ਸਰਬਜੀਤ ਸਿੰਘ ਝਿੰਜਰ ਅਤੇ ਜਸਮੇਰ ਸਿੰਘ ਲਾਛੜੂ ਨੇ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਨਾਲ ਮੁਲਾਕਾਤ ਕਰ ਕੇ ਨਵੀਂ ਸੌਂਪੀ ਜ਼ਿੰਮੇਵਾਰੀ ਲਈ ਕੀਤਾ ਧੰਨਵਾਦ
5 ਜ਼ਿਲ੍ਹਾ ਪ੍ਰੀਸ਼ਦਾਂ ਦੇ ਨਾਲ-ਨਾਲ ਘਨੌਰ ਅਤੇ ਸ਼ੰਭੂ ਦੀਆਂ 35 ਬਲਾਕ ਸੰਮਤੀਆਂ ਸ਼ਾਨਦਾਰ ਬਹੁਮਤ ਨਾਲ ਜਿਤਵਾ ਕੇ ਸ਼੍ਰੋਮਣੀ ਅਕਾਲੀ ਦਲ ਦੀ ਝੋਲੀ ਪਾਵਾਂਗੇ:ਝਿੰਜਰ
28 ਨਵੰਬਰ 2025, ਚੰਡੀਗੜ੍ਹ
ਅੱਜ ਸ਼੍ਰੋਮਣੀ ਅਕਾਲੀ ਦਲ ਯੂਥ ਦੇ ਪ੍ਰਧਾਨ ਸ. ਸਰਬਜੀਤ ਸਿੰਘ ਝਿੰਜਰ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਜਥੇਦਾਰ ਜਸਮੇਰ ਸਿੰਘ ਲਾਛੜੂ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਜੀ ਨਾਲ ਖਾਸ ਮੁਲਾਕਾਤ ਕੀਤੀ। ਇਸ ਮੌਕੇ ਦੋਵਾਂ ਨੇ ਉਨ੍ਹਾਂ ਵੱਲੋਂ ਸੌਂਪੀ ਗਈ ਜ਼ਿੰਮੇਵਾਰੀ ਅਤੇ ਭਰੋਸੇ ਲਈ ਮਨੋਂ ਧੰਨਵਾਦ ਪ੍ਰਗਟ ਕੀਤਾ।
ਦੱਸ ਦੇਈਏ ਕਿ ਹਾਲ ਹੀ ਵਿੱਚ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਜੀ ਨੇ ਜਥੇਦਾਰ ਜਸਮੇਰ ਸਿੰਘ ਲਾਛੜੂ ਨੂੰ ਮੀਤ ਪ੍ਰਧਾਨ ਅਤੇ ਸ. ਸਰਬਜੀਤ ਸਿੰਘ ਝਿੰਜਰ ਨੂੰ ਹਲਕਾ ਘਨੌਰ ਦਾ ਇੰਚਾਰਜ ਨਿਯੁਕਤ ਕੀਤਾ ਹੈ। ਇਹ ਨਿਯੁਕਤੀਆਂ ਅਕਾਲੀ ਦਲ ਦੇ ਜਥੇਬੰਦੀ ਪੱਖ ਨੂੰ ਹੋਰ ਮਜ਼ਬੂਤ ਕਰਨ ਵਿੱਚ ਵੱਡਾ ਯੋਗਦਾਨ ਪਾਉਣਗੀਆਂ।
