Canada: ਗ਼ਜ਼ਲ ਮੰਚ ਸਰੀ ਵੱਲੋਂ ਸ਼ਾਇਰ ਕਰਨਜੀਤ ਸਿੰਘ ਨਾਲ ਵਿਸ਼ੇਸ਼ ਮਿਲਣੀ
ਹਰਦਮ ਮਾਨ
ਸਰੀ, 15 ਸਤੰਬਰ 2025-ਬੀਤੇ ਦਿਨ ਗ਼ਜ਼ਲ ਮੰਚ ਸਰੀ ਵੱਲੋਂ ਨਕੋਦਰ (ਪੰਜਾਬ) ਤੋਂ ਆਏ ਸ਼ਾਇਰ ਕਰਨਜੀਤ ਸਿੰਘ ਨਾਲ ਵਿਸ਼ੇਸ਼ ਮਹਿਫ਼ਿਲ ਰਚਾਈ ਗਈ। ਮੰਚ ਦੇ ਜਨਰਲ ਸਕੱਤਰ ਦਵਿੰਦਰ ਗੌਤਮ ਨੇ ਕਰਨਜੀਤ ਸਿੰਘ ਨੂੰ ਜੀ ਆਇਆਂ ਕਿਹਾ ਅਤੇ ਉਸ ਬਾਰੇ ਸੰਖੇਪ ਜਾਣਕਾਰੀ ਮੰਚ ਦੇ ਮੈਂਬਰਾਂ ਨਾਲ ਸਾਂਝੀ ਕੀਤੀ।
ਕਰਨਜੀਤ ਸਿੰਘ ਨੇ ਆਪਣੇ ਸਾਹਿਤਕ ਸਫ਼ਰ ਬਾਰੇ ਸੰਖੇਪ ਗੱਲਬਾਤ ਕੀਤੀ। ਉਸ ਨੇ ਵਿਸ਼ੇਸ਼ ਤੌਰ ‘ਤੇ ਜਸਵਿੰਦਰ ਦੇ ਗ਼ਜ਼ਲ ਸੰਗ੍ਰਿਹ ‘ਕੱਕੀ ਰੇਤ ਦੇ ਵਰਕੇ’ ਦਾ ਜ਼ਿਕਰ ਕਰਦਿਆਂ ਦੱਸਿਆ ਕਿ ਇਸ ਪੁਸਤਕ ਵਿਚਲੀਆਂ ਗ਼ਜ਼ਲਾਂ ਪੜ੍ਹ ਕੇ ਹੀ ਉਸ ਨੂੰ ਅਸਲ ਵਿਚ ਗ਼ਜ਼ਲ ਵਿਚਲੀ ਖ਼ਿਆਲ ਉਡਾਰੀ ਅਤੇ ਗਹਿਰਾਈ ਬਾਰੇ ਸਮਝ ਲੱਗੀ। ਉਸ ਨੇ ਨਕੋਦਰ ਦੇ ਨਾਮਵਰ ਸ਼ਾਇਰ ਹਰਦਿਆਲ ਸਾਗਰ ਵੱਲੋਂ ਮਿਲੀ ਹੱਲਾਸ਼ੇਰੀ ਅਤੇ ਉਸ ਇਲਾਕੇ ਦੀਆਂ ਸਾਹਿਤਕ ਸਰਗਰਮੀਆਂ ਦਾ ਵੀ ਜ਼ਿਕਰ ਕੀਤਾ। ਇਸ ਮੌਕੇ ਉਸ ਨੇ ਆਪਣੀਆਂ ਦੋ ਗ਼ਜ਼ਲਾਂ ਤਰੰਨੁਮ ਪੇਸ਼ ਕਰ ਕੇ ਮੰਚ ਦੇ ਮੈਂਬਰਾਂ ਤੋਂ ਢੂਬ ਦਾਦ ਹਾਸਲ ਕੀਤੀ।
ਮੰਚ ਦੇ ਸ਼ਾਇਰ ਦਸ਼ਮੇਸ਼ ਗਿੱਲ ਫ਼ਿਰੋਜ਼ ਵੱਲੋਂ ਕਰਨਜੀਤ ਸਿੰਘ ਨੂੰ ਆਪਣੀ ਉਰਦੂ ਗ਼ਜ਼ਲਾਂ ਦੀ ਪੁਸਤਕ ਭੇਟ ਕੀਤੀ ਗਈ। ਇਸ ਮਹਿਫ਼ਿਲ ਵਿਚ ਮੰਚ ਦੇ ਪ੍ਰਧਾਨ ਜਸਵਿੰਦਰ, ਰਾਜਵੰਤ ਰਾਜ, ਦਸ਼ਮੇਸ਼ ਗਿੱਲ ਫ਼ਿਰੋਜ਼ ਨੇ ਵੀ ਆਪਣੀਆਂ ਗ਼ਜ਼ਲਾਂ ਨਾਲ ਹਾਜਰੀ ਲੁਆਈ। ਅੰਤ ਵਿਚ ਪ੍ਰਧਾਨ ਜਸਵਿੰਦਰ ਨੇ ਕਰਨਜੀਤ ਸਿੰਘ ਅਤੇ ਮੰਚ ਦੇ ਮੈਂਬਰਾਂ ਦਾ ਧੰਨਵਾਦ ਕੀਤਾ।