Canada: ਗ਼ਜ਼ਲ ਮੰਚ ਸਰੀ ਦੀ ਸ਼ਾਇਰਾਨਾ ਸ਼ਾਮ ਨੇ ਸ਼ਾਇਰੀ ਪ੍ਰੇਮੀਆਂ ਦੀਆਂ ਰੂਹਾਂ ਨੂੰ ਟੁੰਬਿਆ
ਹਰਦਮ ਮਾਨ
ਸਰੀ, 17 ਅਕਤੂਬਰ 2025 – ਸਰੀ ਆਰਟ ਸੈਂਟਰ ਵਿਖੇ ਬੀਤੇ ਐਤਵਾਰ ਸ਼ਾਮ ਹੋਈ ਗ਼ਜ਼ਲ ਮੰਚ ਸਰੀ ਦੀ ਸਾਲਾਨਾ ਸ਼ਾਇਰਾਨਾ ਸ਼ਾਮ–2025 ਨੇ ਸੈਂਕੜੇ ਸ਼ਾਇਰੀ-ਪ੍ਰੇਮੀਆਂ ਦੇ ਦਿਲਾਂ ਵਿੱਚ ਇਕ ਨਵੀਂ ਰੌਸ਼ਨੀ ਭਰ ਦਿੱਤੀ। ਤਾੜੀਆਂ ਦੀ ਗੂੰਜ ਤੇ ਸ਼ਬਦਾਂ ਦੀ ਖੁਸ਼ਬੂ ਨੇ ਮਿਲ ਕੇ ਹਾਲ ਵਿੱਚ ਅਜਿਹਾ ਕਾਵਿਕ ਮਾਹੌਲ ਸਿਰਜਿਆ ਜੋ ਸਿੱਧਾ ਸਰੋਤਿਆਂ ਦੀਆਂ ਰੂਹਾਂ ਤੱਕ ਉਤਰ ਗਿਆ।
ਸ਼ਾਇਰਾਨਾ ਸ਼ਾਮ ਦੀ ਪ੍ਰਧਾਨਗੀ ਪ੍ਰਸਿੱਧ ਸ਼ਾਇਰ ਦਰਸ਼ਨ ਬੁੱਟਰ (ਪ੍ਰਧਾਨ ਕੇਂਦਰੀ ਪੰਜਾਬੀ ਲੇਖਕ ਸਭਾ), ਗ਼ਜ਼ਲ ਮੰਚ ਦੇ ਪ੍ਰਧਾਨ ਜਸਵਿੰਦਰ, ਵਿਸ਼ਵ ਪੰਜਾਬੀ ਸਾਹਿਤ ਅਕਾਦਮੀ ਕੈਲੀਫੋਰਨੀਆ ਦੇ ਪ੍ਰਧਾਨ ਕੁਲਵਿੰਦਰ, ਪਾਕਿਸਤਾਨ ਤੋਂ ਆਈ ਮਹਿਮਾਨ ਸ਼ਾਇਰਾ ਤਾਹਿਰਾ ਸਰਾ, ਇੰਗਲੈਂਡ ਤੋਂ ਵਿਸ਼ੇਸ਼ ਤੌਰ ‘ਤੇ ਪੁੱਜੇ ਸ਼ਾਇਰ ਅਜ਼ੀਮ ਸ਼ੇਖਰ, ਅਤੇ ਪੰਜਾਬੀ-ਉਰਦੂ ਦੇ ਨਾਮਵਰ ਸ਼ਾਇਰ ਦਸ਼ਮੇਸ਼ ਗਿੱਲ ਫਿਰੋਜ਼ ਨੇ ਕੀਤੀ। ਰਾਜਵੰਤ ਰਾਜ ਨੇ ਸਵਾਗਤੀ ਸ਼ਬਦ ਕਹੇ ਅਤੇ ਮੰਚ ਦੀਆਂ ਸਰਗਰਮੀਆਂ ਦਾ ਖਾਕਾ ਪੇਸ਼ ਕਰਦਿਆਂ ਪ੍ਰੋਗਰਾਮ ਨੂੰ ਸ਼ਬਦਾਂ ਦੀ ਮਹਿਕ ਨਾਲ ਭਰ ਦਿੱਤਾ। ਪ੍ਰੋਗਰਾਮ ਦੀ ਸ਼ੁਰੂਆਤ ਗ਼ਜ਼ਲ ਮੰਚ ਦੇ ਵਿਛੜੇ ਸ਼ਾਇਰ ਕ੍ਰਿਸ਼ਨ ਭਨੋਟ ਨੂੰ ਸਮਰਪਿਤ ਰਹੀ।
