ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸੰਮਤੀ ਚੋਣਾਂ ਆਪਣੇ ਚੋਣ ਨਿਸ਼ਾਨ 'ਝਾੜੂ' 'ਤੇ ਲੜੇਗੀ 'AAP' : ਕੁਲਦੀਪ ਧਾਲੀਵਾਲ
ਧਾਲੀਵਾਲ ਨੇ ਹਲਕਾ ਅਜਨਾਲਾ ਦੇ 18 ਪਿੰਡਾਂ 'ਚ 6 ਕਰੋੜ ਦੀ ਲਾਗਤ ਵਾਲੇ ਵਿਕਾਸ ਕਾਰਜਾਂ ਦੇ ਰੱਖੇ ਨੀਂਹ ਪੱਥਰ
ਬਾਬੂਸ਼ਾਹੀ ਬਿਊਰੋ ਅੰਮ੍ਰਿਤਸਰ/ਅਜਨਾਲਾ, 27 ਨਵੰਬਰ, 2025: ਆਮ ਆਦਮੀ ਪਾਰਟੀ ਦੀ ਪੰਜਾਬ ਇਕਾਈ ਦੇ ਮੁੱਖ ਬੁਲਾਰੇ ਅਤੇ ਸਾਬਕਾ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਵਿਧਾਨ ਸਭਾ ਹਲਕਾ ਅਜਨਾਲਾ ਵਿੱਚ ਵਿਕਾਸ ਦੀ ਰਫ਼ਤਾਰ ਨੂੰ ਤੇਜ਼ ਕਰਦਿਆਂ 18 ਪਿੰਡਾਂ ਵਿੱਚ ਕਰੋੜਾਂ ਰੁਪਏ ਦੇ ਵਿਕਾਸ ਕਾਰਜਾਂ ਦੀ ਸ਼ੁਰੂਆਤ ਕੀਤੀ। ਇਸ ਦੌਰਾਨ ਉਨ੍ਹਾਂ ਨੇ ਆਉਣ ਵਾਲੀਆਂ ਸਥਾਨਕ ਚੋਣਾਂ ਬਾਰੇ ਪਾਰਟੀ ਦੀ ਰਣਨੀਤੀ ਵੀ ਸਪੱਸ਼ਟ ਕੀਤੀ।
10 ਖੇਡ ਸਟੇਡੀਅਮ ਅਤੇ 8 ਨਵੀਆਂ ਸੜਕਾਂ ਦਾ ਨੀਂਹ ਪੱਥਰ
ਵਿਧਾਇਕ ਧਾਲੀਵਾਲ ਨੇ ਹਲਕੇ ਵਿੱਚ ਲਗਭਗ 6 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਖੇਡ ਸਟੇਡੀਅਮਾਂ ਅਤੇ ਸੜਕਾਂ ਦੇ ਨੀਂਹ ਪੱਥਰ ਰੱਖੇ।
1. ਖੇਡ ਸਟੇਡੀਅਮ: ਪਿੰਡ ਘੁਕੇਵਾਲੀ, ਮਹਿਲਾਂਵਾਲਾ, ਸਹਿੰਸਰਾ ਕਲਾਂ, ਦੁਧਰਾਏ, ਤੇੜਾ ਕਲਾਂ, ਤੇੜਾ ਖੁਰਦ, ਝੰਡੇਰ, ਤਲਵੰਡੀ ਨਾਹਰ, ਚੱਕ ਸਿਕੰਦਰ ਅਤੇ ਮਾਕੋਵਾਲ।
2. ਨਵੀਆਂ ਸੜਕਾਂ: ਪੰਧੇਰ ਤੋਂ ਨਵਾਂ ਪਿੰਡ, ਨਿਜਾਮਪੁਰਾ ਤੋਂ ਚੱਕ ਸਿਕੰਦਰ, ਡਿਆਲ ਭੜੰਗ ਤੋਂ ਬਾਠ, ਡਿਆਲ ਭੜੰਗ ਤੋਂ ਦਿਆਲਪੁਰਾ, ਮਾਕੋਵਾਲ ਤੋਂ ਗੁਰਦੁਆਰਾ ਮਨਸਾ ਪੂਰਨ, ਨਾਨੋਕੇ ਤੋਂ ਮਾਕੋਵਾਲ, ਅਬੂਸੈਦ ਤੋਂ ਨਾਨੋਕੇ ਡੇਰੇ ਅਤੇ ਗੱਗੋਮਾਹਲ ਤੋਂ ਗੁਰਦੁਆਰਾ ਲੰਗੋਮਾਹਲ ਤੱਕ।
'ਝਾੜੂ' ਦੇ ਨਿਸ਼ਾਨ 'ਤੇ ਲੜੀਆਂ ਜਾਣਗੀਆਂ ਚੋਣਾਂ
