ਲੋਕ ਵਿਰੋਧੀ ਤਾਕਤਾਂ ਦੇ ਲੋਕ-ਜਮਹੂਰੀ ਆਵਾਜ਼ਾਂ ਦੀ ਜ਼ੁਬਾਨਬੰਦੀ ਦੇ ਮਨਸੂਬੇ ਕਾਮਯਾਬ ਨਹੀਂ ਹੋਣਗੇ
ਐਡਵੋਕੇਟ ਅਮਨਦੀਪ ਕੌਰ ਦੀ ਪਿੱਠ 'ਤੇ ਖੜ੍ਹੀ ਹੈ ਸਮੁੱਚੀ ਜਨਤਕ ਜਮਹੂਰੀ ਲਹਿਰ।
ਜਲੰਧਰ 21 ਨਵੰਬਰ 2025 : ਓਪਰੇਸ਼ਨ ਗਰੀਨ ਹੰਟ ਵਿਰੋਧੀ ਜਮਹੂਰੀ ਫਰੰਟ ਦੀ ਸੂਬਾ ਕਮੇਟੀ ਨੇ ਐਡਵੋਕੇਟ ਅਮਨਦੀਪ ਕੌਰ ਨੂੰ ਅਗਿਆਤ ਫ਼ੋਨ ਤੋਂ ਕਾਲ ਕਰਕੇ ਧਮਕੀਆਂ ਦੇਣ, ਗਾਲੀ-ਗਲੋਚ ਕਰਨ, ਆਰਐੱਸਐੱਸ ਦੇ ਵਿਰੁੱਧ ਨਾ ਬੋਲਣ, ਪਾਕਿਸਤਾਨ ਦੀ ਏਜੰਟ ਕਹਿਣ ਅਤੇ ਦੇਸ਼ ਛੱਡ ਜਾਣ ਦੇ ਹੁਕਮ ਸੁਣਾਉਣ ਦਾ ਗੰਭੀਰ ਨੋਟਿਸ ਲੈਂਦਿਆਂ ਇਸਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕੀਤੀ ਹੈ। ਫਰੰਟ ਦੇ ਕਨਵੀਨਰਾਂ ਡਾ. ਪਰਮਿੰਦਰ ਸਿੰਘ, ਪ੍ਰੋਫੈਸਰ ਏਕੇ ਮਲੇਰੀ, ਬੂਟਾ ਸਿੰਘ ਮਹਿਮੂਦਪੁਰ ਅਤੇ ਯਸ਼ਪਾਲ ਨੇ ਪ੍ਰੈੱਸ ਬਿਆਨ ਜਾਰੀ ਕਰਕੇ ਕਿਹਾ ਕਿ ਲੋਕਪੱਖੀ ਵਕੀਲ ਅਮਨਦੀਪ ਕੌਰ ਜਮਹੂਰੀ ਫਰੰਟ ਅਤੇ ਜਮਹੂਰੀ ਅਧਿਕਾਰ ਸਭਾ ਦੀ ਸੂਬਾ ਕਮੇਟੀ ਮੈਂਬਰ ਹੈ ਜੋ ਯੂਨੀਵਰਸਿਟੀ ਦੀ ਰਾਖੀ ਲਈ ਆਵਾਜ਼ ਬੁਲੰਦ ਕਰਕੇ ਬਤੌਰ ਜਾਗਰੂਕ ਨਾਗਰਿਕ ਆਪਣਾ ਫਰਜ਼ ਨਿਭਾ ਰਹੀ ਹੈ।
