ਚੰਡੀਗੜ੍ਹ ਯੂਨੀਵਰਸਿਟੀ ਵੱਲੋਂ ਦੋ ਰੋਜ਼ਾ 5ਵੇਂ ਐੱਫਏਪੀ ਕੌਮੀ ਪੁਰਸਕਾਰ-2025 ਦਾ ਹੋਇਆ ਸ਼ਾਨਦਾਰ ਆਗਾਜ਼
ਹਰਿਆਣਾ ਦੇ ਰਾਜਪਾਲ ਆਸ਼ਿਮ ਕੁਮਾਰ ਘੋਸ਼ ਨੇ ਸਮਾਗਮ ਦਾ ਕੀਤਾ ਉਦਘਾਟਨ
ਨਿੱਜੀ ਸਕੂਲਾਂ ਨੇ ਦੇਸ਼ ਵਿੱਚ ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਣ ਲਈ ਪਾਇਆ ਵਡਮੁੱਲਾ ਯੋਗਦਾਨ : ਆਸ਼ਿਮ ਕੁਮਾਰ ਘੋਸ਼, ਹਰਿਆਣਾ ਦੇ ਰਾਜਪਾਲ
ਪ੍ਰਾਇਵੇਟ ਸਕੂਲਾਂ ਵਿੱਚ ਆਰਥਿਕ ਪੱਖੋਂ ਕਮਜ਼ੋਰ ਬੱਚਿਆਂ ਨੂੰ ਮਿਲਣ ਵੱਧ ਤੋਂ ਵੱਧ ਦਾਖ਼ਲੇ, ਤਾਂ ਜੋ ਸਿੱਖਿਅਕ ਖੇਤਰ ਵਿੱਚ ਅਮੀਰ-ਗ਼ਰੀਬ ਵਿਚਲੇ ਪਾੜਾ ਖ਼ਤਮ ਹੋ ਸਕੇ, ਬੋਲੇ ਹਰਿਆਣਾ ਦੇ ਰਾਜਪਾਲ ਆਸ਼ਿਮ ਕੁਮਾਰ ਘੋਸ਼
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿੱਚ ਸਿੱਖਿਆ ਦੇ ਖੇਤਰ ਵਿੱਚ ਭਾਰਤ ਹੋਇਆ ਪ੍ਰਫੁੱਲਿਤ, ਇਤਿਹਾਸਕ ਸਿੱਖਿਅਕ ਸੁਧਾਰਾਂ ਨਾਲ ਭਾਰਤ ਸਿੱਖਿਆ ਦਾ ਗਲੋਬਲ ਹੱਬ ਬਣਨ ਦੀ ਰਾਹ 'ਤੇ : ਹਰਿਆਣਾ ਰਾਜਪਾਲ ਆਸ਼ਿਮ ਕੁਮਾਰ ਘੋਸ਼
ਨਿੱਜੀ ਸਿੱਖਿਆ ਅਦਾਰੇ ਅਤੇ ਅਧਿਆਪਕ ਆਤਮਨਿਰਭਰ ਭਾਰਤ ਅਤੇ ਵਿਕਸਿਤ ਭਾਰਤ 2047 ਦੇ ਟੀਚੇ ਨੂੰ ਪੂਰਾ ਕਰਨ ਵਿੱਚ ਨਿਭਾਉਣਗੇ ਅਹਿਮ ਭੂਮਿਕਾ: ਸਤਨਾਮ ਸਿੰਘ ਸੰਧੂ, ਰਾਜ ਸਭਾ ਸੰਸਦ ਮੈਂਬਰ ਅਤੇ ਚੰਡੀਗੜ੍ਹ ਯੂਨੀਵਰਸਿਟੀ ਦੇ ਚਾਂਸਲਰ
ਚੰਡੀਗੜ੍ਹ ਯੂਨੀਵਰਸਿਟੀ ਨੇ ਕੀਤੀ 2 ਦਿਨਾਂ ਐਫ਼ਏਪੀ ਕੌਮੀ ਪੁਰਸਕਾਰ 2025 ਦੀ ਮੇਜ਼ਬਾਨੀ, 792 ਸਕੂਲਾਂ, ਅਧਿਆਪਕਾਂ, ਮੁੱਖ ਅਧਿਆਪਕਾਂ ਤੇ ਵਿਦਿਆਰਥੀਆਂ ਨੂੰ ਸਿੱਖਿਆ, ਖੇਡ ਅਤੇ ਸੱਭਿਆਚਾਰ ਦੇ ਖੇਤਰ ਵਿੱਚ ਵਡਮੁੱਲੇ ਯੋਗਦਾਨ ਲਈ ਕੀਤਾ ਗਿਆ ਸਨਮਾਨਤ