ਸਭ ਤੋਂ ਪਹਿਲਾਂ ਰੂਬਰੂ ਹੋਈ ਸ਼ਾਇਰਾ ਮਨਜੀਤ ਕੰਗ ਦੀਆਂ ਯਾਦਾਂ ਦਾ ਦਰਦ ਚੁੱਪ ਵਿੱਚ ਵੀ ਗੂੰਜ ਰਿਹਾ ਸੀ-
ਉਸ ਨੂੰ ਉਂਝ ਭੁਲਾਇਆ ਨਹੀਂ ਮੈਂ, ਗ਼ਮ ਵੀ ਦਿਲ ‘ਤੇ ਲਾਇਆ ਨਹੀਂ ਮੈਂ
ਕਈਆਂ ਨੇ ਵਲ਼ ਪਾ ਪਾ ਪੁੱਛਿਆ, ਰੋਂਦਾ ਗੀਤ ਸੁਣਾਇਆ ਨਹੀਂ ਮੈਂ
ਨੂਰ ਬੱਲ ਤਨਹਾਈ ਨੂੰ ਸਨਮਾਨ ਨਾਲ ਜੀਣ ਦੀ ਕਲਾ ਦੱਸ ਰਿਹਾ ਸੀ-
ਕੱਲਿਆਂ ਰਹਿਣ ਦਾ ਇੱਕ ਤਾਂ ਫਾਇਦਾ ਹੁੰਦਾ ਏ
ਰੋ ਲਈਏ ਤਾਂ ਕੋਈ ਕਿਸੇ ਤੇ ਹੱਸਦਾ ਨਹੀਂ
ਕਰਨਜੀਤ ਨੇ ਟੁੱਟੇ ਸੁਪਨਿਆਂ ‘ਚੋਂ ਉਮੀਦ ਲੱਭਣ ਦਾ ਹੌਂਸਲਾ ਦਿੱਤਾ
ਆਸ ਭਾਵੇਂ ਤੋੜਦਾ ਤੂੰ ਐ ਜ਼ਮਾਨੇ ਰੋਜ਼ ਹੀ
ਜੀਣ ਦੇ ਲੱਭ ਹੀ ਮੈਂ ਲੈਂਦਾ ਹਾਂ ਬਹਾਨੇ ਰੋਜ਼ ਹੀ
ਸ਼ਾਇਰਾ ਸੁਖਜੀਤ ਸ਼ਬਦਾਂ ਰਾਹੀਂ ਮੌਤ ਨਾਲ ਗੱਲਬਾਤ ਸੁਣਾ ਰਹੀ ਸੀ-
ਸ਼ਬਦ ਅਸਾਡਾ ਗਹਿਣਾ ਹੈ ਸੋਨਾ ਨਹੀਂਓਂ ਪਾਈਦਾ
ਜਦ ਆਉਣਾ ਹੈ ਆ ਜਾਵੀਂ, ਮੌਤ ਨੂੰ ਰੋਜ਼ ਸੁਣਾਈਦਾ
ਸ਼ਾਇਰਾ ਪਰਮਜੀਤ ਦਿਓਲ ਨੇ ਸੱਚ ਤੇ ਅਡੰਬਰਾਂ ਦੇ ਖੇਡ ਦਾ ਦਰਸ਼ਨੀ ਚਿੱਤਰ ਇਉਂ ਪੇਸ਼ ਕੀਤਾ-
ਮੁਕਾ ਕੇ ਇੱਕ ਤਮਾਸ਼ਾ ਝੂਠ ਦਾ ਦੂਜਾ ਸ਼ੁਰੂ ਕਰਦਾ,
ਰਚਾਉਂਦੇ ਕੌਣ ਅਡੰਬਰ ਸਮਾਂ ਆਇਆ ਤਾਂ ਦੱਸਾਂਗੇ
ਦੁੱਖਾਂ ਵਿੱਚੋਂ ਵੀ ਵਿਸ਼ਵਾਸ ਦੀ ਰੌਸ਼ਨੀ ਖੋਜ ਰਿਹਾ ਸੀ ਸ਼ਾਇਰ ਅਜ਼ੀਮ ਸ਼ੇਖਰ
ਮੈਂ ਦੁਨੀਆ ਨੂੰ ‘ਤੇ ਖ਼ੁਦ ਨੂੰ ਜਾਣਦਾ ਹਾਂ, ਹੈ ਔਖਾ ਵਕਤ ਫਿਰ ਵੀ ਮਾਣਦਾ ਹਾਂ