ਮੁਲਾਕਾਤ ਦੌਰਾਨ ਸ. ਸਰਬਜੀਤ ਸਿੰਘ ਝਿੰਜਰ ਨੇ ਭਰੋਸਾ ਦਿਵਾਇਆ ਕਿ ਉਹ ਪੂਰੀ ਤਨ–ਮਨ–ਧਨ ਨਾਲ ਹਲਕੇ ਵਿੱਚ ਅਕਾਲੀ ਦਲ ਨੂੰ ਮਜ਼ਬੂਤ ਕਰਨ ਲਈ ਕੰਮ ਕਰਨਗੇ। ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਪਾਰਟੀ ਨਾਲ ਜੁੜਨ ਲਈ ਪ੍ਰੇਰਿਤ ਕਰਨਾ ਅਤੇ ਸੰਗਠਨਕ ਢਾਂਚੇ ਨੂੰ ਮਜ਼ਬੂਤ ਕਰਨਾ ਉਨ੍ਹਾਂ ਦੀ ਪਹਿਲੀ ਪ੍ਰਥਮਿਕਤਾ ਹੋਵੇਗੀ।
ਇਸ ਮੌਕੇ ਝਿੰਜਰ ਨੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਜੀ ਦੀ ਲੀਡਰਸ਼ਿਪ, ਦੂਰਦਰਸ਼ਤਾ ਅਤੇ ਲੋਕ ਸੇਵਾ ਦੇ ਪ੍ਰਤੀ ਨਿਸ਼ਠਾ ਦੀ ਖਾਸ ਤਾਰੀਫ਼ ਕੀਤੀ। ਉਨ੍ਹਾਂ ਨੇ ਕਿਹਾ ਕਿ ਸ. ਬਾਦਲ ਜੀ ਨੇ ਹਮੇਸ਼ਾ ਪਾਰਟੀ ਨੂੰ ਮਜ਼ਬੂਤੀ ਨਾਲ ਅੱਗੇ ਵਧਾਉਣ ਲਈ ਨਵੇਂ ਵਿਚਾਰ, ਯੋਜਨਾਵਾਂ ਅਤੇ ਨਵੀਂ ਟੀਮ ਨੂੰ ਪ੍ਰੋਤਸਾਹਨ ਦਿੱਤਾ ਹੈ। ਉਨ੍ਹਾਂ ਦੀ ਸੂਝ-ਬੂਝ ਅਤੇ ਲੋਕਾਂ ਦੇ ਮੁੱਦਿਆਂ ਨੂੰ ਸਮਝਣ ਦੀ ਕਾਬਲੀਅਤ ਨੇ ਹਮੇਸ਼ਾ ਹਲਕੇ ਅਤੇ ਜ਼ਮੀਨੀ ਪੱਧਰ ‘ਤੇ ਅਕਾਲੀ ਦਲ ਦੀ ਸਾਖ ਨੂੰ ਮਜ਼ਬੂਤ ਬਣਾਇਆ ਹੈ। ਉਨ੍ਹਾਂ ਕਿਹਾ ਕਿ ਸ. ਸੁਖਬੀਰ ਸਿੰਘ ਬਾਦਲ ਦੀ ਪ੍ਰੇਰਣਾ ਅਤੇ ਸਲਾਹ ਨਾਲ ਉਹ ਪਾਰਟੀ ਦੇ ਹਰੇਕ ਵਰਕਰ ਨੂੰ ਸੰਗਠਨ ਵਿੱਚ ਜੋੜ ਕੇ ਹਲਕੇ ਵਿੱਚ ਅਕਾਲੀ ਦਲ ਦੀ ਪਹੁੰਚ ਹੋਰ ਵਧਾਉਣਗੇ।
ਜਥੇਦਾਰ ਜਸਮੇਰ ਸਿੰਘ ਲਾਛੜੂ ਅਤੇ ਸ. ਝਿੰਜਰ ਨੇ ਇੱਕ ਸੁਰ ਵਿੱਚ ਕਿਹਾ ਕਿ ਨਵੀਂ ਜ਼ਿੰਮੇਵਾਰੀ ਮਿਲਣ ਤੋਂ ਬਾਅਦ ਉਹ ਹੁਣ ਹੋਰ ਵੀ ਦੋਗੁਣੇ ਜੋਸ਼ ਨਾਲ ਕੰਮ ਕਰਨਗੇ ਅਤੇ ਆਉਣ ਵਾਲੇ ਚੋਣ ਸਮੇਂ 5 ਜ਼ਿਲ੍ਹਾ ਪ੍ਰੀਸ਼ਦਾਂ ਦੇ ਨਾਲ-ਨਾਲ ਘਨੌਰ ਅਤੇ ਸ਼ੰਭੂ ਦੀਆਂ 35 ਬਲਾਕ ਸੰਮਤੀਆਂ ਸ਼ਾਨਦਾਰ ਬਹੁਮਤ ਨਾਲ ਜਿਤਵਾ ਕੇ ਸ਼੍ਰੋਮਣੀ ਅਕਾਲੀ ਦਲ ਦੀ ਝੋਲੀ ਪਾਉਣਗੇ।