ਪਹਿਲੇ ਦਿਨ 792 ਸਕੂਲਾਂ, ਅਧਿਆਪਕਾਂ, ਮੁੱਖ ਅਧਿਆਪਕਾਂ ਅਤੇ ਹੋਣਹਾਰ ਵਿਦਿਆਰਥੀਆਂ ਨੂੰ ਪਹਿਲੇ ਦਿਨ ਮਿਲੇ ਪੁਰਸਕਾਰ, ਸਿੱਖਿਆ, ਖੇਡਾਂ ਅਤੇ ਸੱਭਿਆਚਾਰ ਦੇ ਖੇਤਰ ਵਿੱਚ ਯੋਗਦਾਨ ਦੇਣ ਲਈ ਮਿਲਿਆ ਸਨਮਾਨ
ਚੰਡੀਗੜ੍ਹ/ਮੋਹਾਲੀ, 28 ਨਵੰਬਰ: ਦੇਸ਼ ਵਿੱਚ ਸਿੱਖਿਆ, ਖੇਡਾਂ ਅਤੇ ਸੱਭਿਆਚਾਰ ਦੇ ਮਿਆਰ ਨੂੰ ਉੱਚਾ ਚੁੱਕਣ ਵਿੱਚ ਪ੍ਰਾਈਵੇਟ ਸਕੂਲਾਂ ਦੇ ਅਣਮੁੱਲੇ ਯੋਗਦਾਨ ਨੂੰ ਸਨਮਾਨਤ ਕਰਨ ਲਈ, ਚੰਡੀਗੜ੍ਹ ਯੂਨੀਵਰਸਿਟੀ ਵੱਲੋਂ ਫੈਡਰੇਸ਼ਨ ਆਫ਼ ਪ੍ਰਾਈਵੇਟ ਸਕੂਲਜ਼ ਐਂਡ ਐਸੋਸੀਏਸ਼ਨਜ਼ ਆਫ਼ ਪੰਜਾਬ (FAP) ਦੇ ਸਹਿਯੋਗ ਨਾਲ, ਦੋ ਰੋਜ਼ਾ FAP ਕੌਮੀ ਪੁਰਸਕਾਰ 2025 ਦੀ ਸ਼ੁਰੂਆਤ ਹੋ ਗਈ ਹੈ। ਦੱਸਣਯੋਗ ਹੈ ਕਿ 5ਵੇਂ ਐਫ਼ਏਪੀ ਪੁਰਸਕਾਰ ਸਮਾਰੋਹ ਦੌਰਾਨ ਭਾਰਤ ਭਰ ਦੇ 800 ਤੋਂ ਵੱਧ ਸਕੂਲਾਂ ਦੇ ਪ੍ਰਿੰਸੀਪਲਾਂ, ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ।
ਹਰਿਆਣਾ ਦੇ ਰਾਜਪਾਲ, ਪ੍ਰੋਫੈਸਰ ਆਸ਼ਿਮ ਕੁਮਾਰ ਘੋਸ਼ ਨੇ ਮੁੱਖ ਮਹਿਮਾਨ ਵਜੋਂ ਐਫ਼ਏਪੀ (FAP) ਕੌਮੀ ਪੁਰਸਕਾਰ 2025 ਦਾ ਉਦਘਾਟਨ ਕੀਤਾ। ਉਹ ਇੱਥੇ ਆਪਣੀ ਪਤਨੀ ਮਿੱਤਰਾ ਘੋਸ਼ ਦੇ ਨਾਲ ਪਹੁੰਚੇ ਸਨ। ਇਸ ਤੋਂ ਇਲਾਵਾ ਸੰਸਦ ਮੈਂਬਰ (ਰਾਜ ਸਭਾ) ਅਤੇ ਚੰਡੀਗੜ੍ਹ ਯੂਨੀਵਰਸਿਟੀ ਦੇ ਚਾਂਸਲਰ, ਸਤਨਾਮ ਸਿੰਘ ਸੰਧੂ ਨੇ ਇਸ ਸਮਾਗਮ ਦੀ ਪ੍ਰਧਾਨਗੀ ਵਿਸ਼ੇਸ਼ ਮਹਿਮਾਨ ਵਜੋਂ ਕੀਤੀ। ਇਸ ਸਮਾਗਮ ਵਿੱਚ ਸ਼ਾਮਲ ਹੋਣ ਵਾਲੀਆਂ ਹੋਰ ਪ੍ਰਮੁੱਖ ਸ਼ਖ਼ਸੀਅਤਾਂ ਵਿੱਚ ਕੌਂਸਲ ਫਾਰ ਦ ਇੰਡੀਅਨ ਸਕੂਲ ਸਰਟੀਫਿਕੇਟ ਐਗਜ਼ਾਮੀਨੇਸ਼ਨ (ICSE) ਦੇ ਚੇਅਰਮੈਨ ਡਾ. ਜੀ. ਇਮੈਨੁਅਲ, ਗਾਇਕ, ਅਦਾਕਾਰ ਅਤੇ ਗੀਤਕਾਰ ਗੁਰਨਾਮ ਭੁੱਲਰ, ਚੰਡੀਗੜ੍ਹ ਯੂਨੀਵਰਸਿਟੀ ਦੇ ਵਾਈਸ-ਚਾਂਸਲਰ ਡਾ. ਰਵੀਰਾਜਾ ਐਨ. ਸੀਤਾਰਾਮ, ਚੰਡੀਗੜ੍ਹ ਯੂਨੀਵਰਸਿਟੀ ਦੇ ਸੀਨੀਅਰ ਮੈਨੇਜਿੰਗ ਡਾਇਰੈਕਟਰ ਦੀਪਿੰਦਰ ਸਿੰਘ ਸੰਧੂ ਅਤੇ FAP ਦੇ ਪ੍ਰਧਾਨ ਡਾ. ਜਗਜੀਤ ਸਿੰਘ ਧੂਰੀ ਸ਼ਾਮਲ ਸਨ।
ਐਫਏਪੀ ਨੈਸ਼ਨਲ ਅਵਾਰਡ 2025 ਦੇ ਪਹਿਲੇ ਦਿਨ, 18 ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ 782 ਸਕੂਲਾਂ, ਅਧਿਆਪਕਾਂ, ਪ੍ਰਿੰਸੀਪਲਾਂ ਅਤੇ ਹੋਣਹਾਰ ਵਿਦਿਆਰਥੀਆਂ ਨੂੰ ਪੁਰਸਕਾਰਾਂ ਨਾਲ ਸਨਮਾਨਿਤ ਕੀਤਾ ਗਿਆ। ਉਦਘਾਟਨੀ ਸਮਾਰੋਹ ਦੌਰਾਨ, ਲਾਈਫ ਟਾਈਮ ਅਚੀਵਮੈਂਟ, ਅਕਾਦਮਿਕ ਪ੍ਰਾਪਤੀ, ਪ੍ਰਾਈਡ ਆਫ਼ ਇੰਡੀਆ- ਅਕਾਦਮਿਕ ਪ੍ਰਾਪਤੀ ਅਤੇ ਪ੍ਰਾਈਡ ਆਫ਼ ਇੰਡੀਆ- ਸਪੋਰਟਸ ਅਚੀਵਮੈਂਟ ਐਵਾਰਡਾਂ ਸਣੇ ਕੁੱਲ 20 ਪੁਰਸਕਾਰ ਦਿੱਤੇ ਗਏ। ਇਸ ਤੋਂ ਇਲਾਵਾ, 105 ਸਕੂਲਾਂ ਦੇ 315 ਵਿਦਿਆਰਥੀਆਂ ਨੂੰ ਪ੍ਰਾਈਡ ਆਫ਼ ਇੰਡੀਆ- ਅਕਾਦਮਿਕ ਪ੍ਰਾਪਤੀ ਅਵਾਰਡ ਅਤੇ 41 ਸਕੂਲਾਂ ਨੂੰ ਖੇਡਾਂ ਵਿੱਚ ਪ੍ਰਾਪਤੀਆਂ ਲਈ ਪੁਰਸਕਾਰ ਦਿੱਤੇ ਗਏ। 356 ਵਿਦਿਆਰਥੀਆਂ ਨੂੰ ਪ੍ਰਾਈਡ ਆਫ਼ ਇੰਡੀਆ- ਸਪੋਰਟਸ ਅਚੀਵਮੈਂਟ ਐਵਾਰਡ ਵੀ ਦਿੱਤੇ ਗਏ।
