Babushahi Special : ਪੰਥਕ ਏਜੰਡੇ ਰਾਹੀਂ ਝਾੜੂ ਦੇ ਤੀਲਿਆਂ ਨੂੰ ਮਜਬੂਤ ਕਰਨ ਲੱਗੀ ਆਪ ਦੀ ਸਰਕਾਰ
ਅਸ਼ੋਕ ਵਰਮਾ
ਬਠਿੰਡਾ, 28 ਨਵੰਬਰ 2025 : ਕੀ ਆਮ ਆਦਮੀ ਪਾਰਟੀ ਪੰਥਕ ਏਜੰਡੇ ਨੂੰ ਮਜਬੂਤ ਕਰਕੇ ਸਾਲ 2027 ਦੀਆਂ ਵਿਧਾਨ ਸਭਾ ਚੋਣਾਂ ਲਈ ਰੋਡ ਮੈਪ ਤਿਆਰ ਕਰ ਰਹੀ ਹੈ। ਪੰਜਾਬ ਸਰਕਾਰ ਵੱਲੋਂ ਪਿਛੋਕੜ ’ਚ ਲਏ ਫੈਸਲਿਆਂ ਅਤੇ ਭਵਿੱਖ ਦੇ ਐਲਾਨਾਂ ਦੀ ਪੁਣਛਾਣ ਕਰੀਏ ਤਾਂ ਇੰਨ੍ਹਾਂ ਤੱਥਾਂ ਦੇ ਸਹੀ ਹੋਣ ’ਚ ਰਤਾ ਸ਼ੱਕ ਨਹੀਂ ਰਹਿ ਜਾਂਦਾ ਹੈ। ਤਾਜਾ ਮਾਮਲਾ ਹਿੰਦ ਦੀ ਚਾਦਰ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਵੇਂ ਸ਼ਹੀਦੀ ਦਿਹਾੜੇ ਸਬੰਧੀ ਸਮਾਗਮਾਂ ਤੋਂ ਮਿਲਦੀ ਹੈ ਜੋ ਸਰਕਾਰੀ ਤੌਰ ਤੇ ਧੂਮ ਧਾਮ ਤੇ ਸ਼ਰਧਾ ਭਾਵਨਾ ਨਾਲ ਕਰਵਾਏ ਗਏ ਹਨ। ਸਿਆਸੀ ਮਾਹਿਰਾਂ ਦਾ ਕਹਿਣਾ ਹੈ ਕਿ ਹਾਕਮ ਧਿਰ ਜੋ ਮਰਜੀ ਕਹੇ ਪਰ ਕਿਤੇ ਨਾਂ ਕਿਤੇ ਇਸ ਪਿੱਛੇ ਏਜੰਡਾ ਸਿਆਸੀ ਹੀ ਨਜ਼ਰ ਆਉਂਦਾ ਹੈ। ਇਸ ਦੀ ਮਿਸਾਲ ਇਸ ਮੌਕੇ ਕੀਤੇ ਉਸ ਐਲਾਨ ਤੋਂ ਮਿਲਦੀ ਹੈ ਜਿਸ ’ਚ 351 ਵਾਂ ਸ਼ਹੀਦੀ ਦਿਹਾੜਾ ਵੀ ਸਰਕਾਰੀ ਤੌਰ ਤੇ ਮਨਾਉਣ ਬਾਰੇ ਕਿਹਾ ਗਿਆ ਹੈ।
ਸਮਾਗਮਾਂ ਦੇ ਚਲਦਿਆਂ ਹੋਏ ਵਿਧਾਨ ਸਭਾ ਦੇ ਵਿਸ਼ੇਸ਼ ਸੈਸ਼ਨ ਦੌਰਾਨ ਮੁੱਖ ਮੰਤਰੀ ਵੱਲੋਂ ਪੰਜਾਬ ’ਚ ਸਥਿਤ ਤਿੰਨਾਂ ਤਖਤਾਂ ਦੇ ਗਲਿਆਰਿਆਂ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਦੇਣ ਦਾ ਐਲਾਨ ਕੀਤਾ ਗਿਆ ਹੈ। ਇਹੋ ਕਾਰਨ ਹੈ ਕਿ ਇੰਨ੍ਹਾਂ ਫੈਸਲਿਆਂ ਦੀ ਰੌਸ਼ਨੀ ’ਚ ਇਹੋ ਮੰਨਿਆ ਜਾ ਰਿਹਾ ਹੈ ਕਿ ਆਮ ਆਦਮੀ ਪਾਰਟੀ ਜਿੱਥੇ ਆਪਣੀ ਪੰਥਕ ਪਕੜ ਮਜਬੂਤ ਕਰਨ ਲੱਗੀ ਹੋਈ ਹੈ ਉੱਥੇ ਹੀ ਸਾਲ 2027 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਸੱਤਾ ’ਚ ਵਾਪਸੀ ਦਾ ਰਾਹ ਪੱਧਰਾ ਕੀਤਾ ਜਾ ਰਿਹਾ ਹੈ। ਦਰਅਸਲ ਪੰਜਾਬ ਦੇ ਸਿਆਸੀ ਮੌਦਾਨ ’ਚ ਪੰਥਕ ਏਜੰਡਿਆਂ ਦੀ ਹਮੇਸ਼ਾ ਤੋਂ ਹੀ ਅਹਿਮ ਭੂਮਿਕਾ ਰਹੀ ਹੈ। ਇਸ ਤੋਂ ਪਹਿਲਾਂ ਸਿਰਫ ਸ਼੍ਰੋਮਣੀ ਅਕਾਲੀ ਦਲ ਹੀ ਪੰਥਕ ਸਿਆਸਤ ’ਚ ਆਪਣਾ ਚੋਖਾ ਪ੍ਰਭਾਵ ਰੱਖਦਾ ਆਇਆ ਹੈ । ਇਹ ਪਹਿਲੀ ਵਾਰ ਹੋਇਆ ਹੈ ਕਿ ਪੰਜਾਬ ਦੀ ਕੋਈ ਦੂਸਰੀ ਸਿਆਸੀ ਧਿਰ ਪੰਥਕ ਰਾਜਨੀਤੀ ਵਿੱਚ ਆਪਣੀਆਂ ਜੜਾਂ ਨੂੰ ਮਜਬੂਤ ਕਰਨ ਦੇ ਰਾਹ ਪਈ ਹੈ
ਆਪਣੀ ਇਸੇ ਰਣਨੀਤੀ ਤਹਿਤ ਸ੍ਰੀ ਆਨੰਦਪੁਰ ਸਾਹਿਬ ਦੀ ਪਵਿੱਤਰ ਧਰਤੀ ਵਿਖੇ ਕਰਵਾਏ ਸਮਾਗਮਾਂ ਦੌਰਾਨ ਨਾਂ ਕੇਵਲ ਸਾਲ 2027 ’ਚ ਆਮ ਆਦਮੀ ਪਾਰਟੀ ਦੀ ਜਿੱਤ ਅਤੇ ਭਗਵੰਤ ਮਾਨ ਦੀ ਮੁੜ ਤੋਂ ਸਰਦਾਰੀ ਲਈ ਅਰਦਾਸ ਕੀਤੀ ਗਈ ਬਲਕਿ ਮੰਚ ਤੋਂ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਮਾਨ ਸਰਕਾਰ ਦੀਆਂ ਉਪਲਬਧੀਆਂ ਸੰਗਤ ਦੇ ਸਾਹਮਣੇ ਰੱਖੀਆਂ। ਕੇਜਰੀਵਾਲ ਨੇ ਸੰਗਤਾਂ ਅੱਗੇ ਹੱਥ ਜੋੜਕੇ ਕਿਹਾ ਕਿ ‘ਆਪ’ ਸਰਕਾਰ ਪੈਸੇ ਕਮਾਉਣ ਲਈ ਨਹੀਂ ਸਗੋਂ ਪੁੰਨ ਕਮਾਉਣ ਲਈ ਆਈ ਹੈ। ਇਸ ਮੌਕੇ ਕੇਜਰੀਵਾਲ ਨੇ ਗੁਰੂਆਂ ਅਤੇ ਸਿੱਖ ਸੰਗਤ ਤੋਂ ਪੰਜਾਬ ਦੀ ਖੁਸ਼ਹਾਲੀ ,ਤਰੱਕੀ ਅਤੇ ਆਮ ਆਦਮੀ ਪਾਰਟੀ ਦੀ ਚੜ੍ਹਦੀ ਕਲਾ ਲਈ ਆਸ਼ੀਰਵਾਦ ਮੰਗਿਆ। ਰੌਚਕ ਗੱਲ ਇਹ ਵੀ ਹੈ ਕਿ ਮੰਚ ਤੋਂ ਕੇਜਰੀਵਾਲ ਅਤੇ ਮਾਨ ਨੇ ਸੰਗਤਾਂ ਨੂੰ ਇਹ ਅਹਿਸਾਸ ਕਰਵਾਉਣ ਦੀ ਕੋਸ਼ਿਸ਼ ਕੀਤੀ ਕਿ ਪਾਰਟੀ ਰਾਜ ਕਰਨ ਲਈ ਨਹੀਂ ਬਲਕਿ ਪੰਥ ਦੀ ਸੱਚੀ ਸੇਵਾ ਕਰਨ ਦੇ ਜਜਬਾ ਨਾਲ ਅੱਗੇ ਵਧ ਰਹੀ ਹੈ।
ਇਸ ਮੌਕੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ,ਮੈਂਬਰ ਪਾਰਲੀਮੈਂਟ ਮਾਲਵਿੰਦਰ ਸਿੰਘ ਕੰਗ , ਸੈਰ ਸਪਾਟਾ ਮੰਤਰੀ ਤਰੁਣਪ੍ਰੀਤ ਸਿੰਘ ਸੌਂਦ ਅਤੇ ਕੈਬਨਿਟ ਵਜ਼ੀਰ ਅਮਨ ਅਰੋੜਾ ਨੇ ਵੀ ਸੰਗਤ ਨੂੰ ਪ੍ਰਮਾਤਮਾਂ ਦਾ ਰੂਪ ਕਰਾਰ ਦਿੰਦਿਆਂ ਸੰਗਤ ਤੋਂ ਹਮੇਸ਼ਾ ਸੰਗਤਾਂ ਦੀ ਸੇਵਾ ’ਚ ਰਹਿਣ ਦਾ ਆਸ਼ੀਰਵਾਦ ਮੰਗਿਆ। ਇਸ ਮੌਕੇ ਆਪਣੇ ਸੰਬੋਧਨਾਂ ਦੌਰਾਨ ਸਮੂਹ ਆਗੂਆਂ ਦੀ ਪੰਥਕ ਸੁਰ ਭਾਰੂ ਨਜ਼ਰ ਆਈ। ਅਸਲ ਵਿੱਚ ਆਮ ਆਦਮੀ ਪਾਰਟੀ ਨੇ ਪੰਥਕ ਏਜੰਡੇ ਦਾ ਪਹਿਲਾ ਸਫਲ ਤਜ਼ਰਬਾ ਤਰਨ ਤਾਰਨ ਜਿਮਨੀ ਚੋਣ ਜਿੱਤਣ ਲਈ ਕੀਤਾ ਸੀ। ਇਸੇ ਰਣਨੀਤੀ ਨੂੰ ਅੱਗੇ ਵਧਾਉਂਦਿਆਂ ਪੰਜਾਬ ਸਰਕਾਰ ਨੇ ਪਹਿਲੀ ਵਾਰ ਵਿਧਾਨ ਸਭਾ ਦਾ ਸੈਸ਼ਨ ਚੰਡੀਗੜ੍ਹ ਤੋਂ ਬਾਹਰ ਖਾਲਸੇ ਦੀ ਧਰਤੀ ਅਤੇ ਪਵਿੱਤਰ ਨਗਰੀ ਸ੍ਰੀ ਆਨੰਦਪੁਰ ਸਾਹਿਬ ਵਿਖੇ ਕਰਵਾਇਆ ਹੈ। ਇਸ ਤੋਂ ਇਲਾਵਾ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪੰਜਾਬ ਤੋਂ ਬਾਹਰਲੀਆਂ ਥਾਵਾਂ ਸ੍ਰੀਨਗਰ ਅਤੇ ਦਿੱਲੀ ’ਚ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਨੂੰ ਸਮਰਪਿਤ ਸਮਾਗਮ ਕਰਵਾਏ ਹਨ।
