Babushahi Special ਗਰਮੀ ਦਾ ਚੜ੍ਹਿਆ ਪਾਰਾ ਮੰਡੀਆਂ ’ਚ ਪਾਉਣ ਲੱਗਾ ਠੰਢ ਤੇ ਪਿਛੇਤੀ ਫਸਲ ਨੂੰ ਆਰਥਿਕ ਡੰਡ
ਅਸ਼ੋਕ ਵਰਮਾ
ਬਠਿੰਡਾ, 15 ਅਕਤੂਬਰ 2025: ਬਠਿੰਡਾ ਪੱਟੀ ’ਚ ਪਿਛਲੇ ਦਿਨਾਂ ਤੋਂ ਪੈਣ ਲੱਗੀ ਗਰਮੀ ਨੇ ਸਿਲ੍ਹਾ ਝੋਨਾ ਸੁਕਾਉਣ ਦੇ ਪੱਖ ਤੋਂ ਮੰਡੀਆਂ ਵਿੱਚ ਬੈਠੇ ਕਿਸਾਨਾਂ ਨੂੰ ਵੱਡੀ ਰਾਹਤ ਦਿੱਤੀ ਹੈ ਪਰ ਇਸੇ ਗਰਮ ਮੌਸਮ ਨੇ ਝੋਨੇ ਦੀਆਂ ਪਿਛੇਤੀਆਂ ਕਿਸਮਾਂ ਬੀਜਣ ਵਾਲੇ ਕਿਸਾਨ ਫਿਕਰਾਂ ਵਿੱਚ ਡੋਬ ਦਿੱਤੇ ਹਨ। ਕਿਸਾਨਾਂ ਦਾ ਕਹਿਣਾ ਹੈ ਕਿ ਐਤਕੀਂ ਝੋਨੇ ਦੇ ਘਟੇ ਝਾੜ ਨੇ ਉਨ੍ਹਾਂ ਦੇ ਤਾਂ ਪਹਿਲਾਂ ਹੀ ਸਾਹ ਸੂਤੇ ਹੋਏ ਸਨ ਅਤੇ ਹੁਣ ਦਿਨੋ ਦਿਨ ਵਧ ਰਿਹਾ ਤਾਪਮਾਨ ਉਨ੍ਹਾਂ ਦੀਆਂ ਪ੍ਰੇਸ਼ਾਨੀਆਂ ਵਧਾ ਰਿਹਾ ਹੈ। ਕਿਸਾਨਾਂ ਦਾ ਮੰਨਣਾ ਹੈ ਕਿ ਪਿਛਲੇ ਇੱਕ ਹਫਤੇ ਤੋਂ ਸੂਰਜ ਦਾ ਲਗਾਤਾਰ ਚੜ੍ਹ ਰਿਹਾ ਪਾਰਾ ਪਿਛੇਤੀ ਫਸਲ ਲਈ ਘਾਟੇ ਦਾ ਸੂਚਕ ਹੈ। ਮੌਸਮ ਵਿਭਾਗ ਅਨੁਸਾਰ ਬਠਿੰਡਾ ਖਿੱਤੇ ਵਿੱਚ 6 ਅਤੇ 7 ਅਕਤੂਬਰ ਨੂੰ ਵੱਧ ਤੋਂ ਵੱਧ ਤਾਪਮਾਨ 25.5 ਡਿਗਰੀ ਦਰਜ ਹੋਇਆ ਸੀ ਜੋ 5 ਅਕਤੂਬਰ ਦੇ ਮੁਕਾਬਲੇ 9 ਡਿਗਰੀ ਘੱਟ ਸੀ।
ਮੰਨਿਆ ਜਾ ਰਿਹਾ ਸੀ ਕਿ ਹੁਣ ਸਰਦੀ ਨੇ ਦਸਤਕ ਦੇ ਦਿੱਤੀ ਹੈ ਅਤੇ ਪਿਛੇਤਾ ਝੋਨਾ ਝਾੜ ਦੇ ਮਾਮਲੇ ’ਚ ਕਮੀਆਂ ਪੇਸ਼ੀਆਂ ਪੂਰੀਆਂ ਕਰੇਗਾ ਪਰ ਅਚਾਨਕ ਤਾਪਮਾਨ ਵਧਣ ਲੱਗ ਪਿਆ ਜੋ ਘਟਣ ਦਾ ਨਾਮ ਹੀ ਨਹੀਂ ਲੈ ਰਿਹਾ ਹੈ। ਮੌਸਮ ਵਿਭਾਗ ਵੱਲੋਂ ਜਾਰੀ ਅੰਕੜਿਆਂ ਅਨੁਸਾਰ 8 ਅਕਤੂਬਰ ਨੂੰ ਤਾਪਮਾਨ ਵਧਕੇ 27.5 ਡਿਗਰੀ ਸੈਲੀਸ਼ੀਅਸ ਅਤੇ 9 ਅਕਤੂਬਰ ਨੂੰ 29 ਡਿਗਰੀ ਤੱਕ ਪੁੱਜ ਗਿਆ ਜਦੋਂਕਿ ਸ਼ੁੱਕਰਵਾਰ 10 ਅਕਤੂਬਰ ਨੂੰ ਇਹੋ ਤਾਪਮਾਨ 30.2 ਡਿਗਰੀ ਰਿਹਾ ਸੀ। ਸ਼ਨੀਵਾਰ 11 ਅਕਤੂਬਰ ਨੂੰ ਤਾਪਮਾਨ 31 ਡਿਗਰੀ ਅਤੇ ਐਤਵਾਰ ਨੂੰ 32 ਡਿਗਰੀ ਸੈਲਸ਼ੀਅਸ ਦਰਜ ਹੋਇਆ ਸੀ। ਗਰਮੀ ਦੇ ਪਾਰੇ ਦੀ ਸੋਮਵਾਰ ਨੂੰ ਸੂਈ 33 ਡਿਗਰੀ ਸੈਲਸ਼ੀਅਸ ਅਤੇ ਮੰਗਲਵਾਰ ਨੂੰ 33.5 ਡਿਗਰੀ ਸੈਲਸ਼ੀਅਸ ਤੱਕ ਪੁੱਜ ਗਈ। ਮੌਸਮ ਵਿਭਾਗ ਅਨੁਸਾਰ ਅੱਜ ਤਾਪਮਾਨ 34 ਡਿਗਰੀ ਦਰਜ ਹੋਇਆ ਹੈ ਜਿਸ ਦੇ 19 ਅਕਤੂਬਰ ਤੱਕ 33 ਡਿਗਰੀ ਰਹਿਣ ਦੀ ਪੇਸ਼ੀਨਗੋਈ ਕੀਤੀ ਗਈ ਹੈ।
ਅੱਜ ਇਸ ਪੱਤਰਕਾਰ ਨੇ ਬਠਿੰਡਾ ਦੀ ਅਨਾਜ ਮੰਡੀ ’ਚ ਦੇਖਿਆ ਕਿ ਸੁੱਕਿਆ ਹੋਇਆ ਝੋਨਾ ਲੇਬਰ ਗੱਟਿਆਂ ’ਚ ਭਰ ਰਹੀ ਸੀ ਜਦੋਂਕਿ ਝੋਨੇ ਦੇ ਭਰੇ ਹੋਏ ਗੱਟੇ ਟਰੱਕਾਂ ਵਿੱਚ ਲੱਦਿਆ ਰਹੇ ਸਨ। ਅਨਾਜ ਮੰਡੀ ’ਚ ਬੈਠੇ ਕਿਸਾਨਾਂ ਨੇ ਦੱਸਿਆ ਕਿ ਬੇਸ਼ੱਕ ਗਰਮੀ ਕਾਰਨ ਝੋਨਾ ਜਲਦੀ ਸੁੱਕ ਰਿਹਾ ਹੈ ਅਤੇ ਨਾਲੋ ਨਾਲ ਤੁਲਾਈ ਹੋ ਰਹੀ ਹੈ ਪਰ ਜੋ ਫਸਲ ਹਾਲੇ ਖੇਤਾਂ ’ਚ ਖਲੋਤੀ ਹੈ ਉਸ ਨੂੰ ਦੂਹਰਾ ਰਗੜਾ ਲੱਗਣ ਲੱਗਿਆ ਹੈ। ਉਨ੍ਹਾਂ ਦੱਸਿਆ ਕਿ ਪਹਿਲਾਂ ਬੇਰੁੱਤੇ ਮੀਂਹ ਤੋਂ ਬਾਅਦ ਪਈ ਗਰਮੀ ਕਾਰਨ ਚਾਵਲ ਦਾ ਦਾਣਾ ਪਤਲਾ ਰਹਿ ਗਿਆ ਅਤੇ ਹੁਣ ਇਹੋ ਗਰਮ ਮੌਸਮ ਪਿਛੇਤੇ ਝੋਨੇ ਨੂੰ ਰਗੜਾ ਲਾਏਗਾ। ਕਿਸਾਨ ਜਰਨੈਲ ਸਿੰਘ ਦਾ ਕਹਿਣਾ ਸੀ ਕਿ ਉਹ ਮੰਗਲਵਾਰ ਸਵੇਰੇ ਝੋਨਾ ਲਿਆਇਆ ਸੀ ਜੋ ਹੁਣ ਗੱਟਿਆਂ ’ਚ ਭਰਿਆ ਜਾਣ ਲੱਗਿਆ ਹੈ ਪਰ ਪਿੱਛੇ ਬਚੀ ਫਸਲ ਗਰਮੀ ਦੀ ਭੇਂਟ ਚੜ੍ਹਨ ਦਾ ਖਤਰਾ ਬਣ ਗਿਆ ਹੈ।
ਕਿਸਾਨਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਐਤਕੀਂ ਝੋਨੇ ਦਾ ਝਾੜ 25 ਤੋਂ 26 ਕੁਇੰਟਲ ਪ੍ਰਤੀ ਏਕੜ ਝਾੜ ਨਿਕਲ ਰਿਹਾ ਹੈ, ਜਦੋਂਕਿ ਪਿਛਲੇ ਸਾਲ ਇਹੋ ਦਰ 27-32 ਕੁਇੰਟਲ ਪ੍ਰਤੀ ਏਕੜ ਰਹੀ ਸੀ। ਪਿੰਡ ਝੁੰਬਾ ਦੇ ਕਿਸਾਨ ਗੁਰਦੇਵ ਸਿੰਘ ਨੇ ਦੱਸਿਆ ਕਿ ਗਰਮੀ ਕਾਰਨ ਫਸਲ ਤਾਂ ਹੱਥੋ ਹੱਥੀ ਸੁੱਕ ਅਤੇ ਵਿਕ ਰਹੀ ਹੈ ਪਰ ਜੇਕਰ ਮੌਸਮ ਇਹੋ ਜਿਹਾ ਰਿਹਾ ਤਾਂ ਪਿਛੇਤੇ ਝੋਨੇ ਦਾ ਝਾੜ ਐਤਕੀਂ 10 ਫੀਸਦੀ ਤੋਂ ਜਿਆਦਾ ਘਟ ਸਕਦਾ ਹੈ। ਪਿੰਡ ਚੱਠੇਵਾਲਾ ਦੇ ਕਿਸਾਨ ਪਰਗਟ ਸਿੰਘ ਨੇ ਕਿਹਾ ਕਿ ਝਾੜ ਘਟਣ ਕਾਰਨ ਪ੍ਰਤੀ ਏਕੜ ਕਰੀਬ 10 ਹਜ਼ਾਰ ਰੁਪਏ ਦਾ ਵਿੱਤੀ ਨੁਕਸਾਨ ਹੋਵੇਗਾ। ਇਸੇ ਤਰ੍ਹਾਂ ਪਿੰਡ ਗੁਲਾਬਗੜ੍ਹ ਦੇ ਕਿਸਾਨ ਚਾਨਣ ਸਿੰਘ ਨੇ ਦੱਸਿਆ ਕਿ ਪਿਛਲੇ ਸਾਲ 31 ਕੁਇੰਟਲ ਪ੍ਰਤੀ ਏਕੜ ਦੇ ਮੁਕਾਬਲੇ ਇਸ ਸਾਲ ਝਾੜ ਸਿਰਫ਼ 25 ਕੁਇੰਟਲ ਹੀ ਨਿਕਲਿਆ ਹੈ ਜਿਸ ਕਾਰਨ ਐਤਕੀਂ ਲਾਗਤ ਖ਼ਰਚੇ ਪੂਰੇ ਕਰਨੇ ਮੁਸ਼ਕਲ ਹੋ ਜਾਣੇ ਹਨ।
