ਮੁਸੀਬਤ ਅਜੇ ਘੱਟੀ ਨਹੀਂ, ਪੰਜਾਬ ਦੇ ਇਸ ਪਿੰਡ 'ਤੇ ਮੰਡਰਾ ਰਿਹੈ ਹੜ੍ਹ ਦਾ ਖਤਰਾ
balwinder dhaliwal
ਜਲੰਧਰ, 17 September 2025 : ਹੜਾਂ ਵਿਚਾਲੇ ਭਾਵੇਂ ਹੁਣ ਬਹੁਤ ਸਾਰੀਆਂ ਰਾਹਤ ਭਰੀਆਂ ਖਬਰਾਂ ਸਾਹਮਣੇ ਆ ਚੁੱਕੀਆਂ ਹਨ ਪਰ ਜਲੰਧਰ ਦੇ ਪਿੰਡ ਤੇ ਮੁੜ ਤੋਂ ਦਰਿਆ ਸਤਲੁਜ ਦਾ ਖਤਰਾ ਮੰਡਰਾਉਂਦਾ ਹੋਇਆ ਦਿਖਾਈ ਦੇ ਰਿਹਾ ਹੈ। ਦੱਸ ਦਈਏ ਕਿ ਮੰਡਾਲਾ ਛੰਨਾ ( ਜਲੰਧਰ ) ਵਿਖੇ ਸਤਲੁਜ ਦਰਿਆ ਦੇ ਕੰਢੇ ਧੁੱਸੀ ਬੰਨ੍ਹ ਨੂੰ ਬਚਾਉਣ ਲਈ ਰਾਜਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ, ਡਰੇਨਜ ਵਿਭਾਗ , ਫੌਜ ਤੇ ਆਮ ਲੋਕ ਡਟੇ ਹੋਏ ਹਨ। ਪਰੰਤੂ ਦਰਿਆ ਦਾ ਵਹਿਣ ਬਦਲਣ ਕਾਰਨ ਸਤਲੁਜ ਬੰਨ੍ਹ ਦੇ ਬਿਲਕੁਲ ਨੇੜੇ ਵਹਿਣ ਲੱਗਾ। ਹਾਲਾਂਕਿ ਬਚਾਅ ਕਾਰਜ ਜੰਗੀ ਪੱਧਰ ‘ਤੇ ਚੱਲ ਰਿਹਾ ਹੈ।
ਪਰੰਤੂ ਇਸ ਇਲਾਕੇ ਦੀਆਂ ਚਿੰਤਾਵਾਂ ਵੱਧ ਚੁੱਕੀਆਂ ਹਨ ਕਿਉਂਕਿ ਸਾਲ 2023 ਵਿੱਚ ਵੀ ਇੱਥੋਂ ਹੀ ਬੰਨ੍ਹ ਟੁੱਟਾ ਸੀ। ਜਿਸ ਤੋਂ ਬਾਅਦ ਕਿਸਾਨਾਂ ਦੀਆਂ ਹਜ਼ਾਰਾਂ ਏਕੜ ਫਸਲਾਂ ਪਾਣੀ ਵਿੱਚ ਡੁੱਬ ਕੇ ਬਰਬਾਦ ਹੋ ਗਈਆਂ ਸਨ। ਇਸ ਬਣਨ ਦੇ ਟੁੱਟਣ ਕਾਰਨ ਜਿੱਥੇ ਜਿਲ੍ਹਾ ਜਲੰਧਰ ਨੂੰ ਮਾਰ ਪਈ ਸੀ ਉੱਥੇ ਹੀ ਜ਼ਿਲਾ ਕਪੂਰਥਲਾ ਦਾ ਇਲਾਕਾ ਸੁਲਤਾਨਪੁਰ ਲੋਧੀ ਵੀ ਇਸ ਦੀ ਭੇਂਟ ਚੜ ਗਿਆ ਸੀ। ਹੁਣ ਮੁੜ ਤੋਂ ਦਰਿਆ ਦਾ ਵਹਿਣ ਬਦਲਣ ਕਾਰਨ ਇਸ ਇਲਾਕੇ ਦੇ ਮੱਥੇ ਉੱਤੇ ਚਿੰਤਾ ਦੀਆਂ ਲਕੀਰਾਂ ਦਿਖਾਈ ਦੇ ਰਹੀਆਂ ਹਨ ।