ਪੰਜਾਬ ਦਾ ਹਰ ਜਾਗਰੂਕ ਵਸਨੀਕ ਅਜਿਹੀਆਂ ਧਮਕੀਆਂ ਤੋਂ ਬੇਪ੍ਰਵਾਹ ਹੋ ਕੇ ਕੇਂਦਰੀਕਰਨ ਅਤੇ ਸਿੱਖਿਆ ਦੇ ਭਗਵਾਕਰਨ ਵਿਰੁੱਧ ਨਿਧੜਕ ਆਵਾਜ਼ ਉਠਾਉਂਦਾ ਰਹੇਗਾ ਅਤੇ ਪੰਜਾਬ ਦੇ ਲੋਕ ਪੰਜਾਬ ਯੂਨੀਵਰਸਿਟੀ ਨੂੰ ਕੇਂਦਰ ਦੇ ਤਾਨਾਸ਼ਾਹ ਕੰਟਰੋਲ ਹੇਠ ਲਿਆਉਣ ਦੀ ਆਰਐੱਸਐੱਸ-ਭਾਜਪਾ ਦੀ ਸਾਜ਼ਿਸ਼ ਨੂੰ ਕਦੇ ਵੀ ਕਾਮਯਾਬ ਨਹੀਂ ਹੋਣ ਦੇਣਗੇ। ਲੋਕ ਵਿਰੋਧੀ ਤਾਕਤਾਂ ਨੂੰ ਚੇਤੇ ਰੱਖਣਾ ਚਾਹੀਦਾ ਹੈ ਕਿ ਪੰਜਾਬ ਦੀ ਜਨਤਕ ਜਮਹੂਰੀ ਲਹਿਰ ਹਮੇਸ਼ਾ ਵਿਚਾਰਾਂ ਦੀ ਆਜ਼ਾਦੀ ਦੇ ਹੱਕ ਵਿਚ ਡੱਟਦੀ ਆਈ ਹੈ। ਫਾਸ਼ੀਵਾਦੀ ਧਮਕੀਆਂ ਤੋਂ ਡਰਕੇ ਇਹ ਨਾ ਕਦੇ ਖ਼ਾਮੋਸ਼ ਹੋਈ ਹੈ ਅਤੇ ਨਾ ਹੋਵੇਗੀ। ਐਡਵੋਕੇਟ ਅਮਨਦੀਪ ਕੌਰ ਵਰਗੇ ਰੋਸ਼ਨ-ਖਿ਼ਆਲ ਚਿੰਤਕ ਸਾਡੇ ਸਮਾਜ ਦਾ ਵਡਮੁੱਲਾ ਬੌਧਿਕ ਸਰਮਾਇਆ ਹਨ ਅਤੇ ਉਨ੍ਹਾਂ ਦੇ ਨਾਲ ਖੜ੍ਹਨਾ ਪੰਜਾਬ ਦੀ ਸਮੁੱਚੀ ਜਨਤਕ ਜਮਹੂਰੀ ਲਹਿਰ ਆਪਣਾ ਫਰਜ਼ ਸਮਝਦੀ ਹੈ।
ਫਰੰਟ ਮੰਗ ਕਰਦਾ ਹੈ ਕਿ ਪੰਜਾਬ ਯੂਨੀਵਰਸਿਟੀ ਨੂੰ ਬਚਾਉਣ ਲਈ ਜੂਝ ਰਹੇ ਵਿਦਿਆਰਥੀਆਂ ਅਤੇ ਪੰਜਾਬ ਦੇ ਲੋਕਾਂ ਦੇ ਵਾਜਬ ਸੰਘਰਸ਼ ਵਿਚ ਅੜਿੱਕੇ ਖੜ੍ਹੇ ਕਰਨ ਵਾਲਾ ਚੰਡੀਗੜ੍ਹ ਪੁਲਿਸ-ਪ੍ਰਸ਼ਾਸਨ ਤਮਾਸ਼ਬੀਨ ਬਣਕੇ ਅਜਿਹੇ ਸਮਾਜ ਵਿਰੋਧੀ ਅਨਸਰਾਂ ਦੀ ਪੁਸ਼ਤਪਨਾਹੀ ਕਰਨਾ ਬੰਦ ਕਰੇ ਅਤੇ ਧਮਕੀ ਦੇਣ ਵਾਲਿਆਂ ਦੀ ਸ਼ਨਾਖ਼ਤ ਕਰਕੇ ਉਨ੍ਹਾਂ ਵਿਰੁੱਧ ਕਾਰਵਾਈ ਕਰੇ।
ਜਾਰੀ ਕਰਤਾ: ਡਾ. ਪਰਮਿੰਦਰ ਸਿੰਘ 95010-25030, ਪ੍ਰੋਫੈਸਰ ਏਕੇ ਮਲੇਰੀ 98557-00310, ਬੂਟਾ ਸਿੰਘ ਮਹਿਮੂਦਪੁਰ 94634-74342, ਯਸ਼ਪਾਲ 98145-35005