ਦੋ ਦਿਨਾਂ ਪੁਰਸਕਾਰ ਸਮਾਰੋਹ ਵਿੱਚ 18 ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ, ਜਿਨ੍ਹਾਂ ਵਿੱਚ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼, ਦਿੱਲੀ, ਛੱਤੀਸਗੜ੍ਹ, ਗੁਜਰਾਤ, ਜੰਮੂ ਅਤੇ ਕਸ਼ਮੀਰ, ਝਾਰਖੰਡ, ਕਰਨਾਟਕ, ਕੇਰਲ, ਓਡੀਸ਼ਾ, ਰਾਜਸਥਾਨ, ਉੱਤਰ ਪ੍ਰਦੇਸ਼, ਚੰਡੀਗੜ੍ਹ, ਅਰੁਣਾਚਲ ਪ੍ਰਦੇਸ਼, ਅਸਾਮ ਅਤੇ ਬਿਹਾਰ ਸ਼ਾਮਲ ਹਨ, ਦੇ ਅਧਿਆਪਕਾਂ, ਵਿਦਿਆਰਥੀਆਂ ਅਤੇ ਸਕੂਲਾਂ ਨੂੰ ਪੁਰਸਕਾਰ ਦਿੱਤੇ ਜਾਣਗੇ। ਇਹ ਪੁਰਸਕਾਰ ਚਾਰ ਸ਼੍ਰੇਣੀਆਂ ਵਿੱਚ ਪੇਸ਼ ਕੀਤੇ ਜਾਣਗੇ: ਜਿਨ੍ਹਾਂ ਵਿੱਚ ਦ ਬੈਸਟ ਸਕੂਲ ਅਵਾਰਡ, ਲਾਈਫਟਾਈਮ ਅਚੀਵਮੈਂਟ ਅਵਾਰਡ, ਪ੍ਰਾਈਡ ਆਫ਼ ਸਕੂਲ ਅਵਾਰਡ ਅਤੇ ਦ ਬੈਸਟ ਸਟੂਡੈਂਟ ਅਵਾਰਡ (ਪ੍ਰਾਈਡ ਆਫ਼ ਇੰਡੀਆ) ਸ਼ਾਮਲ ਹਨ।ਸਿੱਖਿਆ, ਖੇਡਾਂ ਅਤੇ ਸੱਭਿਆਚਾਰ ਦੇ ਖੇਤਰ ਵਿੱਚ ਵਡਮੁੱਲੇ ਯੋਗਦਾਨ ਲਈ ਸਕੂਲਾਂ, ਅਧਿਆਪਕਾਂ, ਮੁੱਖ ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਇਸ ਪੁਰਸਕਾਰ ਨਾਲ ਸਨਮਾਨਤ ਕੀਤਾ ਜਾ ਰਿਹਾ ਹੈ।
ਇਸ ਦੌਰਾਨ ਆਪਣੇ ਉਦਘਾਟਨੀ ਭਾਸ਼ਣ ਵਿੱਚ, ਹਰਿਆਣਾ ਦੇ ਰਾਜਪਾਲ, ਪ੍ਰੋਫੈਸਰ ਆਸ਼ਿਮ ਕੁਮਾਰ ਘੋਸ਼ ਨੇ ਕਿਹਾ, "ਸਾਡੇ ਦੇਸ਼ ਵਿੱਚ ਸਕੂਲਾਂ ਵਿੱਚ ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਣ ਵਿੱਚ ਨਿੱਜੀ ਅਦਾਰੇ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ। ਭਾਰਤ ਵਿੱਚ ਲਗਭਗ 14.72 ਲੱਖ ਸਕੂਲਾਂ ਵਿੱਚੋਂ, 340,000 ਨਿੱਜੀ ਸਕੂਲ ਹਨ, ਜੋ ਕਿ ਭਾਰਤ ਦੇ ਕੁੱਲ ਸਕੂਲਾਂ ਦਾ 23 ਫ਼ੀਸਦੀ ਬਣਦਾ ਹੈ। ਮੇਰਾ ਯਕੀਨ ਹੈ ਕਿ FAP ਵਰਗੇ ਸੰਗਠਨਾਂ ਨੂੰ ਇਹ ਯਕੀਨੀ ਬਣਾਉਣ ਲਈ ਅੱਗੇ ਆਉਣਾ ਚਾਹੀਦਾ ਹੈ ਕਿ ਸਮਾਜ ਦੇ ਹਾਸ਼ੀਏ 'ਤੇ ਪਏ ਵਰਗਾਂ ਦੇ ਬੱਚਿਆਂ ਨੂੰ ਨਿੱਜੀ ਸਕੂਲਾਂ ਵਿੱਚ ਢੁਕਵੀਂ ਸਿੱਖਿਆ ਮੁਹੱਈਆ ਕਰਵਾਈ ਜਾਵੇ, ਜੋ ਸਿੱਖਿਆ ਵਿੱਚ ਸਮਾਨਤਾ ਅਤੇ ਸ਼ਮੂਲੀਅਤ ਨੂੰ ਉਤਸ਼ਾਹਿਤ ਕਰੇਗਾ।"
ਇਸ ਦੇ ਨਾਲ ਹੀ ਰਾਜਪਾਲ ਨੇ ਅੱਗੇ ਕਿਹਾ, “ਸਿੱਖਿਆ ਵਿੱਚ ਸਾਡੀ ਪ੍ਰਗਤੀ ਸਾਡੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਦੂਰਦਰਸ਼ੀ ਅਗਵਾਈ ਨੂੰ ਵੀ ਦਰਸਾਉਂਦੀ ਹੈ, ਜਿਨ੍ਹਾਂ ਦੇ ਇਤਿਹਾਸਕ ਸੁਧਾਰਾਂ ਦੇ ਤਹਿਤ ਭਾਰਤ ਦੀ ਸਥਿਤੀ ਨੂੰ ਇੱਕ ਗਲੋਬਲ ਸਿੱਖਿਆ ਕੇਂਦਰ ਵਜੋਂ ਮਜ਼ਬੂਤ ਕੀਤਾ ਹੈ। ਪ੍ਰਧਾਨ ਮੰਤਰੀ ਸ਼੍ਰੀ ਯੋਜਨਾ ਦੇ ਤਹਿਤ 4,500 ਤੋਂ ਵੱਧ ਸਕੂਲਾਂ ਦਾ ਆਧੁਨਿਕੀਕਰਨ ਕੀਤਾ ਗਿਆ ਹੈ, ਜਿਸ ਨਾਲ ਵਿਸ਼ਵ ਪੱਧਰੀ ਬੁਨਿਆਦੀ ਢਾਂਚਾ ਅਤੇ ਪਹੁੰਚ ਪ੍ਰਦਾਨ ਕੀਤੀ ਗਈ ਹੈ। ਕੌਮੀ ਸਿੱਖਿਆ ਨੀਤੀ ਨੇ ਖੋਜ, ਨਵੀਨਤਾ ਅਤੇ ਗਿਆਨ ਨੂੰ ਸਿੱਖਿਆ ਦੇ ਕੇਂਦਰ ਵਿੱਚ ਰੱਖਿਆ ਹੈ। ਨਤੀਜੇ ਵਜੋਂ, ਗਲੋਬਲ ਇਨੋਵੇਸ਼ਨ ਇੰਡੈਕਸ ਵਿੱਚ ਭਾਰਤ ਦੀ ਦਰਜਾਬੰਦੀ 2014 ਵਿੱਚ 81 ਤੋਂ ਸੁਧਰ ਕੇ 2025 ਵਿੱਚ 39 ਹੋ ਗਈ ਹੈ, ਜੋ ਕਿ ਇੱਕ ਮਹੱਤਵਪੂਰਨ ਪ੍ਰਾਪਤੀ ਹੈ। ਪੇਟੈਂਟ ਫਾਈਲਿੰਗ ਵਿੱਚ 31% ਦਾ ਵਾਧਾ ਹੋਇਆ ਹੈ, ਅਤੇ ਭਾਰਤ ਹੁਣ ਪਿਛਲੇ ਪੰਜ ਸਾਲਾਂ ਵਿੱਚ 1.3 ਮਿਲੀਅਨ ਅਕਾਦਮਿਕ ਖੋਜ ਪ੍ਰਕਾਸ਼ਨਾਂ ਦੇ ਨਾਲ ਵਿਸ਼ਵ ਪੱਧਰ 'ਤੇ ਚੌਥੇ ਸਥਾਨ 'ਤੇ ਹੈ। ਸੰਸਥਾਵਾਂ ਲਈ ਪੇਟੈਂਟ ਅਰਜ਼ੀ ਫੀਸਾਂ ਨੂੰ 80% ਘਟਾਉਣ ਦੇ ਸਰਕਾਰ ਦੇ ਫੈਸਲੇ ਨੇ ਇਸ ਤਬਦੀਲੀ ਨੂੰ ਤੇਜ਼ ਕੀਤਾ ਹੈ। ਇਸ ਤੋਂ ਇਲਾਵਾ, ਸਿੱਖਿਆ ਬਜਟ ₹1,28,650 ਕਰੋੜ ਦੇ ਇਤਿਹਾਸਕ ਅੰਕੜੇ 'ਤੇ ਪਹੁੰਚ ਗਿਆ ਹੈ, ਜੋ ਕਿ 2014 ਵਿੱਚ ₹79,451 ਕਰੋੜ ਸੀ। ਇਸਦਾ ਮਤਲਬ ਹੈ ਕਿ 2014 ਵਿੱਚ ₹79,451 ਕਰੋੜ ਤੋਂ, ਇਹ ਹੁਣ 2025-26 ਵਿੱਚ ਵਧ ਕੇ ₹1,228,650 ਕਰੋੜ ਹੋ ਜਾਵੇਗਾ।“
ਹੋਣਹਾਰ ਵਿਦਿਆਰਥੀਆਂ ਤੇ ਉਨ੍ਹਾਂ ਦੇ ਮਹੱਤਵਪੂਰਨ ਯੋਗਦਾਨ ਲਈ ਪ੍ਰਦਾਨ ਕੀਤੇ ਜਾ ਰਹੇ ਅਵਾਰਡਾਂ ਦੇ ਉਪਰਾਲਿਆਂ ਲਈ ਸ਼ਲਾਘਾ ਕਰਦਿਆਂ ਸੰਸਦ ਮੈਂਬਰ (ਰਾਜ ਸਭਾ) ਤੇ ਚੰਡੀਗੜ੍ਹ ਯੂਨੀਵਰਸਿਟੀ ਦੇ ਚਾਂਸਲਰ ਸਤਨਾਮ ਸਿੰਘ ਸੰਧੂ ਨੇ ਕਿਹਾ ਕਿ ਇੱਕ ਸਿੱਖਿਆ ਸ਼ਾਸਤਰੀ ਹੋਣ ਦੇ ਨਾਤੇ ਮੈਂ ਕਹਿ ਸਕਦਾ ਹਾਂ ਕਿ ਸਮਾਜ ਵਿਚ ਜੋ ਵੀ ਚੰਗਾ ਬਦਲਾਅ ਆਇਆ ਹੈ। ਉਹ ਸਾਡੇ ਅਧਿਆਪਕਾਂ ਦੇ ਵੱਡਮੁੱਲੇ ਯੋਗਦਾਨ ਕਰ ਕੇ ਆਇਆ ਹੈ ਅਤੇ ਹੁਣ ਅਸੀਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ 2047 ਤੱਕ ਵਿਕਸਿਤ ਭਾਰਤ ਦੇ ਸੁਪਨੇ ਨੂੰ ਸਾਕਾਰ ਹੁੰਦੇ ਵੇਖ ਰਹੇ ਹਾਂ।ਇਸੇ ਦਾ ਨਤੀਜਾ ਹੈ ਕਿ ਅੱਜ ਭਾਰਤ ਦੁਨੀਆ ਦੀ 11ਵੀਂ ਸਭ ਤੋਂ ਵੱਡੀ ਅਰਥ ਵਿਵਸਥਾ ਤੋਂ ਚੌਥੀ ਸਭ ਤੋਂ ਵੱਡੀ ਅਰਥ ਵਿਵਸਥਾ ਬਣ ਕੇ ਉੱਭਰਿਆ ਹੈ। ਗਰੀਬ ਤੋਂ ਗਰੀਬ ਪਿਛੋਕੜ ਵਾਲੇ ਬੱਚੇ ਵੀ ਸਿੱਖਿਆ ਦੀ ਤਾਕਤ ਨਾਲ ਤਰੱਕੀ ਦੀਆਂ ਬੁਲੰਦੀਆਂ ਨੂੰ ਛੂਹ ਸਕਦੇ ਹਨ। ਪੰਜ ਸਾਲ ਪਹਿਲਾਂ ਕਿਸੇ ਨੇ ਵੀ ਨਹੀਂ ਸੋਚਿਆ ਸੀ ਕਿ ਪ੍ਰਾਈਵੇਟ ਸਕੂਲਾਂ ਨੂੰ ਸਰਕਾਰੀ ਸਕੂਲਾਂ ਦੀ ਤਰ੍ਹਾਂ ਮਾਣ ਸਨਮਾਨ ਮਿਲੇਗਾ। ਜੋ ਇਸ ਅਵਾਰਡਾਂ ਰਾਹੀਂ ਸੰਭਵ ਹੋ ਸਕਿਆ ਹੈ।
