“ਚੌਕਸੀ:-ਸਾਡੀ ਸਾਂਝੀ ਜਿੰਮੇਵਾਰੀ’’ ਦਾ ਨਾਅਰਾ, ਲੋਕਾਂ ਨੂੰ ਰਿਸ਼ਵਤਖੋਰੀ ਖਿਲਾਫ ਡਟਣ ਦਾ ਸੱਦਾ
ਪ੍ਰਮੋਦ ਭਾਰਤੀ
ਨਵਾਂ ਸ਼ਹਿਰ 27 ਅਕਤੂਬਰ,2025
ਵਿਜੀਲੈਂਸ ਬਿਊਰੋ ਵੱਲੋਂ “ਚੌਕਸੀ:-ਸਾਡੀ ਸਾਂਝੀ ਜਿੰਮੇਵਾਰੀ’’ ਸਲੋਗਨ ਤਹਿਤ ਪੰਜਾਬ ਭਰ ’ਚ ਮਨਾਏ ਜਾਣ ਵਾਲੇ ਵਿਜੀਲੈਂਸ ਜਾਗਰੂਕਤਾ ਹਫਤੇ ਦੀ ਅੱਜ ਇੱਥੇ ਸ਼ੁਰੂਆਤ ਕਰਦਿਆਂ ਬਿਊਰੋ ਦੇ ਸਥਾਨਕ ਯੂਨਿਟ ਵੱਲੋਂ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਭ੍ਰਿਸ਼ਟਾਚਾਰ ਵਿਰੁੱਧ ਡਟਣ ਲਈ ਅਹਿਦ ਦਿਵਾਇਆ ਗਿਆ ।
ਜਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਵਿਜੀਲੈਂਸ ਜਾਗਰੂਕਤਾ ਹਫਤੇ ਦੀ ਸ਼ੁਰੂਆਤ ਦੌਰਾਨ ਵਧੀਕ ਡਿਪਟੀ ਕਮਿਸ਼ਨਰ ਅਵਨੀਤ ਕੌਰ, ਡੀ.ਐਸ.ਪੀ. ਵਿਜੀਲੈਂਸ ਲਖਵਿੰਦਰ ਸਿੰਘ ਔਜਲਾ ਅਤੇ ਐਸ.ਡੀ.ਐਮ. ਅਨਮਜਯੋਤ ਕੌਰ ਦੀ ਮੌਜੂਦਗੀ ਵਿੱਚ ਭ੍ਰਿਸ਼ਟਾਚਾਰ ਦੇ ਖਾਤਮੇ ਦਾ ਸੰਕਲਪ ਲਿਆ ਗਿਆ । ਡੀ.ਐਸ.ਪੀ. ਲਖਵਿੰਦਰ ਸਿੰਘ ਔਜਲਾ ਨੇ ਦੱਸਿਆ ਕਿ ਰਾਸ਼ਟਰੀ ਐਂਟੀ ਕੁਰੱਪਸ਼ਨ ਕਮਿਸ਼ਨ ਦੇ ਨਿਰਦੇਸ਼ਾਂ ’ਤੇ ਦੇਸ਼ ਭਰ ਵਿੱਚ 2 ਨਵੰਬਰ ਤੱਕ ਵਿਜੀਲੈਂਸ ਜਾਗਰੂਕਤਾ ਹਫਤਾ ਮਨਾਇਆ ਜਾ ਰਿਹਾ ਹੈ ਜਿਸ ਤਹਿਤ ਵਿਜੀਲੈਂਸ ਬਿਊਰੋ ਦੇ ਮੁੱਖ ਡਾਇਰੈਕਟਰ ਪ੍ਰਵੀਨ ਕੁਮਾਰ ਸਿਨਹਾ ਅਤੇ ਵਿਜੀਲੈਂਸ ਬਿਊਰੋ ਰੇਂਜ ਜਲੰਧਰ ਦੇ ਸੀਨੀਅਰ ਕਪਤਾਨ ਪੁਲਿਸ ਹਰਪ੍ਰੀਤ ਸਿੰਘ ਮੰਡੇਰ ਦੀਆਂ ਹਦਾਇਤਾਂ ’ਤੇ ਸ਼ਹੀਦ ਭਗਤ ਸਿੰਘ ਨਗਰ ਵਿੱਚ ਚੌਕਸੀ ਬਾਰੇ ਵੱਖ-ਵੱਖ ਸਰਗਰਮੀਆਂ ਕਰਵਾਈਆਂ ਜਾਣਗੀਆਂ । ਉਨ੍ਹਾਂ ਦੱਸਿਆ ਕਿ ਇਸ ਵਾਰ ਦਾ ਸਲੋਗਨ “ਚੌਕਸੀ:-ਸਾਡੀ ਸਾਂਝੀ ਜਿੰਮੇਵਾਰੀ’’ ਦਰਸਾਉਂਦਾ ਹੈ ਕਿ ਰਿਸ਼ਵਤਖੋਰੀ ਦੇ ਖਾਤਮੇ ਲਈ ਸਾਰਿਆਂ ਨੂੰ ਇੱਕਮੁੱਠ ਹੋ ਕੇ ਕੰਮ ਕਰਨਾ ਚਾਹੀਦਾ ਹੈ ਤਾਂ ਜੋ ਇਸ ਅਲਾਮਤ ਨੂੰ ਖਤਮ ਕੀਤਾ ਜਾ ਸਕੇ ।
