ਬਲਵੰਤ ਗਾਰਗੀ ਆਡੀਟੋਰੀਅਮ ਵਿਖੇ ਤਿੰਨ ਰੋਜ਼ਾ ਰਾਜ-ਪੱਧਰੀ ਨਾਟਕ ਮੇਲਾ 11 ਤੋਂ 13 ਨਵੰਬਰ ਤੱਕ
ਅਸ਼ੋਕ ਵਰਮਾ
ਬਠਿੰਡਾ, 10 ਨਵੰਬਰ 2025: ਪੰਜਾਬ ਸਰਕਾਰ ਦੀ ਰਹਿਨੁਮਾਈ ਹੇਠ, ਭਾਸ਼ਾ ਵਿਭਾਗ ਪੰਜਾਬ ਦੇ ਡਾਇਰੈਕਟਰ ਸ. ਜਸਵੰਤ ਸਿੰਘ ਜ਼ਫ਼ਰ ਦੇ ਦਿਸ਼ਾਂ-ਨਿਰਦੇਸ਼ਾਂ ਅਨੁਸਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਬਠਿੰਡਾ ਤੇ ਨਗਰ ਨਿਗਮ ਬਠਿੰਡਾ ਦੇ ਸਹਿਯੋਗ ਸਦਕਾ ਪੰਜਾਬੀ ਮਾਹ-2025 ਅਧੀਨ ਰਾਜ-ਪੱਧਰੀ ਨਾਟਕ ਮੇਲਾ 11 ਨਵੰਬਰ, 2025 ਤੋਂ 13 ਨਵੰਬਰ, 2025 ਤੱਕ ਰੋਜ਼ਾਨਾ ਸ਼ਾਮ 07 ਵਜੇ ਤੋਂ ਬਲਵੰਤ ਗਾਰਗੀ ਆਡੀਟੋਰੀਅਮ ਬਠਿੰਡਾ ਵਿਖੇ ਕਰਵਾਇਆ ਜਾ ਰਿਹਾ ਹੈ।
ਇਸ ਬਾਰੇ ਵਿਸਥਾਰ ਵਿੱਚ ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਭਾਸ਼ਾ ਅਫ਼ਸਰ ਕੀਰਤੀ ਕਿਰਪਾਲ ਨੇ ਦੱਸਿਆ ਕਿ ਇਸ ਮੇਲੇ ਵਿੱਚ ਪੰਜਾਬ, ਪੰਜਾਬੀ, ਪੰਜਾਬੀਅਤ, ਸੱਭਿਆਚਾਰ ਅਤੇ ਜ਼ਿੰਦਗੀ ਦੇ ਸੱਚ ਨੂੰ ਦਰਸਾਉਂਦੇ ਨਾਟਕਾਂ ਦੀ ਪੇਸ਼ਕਾਰੀ ਕੀਤੀ ਜਾਵੇਗੀ। ਇਹ ਨਾਟਕ ਨਾਟਿਅਮ ਪੰਜਾਬ ਅਤੇ ਨਟਰੰਗ ਅਬੋਹਰ ਦੀਆਂ ਟੀਮਾਂ ਵੱਲੋਂ ਖੇਡੇ ਜਾਣਗੇ। ਇਸ ਦੀ ਐਂਟਰੀ ਮੁਫਤ ਹੋਵੇਗੀ।
ਮੇਲੇ ਦੌਰਾਨ ਜ਼ਿਲ੍ਹਾ ਭਾਸ਼ਾ ਦਫ਼ਤਰ ਬਠਿੰਡਾ ਵੱਲੋਂ ਪੁਸਤਕ ਪ੍ਰਦਰਸ਼ਨੀ ਵੀ ਲਗਾਈ ਜਾਵੇਗੀ। ਰੋਜ਼ਾਨਾ ਨਾਟਕ ਤੋਂ ਪਹਿਲਾਂ ਹੋਣ ਵਾਲਾ ਓਪਨ ਮਾਈਕ ਸੈਸ਼ਨ ਖਿੱਚ ਦਾ ਕੇਂਦਰ ਰਹੇਗਾ। ਉਨ੍ਹਾਂ ਜਨ-ਸਮੂਹ ਨੂੰ ਹੁੰਮ-ਹੁਮਾ ਕੇ ਇਸ ਮੇਲੇ ਵਿੱਚ ਪਹੁੰਚਣ ਦੀ ਅਪੀਲ ਕੀਤੀ।