ਸੰਧੂ ਨੇ ਕਿਹਾ ਕਿ ਰਾਸ਼ਟਰੀ ਸਿੱਖਿਆ ਨੀਤੀ-2020 ਦਾ ਉਦੇਸ਼ ਭਾਰਤ ਨੂੰ ਇੱਕ ਗਲੋਬਲ ਸਿੱਖਿਆ ਹੱਬ ਬਣਾਉਣਾ ਹੈ। ਸਾਡੀਆਂ ਵਿਦਿਅਕ ਸੰਸਥਾਵਾਂ ਅਤੇ ਅਧਿਆਪਕਾਂ ਨੂੰ ਇਸ ਟੀਚੇ ਨੂੰ ਪ੍ਰਾਪਤ ਕਰਨ ਲਈ ਸਕੂਲੀ ਸਿੱਖਿਆ, ਉੱਚ ਸਿੱਖਿਆ ਤੇ ਹੁਨਰ ਸਿੱਖਿਆ ਵਿਚ ਆਪਣਾ ਮਹੱਤਵਪੂਰਨ ਯੋਗਦਾਨ ਪਾਉਣਾ ਪਵੇਗਾ। ਮੈਂਨੂੰ ਪੂਰਾ ਯਕੀਨ ਹੈ ਕਿ ਸਾਡੇ ਅਧਿਆਪਕ ਆਪਣੇ ਯੋਗਦਾਨ ਨਾਲ ਭਾਰਤ ਨੂੰ ਗਲੋਬਲ ਸਿੱਖਿਆ ਦੇ ਹੱਬ ਵਜੋਂ ਸਥਾਪਿਤ ਕਰਨਗੇ।ਉਨ੍ਹਾਂ ਨੇ ਕਿਹਾ ਕਿ ਜਦੋਂ ਸਾਡਾ ਦੇਸ਼ ਵਿਕਸਿਤ ਰਾਸ਼ਟਰ ਬਣੇਗਾ ਤਾਂ ਦੇਸ਼ ਦਾ ਖਿੜਿਆ ਹੋਇਆ ਫੁੱਲ ਗੁਲਾਬ ਪੰਜਾਬ ਵਿਕਸਿਤ ਸੂਬਾ ਸਭ ਤੋਂ ਪਹਿਲਾ ਸਟੇਟ ਬ੍ਰਾਂਡ ਬਣੇਗਾ।
FAP ਦੇ ਪ੍ਰਧਾਨ ਡਾ. ਜਗਜੀਤ ਸਿੰਘ ਧੂਰੀ ਨੇ ਆਪਣੇ ਸੰਬੋਧਨ ਦੌਰਾਨ ਕਿਹਾ, "ਪ੍ਰਾਈਵੇਟ ਸਕੂਲ ਸਿੱਖਿਆ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ। ਇਸ ਦੇ ਬਾਵਜੂਦ, ਭਾਰਤ ਦੇ ਸਿੱਖਿਆ ਖੇਤਰ ਨੂੰ ਬਦਲਣ ਵਿੱਚ ਉਨ੍ਹਾਂ ਦੇ ਯੋਗਦਾਨ ਨੂੰ ਨਜ਼ਰਅੰਦਾਜ਼ ਕੀਤਾ ਗਿਆ ਹੈ। ਨਿੱਜੀ ਸਕੂਲ ਅਧਿਆਪਕਾਂ ਨੇ ਆਪਣੇ ਸਮਰਪਣ ਅਤੇ ਸਖ਼ਤ ਮਿਹਨਤ ਸਦਕਾ ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਣ ਵਿੱਚ ਅਹਿਮ ਭੂਮਿਕਾ ਨਿਭਾਈ ਹੈ, ਪਰ ਉਨ੍ਹਾਂ ਦੀ ਇਸ ਅਹਿਮ ਭੂਮਿਕਾ ਨੂੰ ਸਨਮਾਨ ਨਹੀਂ ਮਿਲਿਆ। ਇਸ ਲਈ, FAP ਪੁਰਸਕਾਰਾਂ ਦਾ ਉਦੇਸ਼ ਇਨ੍ਹਾਂ ਪੁਰਸਕਾਰਾਂ ਰਾਹੀਂ ਨਿੱਜੀ ਸਕੂਲਾਂ ਅਤੇ ਉਨ੍ਹਾਂ ਦੇ ਅਧਿਆਪਕਾਂ ਨੂੰ ਸਮਾਜ ਵਿੱਚ ਸਹੀ ਮਾਨਤਾ ਦੇਣਾ ਹੈ। ਇਹ ਪਹਿਲ ਨਾ ਸਿਰਫ਼ ਉਨ੍ਹਾਂ ਨਿੱਜੀ ਸਕੂਲਾਂ ਦੇ ਯਤਨਾਂ ਨੂੰ ਮਾਨਤਾ ਦਿੰਦੀ ਹੈ ਜੋ ਵੱਡੀਆਂ ਉਚਾਈਆਂ 'ਤੇ ਪਹੁੰਚ ਗਏ ਹਨ, ਸਗੋਂ ਹੋਰ ਸਕੂਲਾਂ ਨੂੰ ਅਕਾਦਮਿਕ, ਖੇਡਾਂ, ਸੱਭਿਆਚਾਰਕ ਵਿਰਾਸਤ, ਬੁਨਿਆਦੀ ਢਾਂਚੇ ਅਤੇ ਸਹੂਲਤਾਂ ਵਿੱਚ ਪ੍ਰਾਪਤੀਆਂ ਲਈ ਮੁਕਾਬਲਾ ਕਰਨ ਲਈ ਵੀ ਉਤਸ਼ਾਹਿਤ ਕਰਦੀ ਹੈ।"
ਉਨ੍ਹਾਂ ਅੱਗੇ ਕਿਹਾ, “ਸਾਨੂੰ ਮਾਣ ਹੈ ਕਿ FAP ਦੁਨੀਆ ਦਾ ਇਕਲੌਤਾ ਵਿਦਿਅਕ ਫੈਡਰੇਸ਼ਨ ਬਣ ਗਿਆ ਹੈ ਜਿਸਨੇ 2021 ਤੋਂ 2025 ਦੇ ਵਿਚਕਾਰ ਅਕਾਦਮਿਕ, ਖੇਡਾਂ ਅਤੇ ਸੱਭਿਆਚਾਰਕ ਖੇਤਰਾਂ ਵਿੱਚ ਉਨ੍ਹਾਂ ਦੀਆਂ ਪ੍ਰਾਪਤੀਆਂ ਲਈ ਭਾਰਤ ਭਰ ਦੇ 11001 ਮੈਨੇਜਮੈਂਟ ਮੈਂਬਰਾਂ, ਪ੍ਰਿੰਸੀਪਲਾਂ, ਅਧਿਆਪਨ ਅਤੇ ਗੈਰ-ਅਧਿਆਪਨ ਸਟਾਫ਼ ਅਤੇ ਵਿਦਿਆਰਥੀਆਂ ਨੂੰ FAP ਰਾਸ਼ਟਰੀ ਪੁਰਸਕਾਰਾਂ ਨਾਲ ਸਨਮਾਨਿਤ ਕੀਤਾ ਹੈ, ਉਹ ਵੀ ਬਿਨਾਂ ਕਿਸੇ ਪ੍ਰਾਪਤਕਰਤਾ ਨੂੰ ਕੋਈ ਵਿੱਤੀ ਖਰਚਾ ਕੀਤੇ।ਇਸ ਰਿਕਾਰਡ ਨੂੰ ਕਾਇਮ ਕਰਨ ਲਈ ਅੱਜ ਸਾਨੂੰ ਨੋਬਲ ਵਰਲਡ ਰਿਕਾਰਡਜ਼ ਪ੍ਰਾਇਵੇਟ ਲਿਮਟਿਡ ਦੇ ਸੀਈਓ ਡਾ. ਅਰਵਿੰਦ ਲਕਸ਼ਮੀਨਾਰਾਇਣ ਵੱਲੋਂ 5ਵੇਂ ਐਫ਼ਏਪੀ ਕੌਮੀ ਪੁਰਸਕਾਰ 2025 ਦੇ ਉਦਘਾਟਨ ਦੌਰਾਨ ਦਿੱਤਾ ਗਿਆ, ਜੋ ਕਿ ਸਾਡੇ ਲਈ ਬੜੇ ਹੀ ਮਾਣ ਵਾਲੀ ਗੱਲ ਹੈ।