ਹੈ ਪੱਕੀ ਆਸ ਕਿ ਲਾਜ਼ਮ ਮਿਲੇਗੀ ਕਿਸੇ ਦਿਨ ਜ਼ਿੰਦਗੀ ਕੁਝ ਠੀਕ ਹੋ ਕੇ
ਕੁਲਵਿੰਦਰ ਨੇ ਆਤਮ ਸਨਮਾਨ ਦਾ ਪ੍ਰਤੀਕ ਇਉਂ ਸਿਰਜਿਆ-
ਇਹ ਸੋਨ ਮੁਕਟ ਮੇਰੇ ਵਾਸਤੇ ਨਹੀਂ ਹੋਣਾ,
ਕਿਸੇ ਦੀ ਸ਼ਾਨ ‘ਚ ਮੈਨੂੰ ਸਜਾ ਲਿਆ ਹੈ ਤੁਸੀਂ
ਦਵਿੰਦਰ ਗੌਤਮ ਸਮੁੰਦਰ ਕਿਨਾਰੇ ਪੁਕਾਰਦੀਆਂ ਯਾਦਾਂ ਨੂੰ ਆਵਾਜ਼ ਦੇ ਗਿਆ-
ਸੋਚਾਂ ਇਹ ਵਾਰ ਵਾਰ ਮੈਂ ਸਾਹਿਲ ‘ਤੇ ਬੈਠ ਕੇ
ਉਹ ਕੌਣ ਸੀ ਜੋ ਡੁੱਬ ਗਿਆ ਮੈਨੂੰ ਪੁਕਾਰਦਾ
ਤਾਹਿਰਾ ਸਰਾ ਦੇ ਬੋਲਾਂ ਵਿੱਚੋਂ ਪ੍ਰੇਮ ਦਾ ਸੱਚ ਛਲਕ ਰਿਹਾ ਸੀ-
ਵੱਸ ਨਹੀਂ ਮੇਰੇ ‘ਕੱਲੀ ਦੇ, ਮੈਨੂੰ ਯਾਰ ਤਸੱਲੀ ਦੇ
ਮਿਹਣੇ ਤੋਹਫ਼ੇ ਹੁੰਦੇ ਨੇ, ਵਾਪਸ ਨਹੀਂਓ ਘੱਲੀ ਦੇ
ਖ਼ੁਦ ਨਾਲ ਵਿਛੋੜੇ ਦੀ ਅਜੀਬ ਖ਼ਾਮੋਸ਼ੀ ਤੋੜ ਰਿਹਾ ਸੀ ਦਸ਼ਮੇਸ਼ ਗਿੱਲ ਫਿਰੋਜ਼
ਮੇਰੇ ਖ਼ਿਆਲ ਨੇ ਮੁਝ ਕੋ ਕਭੀ ਸਤਾਇਆ ਨਹੀਂ
ਮੈਂ ਅਪਨੇ ਆਪ ਕੋ ਮੁੱਦਤ ਸੇ ਯਾਦ ਆਇਆ ਨਹੀਂ
ਪ੍ਰੀਤ ਮਨਪ੍ਰੀਤ ਪਿਆਰ ਦੇ ਮਿਲਾਪ ਵਿੱਚ ਅਣਕਹੇ ਸ਼ਬਦਾਂ ਦਾ ਦਰਦ ਕਹਿ ਗਿਆ-
“ਬੜਾ ਕੁਝ ਸੋਚਦਾ ਹਾਂ ਉਹ ਮੇਰੇ ਜਦ ਕੋਲ ਨਾ ਹੋਵੇ
ਜਦੋਂ ਉਸ ਨੂੰ ਮਿਲਾਂ ਜੋ ਸੋਚਦਾ ਉਹ ਬੋਲ ਨਾ ਹੋਵੇ
ਪਰਤਾਪ ਜਗਰਾਉਂ ਨੇ ਕਲਮ ਰਾਹੀਂ ਯਾਦਾਂ ਨੂੰ ਅਮਰ ਕਰਨ ਦੀ ਇੱਛਾ ਦਾ ਪ੍ਰਗਟ ਕੀਤੀ-
ਹਰ ਗੀਤ ਹਰ ਗ਼ਜ਼ਲ ਨੂੰ ਕੁਝ ਇਸ ਤਰਾਂ ਲਿਖਾਂਗਾ,