ਬਠਿੰਡਾ ਦੇ ਇੱਕ ਆੜ੍ਹਤੀਆ ਆਗੂ ਦਾ ਕਹਿਣਾ ਸੀ ਕਿ ਝੋਨੇ ਦਾ ਝਾੜ ਘਟਣ ਕਾਰਨ ਪੇਂਡੂ ਅਰਥਚਾਰਾ ਕਰਜ਼ੇ ਵਿੱਚ ਹੋਰ ਧਸ ਜਾਵੇਗਾ ਅਤੇ ਛੋਟੀ ਤੇ ਦਰਮਿਆਨੀ ਕਿਸਾਨੀ ਨੂੰ ਵੱਡੀ ਸੱਟ ਵੱਜੇਗੀ । ਖ਼ਰੀਦ ਏਜੰਸੀਆਂ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਮੰਡੀਆਂ ’ਚ, ਜੋ ਫ਼ਸਲ ਆ ਰਹੀ ਹੈ, ਉਸ ’ਚ ਨਮੀ ਨਿਰਧਾਰਤ 17 ਫ਼ੀਸਦੀ ਦੇ ਮੁਕਾਬਲੇ 20 ਫ਼ੀਸਦੀ ਤੱਕ ਹੈ ਜਦੋਂਕਿ ਕਈ ਇਲਾਕਿਆਂ ਵਿੱਚ ਅਨਾਜ ਦੀ ਗੁਣਵੱਤਾ ਵੀ ਮਾੜੀ ਹੈ। ਉਨ੍ਹਾਂ ਕਿਹਾ ਕਿ ਰਾਹਤ ਇਹੋ ਹੈ ਕਿ ਗਰਮੀ ਕਾਰਨ ਝੋਨਾ ਜਲਦੀ ਸੁੱਕ ਰਿਹਾ ਹੈ ਅਤੇ ਫਸਲ ਵੀ ਨਾਲੋ ਨਾਲ ਵਿਕ ਰਹੀ ਹੈ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮਾਹਿਰ ਡਾ. ਗੁਰਜਿੰਦਰ ਸਿੰਘ ਰੋਮਾਣਾ ਦਾ ਪ੍ਰਤੀਕਰਮ ਸੀ ਕਿ ਗਰਮੀ ਪਿਛੇਤੇ ਝੋਨੇ ਲਈ ਨੁਕਸਾਨਦੇਹ ਨਹੀਂ ਹੈ। ਉਨ੍ਹਾਂ ਕਿਹਾ ਕਿ ਗਰਮੀ ਅਗੇਤੀ ਬੀਜੀ ਕਣਕ ਨੂੰ ਨੁਕਸਾਨ ਕਰ ਸਕਦੀ ਹੈ ਪਰ ਹਾਲੇ ਤੱਕ ਬਿਜਾਂਦ ਸ਼ੁਰੂ ਨਹੀਂ ਹੋਈ ਹੈ।
ਬੋਨਸ ਐਲਾਨੇ ਸਰਕਾਰ: ਮਾਨ
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਜਿਲ੍ਹਾ ਪ੍ਰਧਾਨ ਸ਼ਿੰਗਾਰਾ ਸਿੰਘ ਮਾਨ ਦਾ ਕਹਿਣਾ ਸੀ ਕਿ ਮੌਸਮ ਤੇ ਹੜ੍ਹਾਂ ਦੀ ਮਾਰ ਕਾਰਨ ਸਰਕਾਰ ਨੂੰ ਢੁੱਕਵੇਂ ਬੋਨਸ ਦਾ ਐਲਾਨ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਝੋਨੇ ਦਾ ਝਾੜ ਘਟਣ ਕਾਰਨ ਕਿਸਾਨਾਂ ਨੂੰ ਆਰਥਿਕ ਰਗੜਾ ਲਾਇਆ ਹੈ ਜਦੋਂਕਿ ਭਾਰਤੀ ਕਪਾਹ ਨਿਗਮ ਦੇ ਮੰਡੀਆਂ ’ਚ ਦਾਖਲ ਨਾਂ ਹੋਣ ਕਾਰਨ ਕਿਸਾਨ ਨਰਮਾ ਕਪਾਹ ਵੇਚਣ ਮੌਕੇ ਲੁੱਟੇ ਜਾ ਰਹੇ ਹਨ।