ਆਪਣੇ ਸੰਬੋਧਨ ਦੌਰਾਨ ਧਾਲੀਵਾਲ ਨੇ ਸਪੱਸ਼ਟ ਕੀਤਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਪਾਰਟੀ ਪ੍ਰਧਾਨ ਅਮਨ ਅਰੋੜਾ ਦੀ ਅਗਵਾਈ ਹੇਠ ਪ੍ਰਸਤਾਵਿਤ ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸੰਮਤੀ ਦੀਆਂ ਚੋਣਾਂ ਪਾਰਟੀ ਆਪਣੇ ਚੋਣ ਨਿਸ਼ਾਨ 'ਝਾੜੂ' 'ਤੇ ਹੀ ਲੜੇਗੀ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਹੋਈਆਂ ਗ੍ਰਾਮ ਪੰਚਾਇਤ ਚੋਣਾਂ ਪਾਰਟੀ ਨੇ ਚੋਣ ਨਿਸ਼ਾਨ ਤੋਂ ਬਿਨਾਂ ਲੜੀਆਂ ਸਨ।
ਦਸੰਬਰ ਦੇ ਦੂਜੇ ਹਫ਼ਤੇ ਹੋ ਸਕਦੀਆਂ ਹਨ ਚੋਣਾਂ
ਉਨ੍ਹਾਂ ਸੰਭਾਵਨਾ ਪ੍ਰਗਟਾਈ ਕਿ ਇਹ ਚੋਣਾਂ ਦਸੰਬਰ ਦੇ ਦੂਜੇ ਹਫ਼ਤੇ ਹੋ ਸਕਦੀਆਂ ਹਨ। ਪੰਜਾਬ ਸਰਕਾਰ ਨੇ ਰਾਜ ਚੋਣ ਕਮਿਸ਼ਨ ਨੂੰ 5 ਦਸੰਬਰ ਤੱਕ ਚੋਣਾਂ ਕਰਵਾਉਣ ਲਈ ਰਸਮੀ ਪੱਤਰ ਭੇਜਿਆ ਹੈ। ਇਹ ਪੇਂਡੂ ਖੇਤਰ ਦੀਆਂ ਸਭ ਤੋਂ ਵੱਡੀਆਂ ਚੋਣਾਂ ਹੋਣਗੀਆਂ, ਜਿਸ ਵਿੱਚ ਕਰੀਬ 13,236 ਗ੍ਰਾਮ ਪੰਚਾਇਤਾਂ ਦੇ ਵੋਟਰ ਹਿੱਸਾ ਲੈਣਗੇ। ਵੋਟਾਂ ਬੈਲਟ ਪੇਪਰ ਰਾਹੀਂ ਪੈਣਗੀਆਂ।
ਵਿਕਾਸ ਲਈ ਖਜ਼ਾਨੇ ਦਾ ਮੂੰਹ ਖੁੱਲ੍ਹਾ
ਧਾਲੀਵਾਲ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸੂਬੇ ਭਰ ਵਿੱਚ 3000 ਖੇਡ ਸਟੇਡੀਅਮਾਂ ਲਈ 1100 ਕਰੋੜ ਰੁਪਏ ਮਨਜ਼ੂਰ ਕੀਤੇ ਗਏ ਹਨ। ਹਲਕਾ ਅਜਨਾਲਾ ਦੇ 34 ਪਿੰਡਾਂ ਲਈ 10 ਕਰੋੜ ਤੋਂ ਵੱਧ ਦੀ ਰਾਸ਼ੀ ਜਾਰੀ ਹੋ ਚੁੱਕੀ ਹੈ। ਇਸੇ ਤਰ੍ਹਾਂ ਸੜਕਾਂ ਲਈ ਰੱਖੇ ਗਏ 4150 ਕਰੋੜ ਰੁਪਏ ਵਿੱਚੋਂ ਹਲਕਾ ਅਜਨਾਲਾ ਨੂੰ ਪਹਿਲੇ ਪੜਾਅ ਵਿੱਚ 58 ਕਰੋੜ ਰੁਪਏ ਮਿਲੇ ਹਨ।
ਇਸ ਮੌਕੇ ਖੁਸ਼ਪਾਲ ਸਿੰਘ ਧਾਲੀਵਾਲ, ਪੀ.ਏ. ਮੁਖਤਾਰ ਸਿੰਘ ਬਲੜਵਾਲ, ਚੇਅਰਮੈਨ ਬਲਦੇਵ ਸਿੰਘ ਬੱਬੂ ਚੇਤਨਪੁਰਾ, ਬੀਡੀਪੀਓ ਅਜਨਾਲਾ ਸਿਤਾਰਾ ਸਿੰਘ ਵਿਰਕ ਅਤੇ ਹੋਰ ਪਤਵੰਤੇ ਹਾਜ਼ਰ ਸਨ