ ਵੱਲੋਂ ਭੇਜੀ ਗਈ ਹੈ।