ਡੀ.ਐਸ.ਪੀ. ਲਖਵਿੰਦਰ ਸਿੰਘ ਔਜਲਾ ਨੇ ਦੱਸਿਆ ਕਿ ਅੱਜ ਲਏ ਸੰਕਲਪ ਵਿੱਚ ਜਾਣੂ ਕਰਵਾਇਆ ਗਿਆ ਕਿ ਰਿਸ਼ਵਤਖੋਰੀ ਦੇਸ਼ ਦੀ ਹਰ ਪੱਖੋਂ ਤਰੱਕੀ ਦੇ ਰਾਹ ਵਿੱਚ ਅੜਿੱਕੇ ਖੜੀ ਕਰਦੀ ਹੈ । ਉਨ੍ਹਾਂ ਕਿਹਾ ਕਿ ਲੋਕਾਂ ਨੂੰ ਹਮੇਸਾ ਚੌਕਸ ਰਹਿਣਾ ਚਾਹੀਦਾ ਹੈ ਤਾਂ ਜੋ ਇਮਾਨਦਾਰੀ ਦੇ ਪਾਸਾਰ ਨਾਲ ਹਰ ਖੇਤਰ ਵਿੱਚ ਕੰਮ ਹੋਣ ਨੂੰ ਯਕੀਨੀ ਬਣਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਲੋਕਾਂ ਦੀ ਚੌਕਸੀ ਦੇ ਨਾਲ-ਨਾਲ ਇਹ ਤਹੱਈਆ ਕਰਨਾ ਚਾਹੀਦਾ ਹੈ ਕਿ ਉਹ ਕਦੇ ਵੀ ਰਿਸ਼ਵਤ ਨਾ ਦੇਣ ਦੇ ਨਾਲ-ਨਾਲ ਆਪਣੇ ਕੰਮ ਇਮਾਨਦਾਰੀ ਅਤੇ ਪਾਰਦਰਸ਼ੀ ਢੰਗ ਨਾਲ ਵਿਧੀ-ਵਿਧਾਨ ਮੁਤਾਬਕ ਕਰਵਾਉਣਗੇ । ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਕੋਈ ਵੀ ਵਿਅਕਤੀ ਸਰਕਾਰੀ ਦਫਤਰਾਂ ਵਿੱਚ ਕੰਮ ਕਰਵਾਉਣ ਲਈ ਰਿਸ਼ਵਤਖੋਰੀ ਦੀ ਮੰਗ ਕਰਦਾ ਹੈ ਤਾਂ ਉਸ ਬਾਰੇ ਤੁਰੰਤ ਸੂਚਨਾ ਵਿਜੀਲੈਂਸ ਬਿਊਰੋ ਨੂੰ ਦਿੱਤੀ ਜਾਵੇ ਤਾਂ ਜੋ ਬਣਦੀ ਕਾਰਵਾਈ ਕੀਤੀ ਜਾ ਸਕੇ ।
ਮੰਗਲਵਾਰ ਨੂੰ ਸਥਾਨਕ ਡੀ.ਏ.ਐਨ. ਕਾਲਜ ਆਫ ਐਜੂਕੇਸ਼ਨ ਫਾਰ ਵਿਮੈਨ ਵਿਖੇ ਕਰਵਾਏ ਜਾਣ ਵਾਲੇ ਸਮਾਗਮ ਬਾਰੇ ਦੱਸਦਿਆਂ ਲਖਵਿੰਦਰ ਸਿੰਘ ਔਜਲਾ ਨੇ ਕਿਹਾ ਕਿ ਜਾਗਰੂਕਤਾ ਹਫਤੇ ਦੀ ਲੜੀ ਤਹਿਤ ਰੋਜਾਨਾ ਸਮਾਗਮ ਕਰਵਾਏ ਜਾਣਗੇ । ਉਨ੍ਹਾਂ ਦੱਸਿਆ ਕਿ 28 ਅਕਤੂਬਰ ਨੂੰ ਹੋਣ ਵਾਲੇ ਸਮਾਗਮ ਵਿੱਚ ਜਿਲ੍ਹਾ ਪ੍ਰਸ਼ਾਸ਼ਨ ਦੇ ਸੀਨੀਅਰ ਅਧਿਕਾਰੀਆਂ ਤੋਂ ਇਲਾਵਾ ਵਿਜੀਲੈਂਸ ਬਿਊਰੋ ਜਲੰਧਰ ਰੇਂਜ ਦੇ ਐਸ.ਐਸ.ਪੀ. ਹਰਪ੍ਰੀਤ ਸਿੰਘ ਮੰਡੇਰ ਉਚੇਚੇ ਤੌਰ ਤੇ ਸ਼ਿਰਕਤ ਕਰਨਗੇ ਅਤੇ ਲੋਕਾਂ ਨੂੰ ਵਿਜੀਲੈਂਸ ਬਿਊਰੋ ਦੀਆਂ ਗਤੀਵਿਧੀਆਂ ਤੋਂ ਜਾਣੂ ਕਰਵਾਉਣਗੇ । ਇਸ ਮੌਕੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ/ਕਰਮਚਾਰੀ ਵੀ ਮੌਜੂਦ ਸਨ।