ਤੀਰਥ ਯਾਤਰਾ ਦੀ ਸ਼ੁਰੂਆਤ
ਪੰਜਾਬ ਸਰਕਾਰ ਵੱਲੋਂ ਇੱਕ ਵਾਰ ਫਿਰ ਤੋਂ ਸ਼ੁਰੂ ਕੀਤੀ ਗਈ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਵੀ ਇਸੇ ਲੜੀ ਦਾ ਹਿੱਸਾ ਦੱਸੀ ਜਾ ਰਹੀ ਹੈ। ਹਾਲਾਂਕਿ ਇਸ ਸਕੀਮ ਤਹਿਤ ਹਰ ਧਰਮ ਦੇ ਸ਼ਰਧਾਲੂ ਸ਼ਾਮਲ ਕੀਤੇ ਗਏ ਹਨ ਪਰ ਸੱਤਾਧਾਰੀ ਧਿਰ ਦੀਆਂ ਨਜ਼ਰ ਸਿੱਖ ਸੰਗਤ ਵੱਲ ਹੈ ਜੋ ਪੰਜਾਬ ਦੀ ਸੱਤਾ ’ਚ ਅਹਿਮ ਭੂਮਿਕਾ ਨਿਭਾਉਂਦੀ ਹੈ। ਸੂਬੇ ਦੇ ਸਰਕਾਰੀ ਸਕੂਲਾਂ ਵਿੱਚ ਸਵੇਰ ਦੀ ਸਭਾ ਦੌਰਾਨ ਬੱਚਿਆਂ ਨੂੰ ਗੁਰੂ ਸਾਹਿਬ ਦੀਆਂ ਕੁਰਬਾਨੀਆਂ ਬਾਰੇ ਲਗਾਤਾਰ ਇੱਕ ਮਹੀਨੇ ਤੱਕ ਜਾਣਕਾਰੀ ਦੇਣਾ ਵੀ ਇਸੇ ਰਣਨੀਤੀ ਦਾ ਭਾਗ ਹੈ ਅਤੇ ਸ੍ਰੀ ਆਨੰਦਪੁਰ ਸਾਹਿਬ ਵਿਖੇ ਹੈਰੀਟੇਜ਼ ਸਟਰੀਟ ਬਨਾਉਣ ਦਾ ਐਲਾਨ ਵੀ ਇਸੇ ਦਿਸ਼ਾ ’ਚ ਜਾਪਦਾ ਹੈ
ਅਕਾਲੀ ਦਲ ਲਈ ਖਤਰੇ ਦੀ ਘੰਟੀ
ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਭਗਵੰਤ ਮਾਨ ਵੱਲੋਂ ਸ਼ੁਰੂ ਕੀਤਾ ਗਿਆ ਪੰਥਕ ਏਜੰਡਾ ਖੁਦ ਨੂੰ ਪੰਥ ਦੀ ਪ੍ਰਤੀਨਿਧਤਾ ਕਰਨ ਦਾ ਦਾਅਵਾ ਕਰਨ ਵਾਲੇ ਸ਼੍ਰੋਮਣੀ ਅਕਾਲੀ ਦਲ ਦੇ ਸਿਆਸੀ ਵਜੂਦ ਲਈ ਖਤਰੇ ਦੀ ਘੰਟੀ ਸਾਬਤ ਹੋ ਸਕਦਾ ਹੈ ਜੋ ਪਹਿਲਾਂ ਹੀ ਘੁੰਮਣਘੇਰੀਆਂ ’ਚ ਫਸਿਆ ਹੋਇਆ ਹੈ। ਸ਼੍ਰੋਮਣੀ ਅਕਾਲੀ ਦਲ ਨੂੰ ਤਾਂ ਆਪੇ ਹੀ ਘੇਰਾ ਪਾਈ ਬੈਠੇ ਹਨ ਉੱਪਰੋਂ ਹਾਕਮ ਧਿਰ ਅਕਾਲੀਆਂ ਦੇ ਰਾਹ ਤੁਰਨ ਲੱਗੀ ਹੈ ਜਿਸ ਦੇ ਨਤੀਜੇ 2027 ’ਚ ਨਜ਼ਰ ਆਉਣ ਦੀ ਸੰਭਾਵਨਾ ਰੱਦ ਨਹੀਂ ਕੀਤੀ ਜਾ ਸਕਦੀ ਹੈ।