ਝਿੰਜਰ ਨੇ ਕਿਹਾ ਕਿ ਸਿਰਫ਼ ਚੋਣਾਂ ਲਈ ਨਹੀਂ, ਸਾਲ ਭਰ ਲੋਕਾਂ ਦੇ ਮੁੱਦਿਆਂ 'ਤੇ ਹਰ ਹਲਕੇ ਵਿੱਚ ਕੰਮ ਕੀਤਾ ਜਾਵੇਗਾ। ਹਲਕੇ ਦੇ ਹਰ ਇਲਾਕੇ ਵਿੱਚ ਸਿੱਧੇ ਜਾ ਕੇ ਲੋਕਾਂ ਦੇ ਦਰਦ ਸੁਣੇ ਜਾਣਗੇ ਅਤੇ ਹੱਲ ਪ੍ਰਦਾਨ ਕੀਤਾ ਜਾਵੇਗਾ। ਸਾਡਾ ਮਕਸਦ ਸਿਰਫ਼ ਰਾਜਨੀਤੀ ਨਹੀਂ—ਪੰਥ, ਪੰਜਾਬੀਅਤ ਅਤੇ ਕਿਸਾਨੀ ਦੀ ਸੁਰੱਖਿਆ ਸਾਡੀ ਪਹਿਲੀ ਜ਼ਿੰਮੇਵਾਰੀ ਹੈ। ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਜੀ ਇਨ੍ਹਾਂ ਸਾਰਿਆਂ ਮੁੱਦਿਆਂ 'ਤੇ ਸਪੱਸ਼ਟ ਅਤੇ ਦ੍ਰਿੜ੍ਹ ਸਟੈਂਡ ਰੱਖਦੇ ਹਨ ਅਤੇ ਅਸੀਂ ਉਸ ਦਿਸ਼ਾ ’ਚ ਹੀ ਕੰਮ ਕਰਾਂਗੇ। ਉਨ੍ਹਾਂ ਕਿਹਾ ਕਿ ਹਰ ਪਿੰਡ ਵਿੱਚ ਮੀਟਿੰਗਾਂ ਹੋਣਗੀਆਂ। ਸਿਰਫ਼ ਕਾਗਜ਼ਾਂ 'ਤੇ ਨਹੀਂ—ਜ਼ਮੀਨੀ ਕੰਮ ਦਿਖਾਉਣ ਦਾ ਸਮਾਂ ਆ ਗਿਆ ਹੈ।
ਇਸ ਮੁਲਾਕਾਤ ਦੌਰਾਨ ਦੋਵੇਂ ਨੇਤਾਵਾਂ ਨੇ ਇਹ ਵੀ ਸਪੱਸ਼ਟ ਕੀਤਾ ਕਿ ਅਕਾਲੀ ਦਲ ਦੀ ਵਿਚਾਰਧਾਰਾ ਨੂੰ ਘਨੌਰ, ਸ਼ੰਭੂ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਘਰ–ਘਰ ਤੱਕ ਪਹੁੰਚਾਉਣ ਲਈ ਵਿਸ਼ੇਸ਼ ਜਨ-ਜਾਗਰੂਕਤਾ ਮੁਹਿੰਮ ਚਲਾਈ ਜਾਵੇਗੀ। ਉਨ੍ਹਾਂ ਕਿਹਾ ਕਿ ਅਜੋਕੇ ਸਮੇਂ ਵਿੱਚ ਲੋਕ ਸਾਫ-ਸੁਥਰੀ ਰਾਜਨੀਤੀ, ਇਮਾਨਦਾਰ ਲੀਡਰਸ਼ਿਪ ਅਤੇ ਜ਼ਮੀਨੀ ਕੰਮ ਦੀ ਉਮੀਦ ਕਰਦੇ ਹਨ ਅਤੇ ਅਕਾਲੀ ਦਲ ਲੋਕਾਂ ਦੀਆਂ ਉਮੀਦਾਂ 'ਤੇ ਖਰਾ ਉਤਰਣ ਦੇ ਪੂਰੇ ਯੋਗ ਹੈ। ਪਿੰਡਾਂ ਵਿੱਚ ਬੁਨਿਆਦੀ ਢਾਂਚੇ ਦੀ ਮਜ਼ਬੂਤੀ, ਕਿਸਾਨਾਂ ਦੇ ਹੱਕਾਂ ਦੀ ਰੱਖਿਆ, ਨੌਜਵਾਨਾਂ ਨੂੰ ਰੁਜ਼ਗਾਰ ਨਾਲ ਜੋੜਨਾ ਅਤੇ ਧਾਰਮਿਕ ਸਥਾਨਾਂ ਦੀ ਸੰਭਾਲ—ਇਹ ਚਾਰੇ ਮੋਰਚੇ ਨਵੀਂ ਟੀਮ ਦੀ ਖਾਸ ਤਵੱਜੋ ਰਹਿਣਗੇ। ਦੋਵਾਂ ਨੇਤਾਵਾਂ ਨੇ ਭਰੋਸਾ ਦਿਵਾਇਆ ਕਿ ਉਹ ਸੰਗਠਨ ਦੇ ਹਰ ਵਰਕਰ ਨੂੰ ਨਾਲ ਲੈ ਕੇ ਚੱਲਣਗੇ, ਤਾਂ ਜੋ ਅਕਾਲੀ ਦਲ ਮੁੜ ਮਜ਼ਬੂਤੀ ਨਾਲ ਖੜ੍ਹੇ ਹੋ ਕੇ ਲੋਕਾਂ ਦੀਆਂ ਉਮੀਦਾਂ ਨੂੰ ਪੂਰਾ ਕਰ ਸਕੇ।
ਝਿੰਜਰ ਨੇ ਤਰਨਤਾਰਨ ਜ਼ਿਮਨੀ ਚੋਣਾਂ ਬਾਰੇ ਬੋਲਦਿਆਂ ਕਿਹਾ ਕਿ ਤਰਨਤਾਰਨ ਵਿੱਚ ਸ਼੍ਰੋਮਣੀ ਅਕਾਲੀ ਦਲ ਦਾ ਦੂਜੇ ਨੰਬਰ 'ਤੇ ਆਉਣਾ ਇਹ ਸਪੱਸ਼ਟ ਕਰਦਾ ਹੈ ਲੋਕ ਅਜੇ ਵੀ ਸ਼੍ਰੋਮਣੀ ਅਕਾਲੀ ਦਲ 'ਤੇ ਪੂਰਾ ਭਰੋਸਾ ਰੱਖਦੇ ਹਨ। ਇਸ ਨਤੀਜੇ ਨੇ ਸਾਬਤ ਕਰ ਦਿੱਤਾ ਹੈ ਕਿ ਅਕਾਲੀ ਦਲ ਦੀ ਜੜ੍ਹ ਅੱਜ ਵੀ ਲੋਕਾਂ ਦੇ ਦਿਲਾਂ ਵਿੱਚ ਮਜ਼ਬੂਤੀ ਨਾਲ ਵਸੀ ਹੋਈ ਹੈ। ਉਨ੍ਹਾਂ ਕਿਹਾ ਕਿ ਇਹ ਪ੍ਰਦਰਸ਼ਨ ਨਾ ਸਿਰਫ਼ ਵਰਕਰਾਂ ਦੇ ਹੌਸਲੇ ਨੂੰ ਵਧਾਉਂਦਾ ਹੈ, ਸਗੋਂ ਇਹ ਵੀ ਦਰਸਾਉਂਦਾ ਹੈ ਕਿ ਲੋਕ ਵਿਕਾਸ, ਸਿਧਾਂਤਾਂ ਵਾਲੀ ਰਾਜਨੀਤੀ ਅਤੇ ਪੰਥਕ ਸੂਝ ਵਾਲੇ ਅਕਾਲੀ ਦਲ ਨੂੰ ਮੁੜ ਅੱਗੇ ਲਿਆਉਣ ਲਈ ਤਤਪਰ ਹਨ। ਇਹ ਨਤੀਜਾ ਅਸਲ ਵਿੱਚ ਲੋਕਾਂ ਵੱਲੋਂ ਦਿੱਤਾ ਗਿਆ ਇਹ ਸਪੱਸ਼ਟ ਸੰਦੇਸ਼ ਹੈ ਕਿ ਸ਼੍ਰੋਮਣੀ ਅਕਾਲੀ ਦਲ ਹੀ ਉਨ੍ਹਾਂ ਦੀ ਭਰੋਸੇਯੋਗ ਅਤੇ ਮਨਪਸੰਦ ਪਾਰਟੀ ਹੈ।