ਜਾਣਨਗੇ ਲੋਕ ਤੈਨੂੰ ਮੇਰੇ ਕਲਾਮ ਕਰ ਕੇ
ਹਰਦਮ ਮਾਨ ਹਉਕਿਆਂ ਤੇ ਅੱਥਰੂਆਂ ਵਿਚ ਜਜ਼ਬਾਤ ਦੀ ਸੱਚਾਈ ਬਿਆਨ ਕਰ ਗਿਆ-
ਕਿਸੇ ਦੇ ਹਉਕਿਆਂ ਦੇ ਨਾਲ ਨਾ ਪੱਥਰ ਕੋਈ ਪਿਘਲੇ
ਕਿਸੇ ਦੇ ਅੱਥਰੂ ਹੌਲ਼ੇ ਜਾਂ ਭਾਰੇ ਕੌਣ ਵੇਂਹਦਾ ਹੈ
ਦਰਸ਼ਨ ਬੁੱਟਰ ਨੇ ਮਿੱਟੀ ਤੇ ਪੱਥਰ ਦੀ ਹੋਂਦ ਨੂੰ ਇਉਂ ਦਰਸਾਇਆ-
ਮੇਰੇ ਅਤੇ ਪੱਥਰਾਂ ‘ਚ ਕੁਝ ਤਾਂ ਸਮਾਨਤਾ ਹੈ
ਮਿੱਟੀ ਦੀ ਹੋਂਦ ਮੇਰੀ, ਮਿੱਟੀ ਦੇ ਜਾਏ ਪੱਥਰ
ਬਲਦੇਵ ਸੀਹਰਾ ਨੇ ਪਿਆਰ ਵਿਚ ਸਹਿਜਤਾ ਤੇ ਸਹਿਣਸ਼ੀਲਤਾ ਦਾ ਰੰਗ ਪੇਸ਼ ਕੀਤਾ-
ਤਹੱਮਲ ਨਾਲ ਸਹਿਜੇ ਸਹਿਜੇ ਵੇਲਾ ਕੱਢਣਾ ਹੈ
ਮੈਂ ਨੀਂਦ ‘ਚੋਂ ਤੇਰੀ ਚਾਹਤ ਦਾ ਸੁਪਨਾ ਕੱਢਣਾ ਹੈ
ਇੰਦਰਜੀਤ ਧਾਮੀ ਨੇ ਆਪਣੇ ਵਿਸਮਾਦੀ ਰੰਗ ਵਿਚ ਸਮੁੱਚਾ ਮਾਹੌਲ ਰੰਗਿਆ।
ਅਸ਼ਿਕੀ ਦੀ ਖੇਡ ਵਿਚ ਡਗਮਗਾਉਣ ਦਾ ਮਜ਼ਾ ਦੱਸ ਰਿਹਾ ਸੀ ਗੁਰਮੀਤ ਸਿੱਧੂ
ਅਸ਼ਿਕੀ ਮੇਂ ਡਗਮਗਾ ਕਰ ਸੰਭਲਨੇ ਮੇਂ ਕਯਾ ਮਜ਼ਾ ਹੈ
ਦੇਖਨੇ ਕੋ ਚਲ ਕਿਸੀ ਸੇ ਦਿਲ ਲਗਾ ਕਰ ਦੇਖਤੇ ਹੈਂ
ਰਾਜਵੰਤ ਰਾਜ ਨੇ ਕਿਹਾ ਕਿ ਕਲਮ ਦੀ ਸੱਚਾਈ ਇਨਾਮਾਂ ਤੋਂ ਉੱਚੀ ਹੈ-
ਪੈਸਿਆਂ ਤੇ ਅਹੁਦਿਆਂ ਬਦਲੇ ਨਾ ਵੇਚੀ ਮੈਂ ਕਲਮ
ਹੁਣ ਖਰੀਦਣ ਆਉਣਗੇ ਉਹ ਲੈ ਕੇ ਕੋਈ ਪੁਰਸਕਾਰ
ਹੱਦਾਂ ਤੋਂ ਉਪਰ ਉੱਡਦੀ ਆਜ਼ਾਦ ਰੂਹ ਦੀ ਅਵਾਜ਼ ਸੀ ਜਸਵਿੰਦਰ ਦੀ ਸ਼ਾਇਰੀ-
ਤੇਰੇ ਅੰਬਰ ‘ਚ ਮੈਨੂੰ ਪਰਿੰਦੇ ਨੂੰ ਤਾਂ ਖੰਭ ਖੋਲ੍ਹਣ ਦੀ ਭਾਵੇਂ ਇਜਾਜ਼ਤ ਨਹੀਂ
ਮੇਰੇ ਸੀਨੇ ‘ਚ ਐਸਾ ਇਲਾਕਾ ਵੀ ਹੈ, ਜਿਸ ਇਲਾਕੇ ‘ਚ ਤੇਰੀ ਹਕੂਮਤ ਨਹੀਂ
ਸ਼ਾਇਰਾਨਾ ਸ਼ਾਮ ਦੀ ਪ੍ਰਧਾਨਗੀ ਕਰ ਰਹੇ ਸ਼ਾਇਰ ਦਰਸ਼ਨ ਬੁੱਟਰ ਨੇ ਆਪਣੇ ਪ੍ਰਧਾਨਗੀ ਸੰਬੋਧਨ ਵਿਚ ਕਿਹਾ ਕਿ ਗ਼ਜ਼ਲ ਮੰਚ ਸਰੀ ਦਾ ਹਰ ਮੈਂਬਰ ਉੱਚ ਪੱਧਰ ਦਾ ਸ਼ਾਇਰ ਹੈ ਅਤੇ ਸਰੀ ਦੇ ਸਰੋਤੇ ਮੁਬਾਰਕਬਾਦ ਦੇ ਹੱਕਦਾਰ ਹਨ ਕਿ ਉਹ ਸ਼ਾਇਰੀ ਨੂੰ ਸਿਰਫ਼ ਸੁਣਦੇ ਨਹੀਂ, ਸਹੀ ਮਾਇਨਿਆਂ ਵਿੱਚ “ਮਾਣਦੇ” ਹਨ। ਉਨ੍ਹਾਂ ਵਿਸ਼ਵ ਪੰਜਾਬੀ ਕਾਨਫਰੰਸ–ਮੁਹਾਲੀ ਦਾ ਜ਼ਿਕਰ ਕਰਦਿਆਂ ਕਿਹਾ ਕਿ ਗ਼ਜ਼ਲ ਮੰਚ ਸਰੀ ਦਾ ਸੈਸ਼ਨ ਅਜੇ ਵੀ ਲੋਕਾਂ ਦੇ ਦਿਲਾਂ ਵਿਚ ਗੂੰਜਦਾ ਹੈ।
ਅੰਤ ਵਿੱਚ ਗ਼ਜ਼ਲ ਮੰਚ ਦੇ ਜਸਵਿੰਦਰ ਨੇ ਸਭ ਮਹਿਮਾਨਾਂ, ਸ਼ਾਇਰਾਂ ਅਤੇ ਸਰੋਤਿਆਂ ਦਾ ਧੰਨਵਾਦ ਕੀਤਾ ਤੇ ਕਿਹਾ ਕਿ ਸ਼ਬਦਾਂ ਦੀ ਇਹ ਸ਼ਾਮ ਕੇਵਲ ਸੁਣੀ ਨਹੀਂ ਗਈ, ਮਹਿਸੂਸ ਕੀਤੀ ਗਈ। ਜਦ ਸ਼ਬਦ ਰੂਹ ਨੂੰ ਛੂਹਣ ਲੱਗ ਪੈਂਦੇ ਹਨ, ਤਦ ਮਹਿਫ਼ਿਲ ਇਤਿਹਾਸ ਬਣ ਜਾਂਦੀ ਹੈ। ਇਸ ਮੌਕੇ ਗ਼ਜ਼ਲ ਮੰਚ ਵੱਲੋਂ ਸਾਰੇ ਸਪਾਂਸਰਾਂ ਅਤੇ ਮਹਿਮਾਨ ਸ਼ਾਇਰਾਂ ਦਾ ਸਨਮਾਨ ਕੀਤਾ ਗਿਆ। ਇੰਦਰਜੀਤ ਧਾਮੀ ਨੇ ਆਪਣੇ ਦੀ ਯਾਦ ਵਿਚ ਦਿੱਤਾ ਜਾਂਦਾ ‘ਦਿਲਬਰ ਨੂਰਪੁਰੀ ਐਵਾਰਡ’ ਇਸ ਵਾਰ ਗ਼ਜ਼ਲ ਮੰਚ ਸਰੀ ਦੇ ਸ਼ਾਇਰ ਦਸ਼ਮੇਸ਼ ਗਿੱਲ ਫਿਰੋਜ਼ ਨੂੰ ਪ੍ਰਦਾਨ ਕੀਤਾ।