ਹੜ੍ਹ-ਮਾਰੀ ਨਾਲ 26% ਤੋਂ 75% ਤੱਕ ਹੋਏ ਖਰਾਬੇ ਦਾ ਮਿਲੇਗਾ 10 ਹਜ਼ਾਰ ਰੁਪਏ ਪ੍ਰਤੀ ਏਕੜ ਮੁਆਵਜਾ - 76 ਫੀਸਦੀ ਤੋਂ 100% ਤੱਕ ਖਰਾਬੇ ਲਈ ਮਿਲੇਗਾ 20 ਮੁਆਵਜਾ- 25% ਤੋਂ ਘੱਟ ਨੁਕਸਾਨ ਬਾਰੇ ਜ਼ਿਕਰ ਨਹੀਂ
ਬਾਬਾ ਸ਼ਾਹੀ ਬਿਊਰੋ
ਚੰਡੀਗੜ੍ਹ 14 ਸਤੰਬਰ 2025: ਪੰਜਾਬ ਸਰਕਾਰ ਵੱਲੋਂ ਰਾਜ ਦੇ ਹੜ੍ਹ ਮਾਰੇ ਇਲਾਕਿਆਂ ਦੇ ਕਿਸਾਨਾਂ ਦੀਆਂ ਫਸਲਾਂ ਦੀ ਹੋਈ ਤਬਾਹੀ ਸਬੰਧੀ ਸਪੈਸ਼ਲ ਗਰਦਾਵਰੀ ਕਰਨ ਅਤੇ ਇਸ ਤੋਂ ਬਾਅਦ ਫਸਲਾਂ ਦੇ ਹੋਏ ਖਰਾਬੇ ਦੇ ਮੁਆਵਜ਼ੇ ਦੇਣ ਦੇ ਬਕਾਇਦਾ ਹੁਕਮ ਸਾਰੇ ਜ਼ਿਲ੍ਹਿਆਂ ਨੂੰ 12 ਸਤੰਬਰ ਨੂੰ ਹੀ ਜਾਰੀ ਕਰ ਦਿੱਤੇ ਕਰ ਦਿੱਤੇ ਗਏ ਸਨ. ਮਾਲ ਮਹਿਕਮੇ ਵੱਲੋਂ ਜਾਰੀ ਇਹਨਾਂ ਹੁਕਮਾਂ ਅਨੁਸਾਰ ਜਿਨ੍ਹਾਂ ਕਿਸਾਨਾਂ ਦੀ ਫਸਲ ਦਾ 26 ਫੀਸਦੀ ਤੋਂ 75 ਫੀਸਦੀ ਤੱਕ ਖਰਾਬਾ ਹੋਇਆ ਹੈ ਭਾਵ ਫਸਲ ਖਰਾਬ ਹੋਈ ਹੈ ਇਸ ਬਦਲੇ 10 ਹਜ਼ਾਰ ਏਕੜ ਦੇ ਹਿਸਾਬ ਨਾਲ ਮੁਆਵਜਾ ਦਿੱਤਾ ਜਾਏਗਾ। ਇਸੇ ਤਰਾਂ 76 ਫੀਸਦੀ ਤੋਂ ਲੈ ਕੇ 100% ਤੱਕ ਹੋਏ ਖਰਾਬੇ ਦਾ 20 ਹਜ਼ਾਰ ਪ੍ਰਤੀ ਏਕੜ ਮੁਆਵਜ਼ਾ ਦਿੱਤਾ ਜਾਏਗਾ। ਸਾਰੇ ਡਿਪਟੀ ਕਮਿਸ਼ਨਰਾਂ ਨੂੰ ਭੇਜੇ ਗਏ ਇਸ ਹੁਕਮ ਵਿੱਚ ਇਹ ਸਪਸ਼ਟ ਨਹੀਂ ਕੀਤਾ ਗਿਆ ਕਿ ਜਿਨਾਂ ਕਿਸਾਨਾਂ ਦੀ ਫਸਲ ਦਾ ਨੁਕਸਾਨ 25% ਤੋਂ ਘੱਟ ਹੋਇਆ ਹੈ ਉਹਨਾਂ ਨੂੰ ਕਿੰਨਾ ਮੁਆਵਜ਼ਾ ਦਿੱਤਾ ਜਾਏਗਾ.
ਇਸ ਨੋਟੀਫਿਕੇਸ਼ਨ ਵਿੱਚ ਸਪੈਸ਼ਲ ਗਿਰਦਾਵਰੀ ਅਤੇ ਸਰਕਾਰ ਨੂੰ ਰਿਪੋਰਟਾਂ ਭੇਜਣ ਨੂੰ ਸਮਾਂ-ਬੱਧ ਕੀਤਾ ਗਿਆ ਹੈ ਅਤੇ ਵਿਸਥਾਰ ਪੂਰਵਕ ਹਦਾਇਤਾਂ ਮਾਲ ਮਹਿਕਮੇ ਦੇ ਪਟਵਾਰੀ ਤੱਕ ਦੇ ਮੁਲਾਜ਼ਮਾਂ ਤੇ ਅਧਿਕਾਰੀਆਂ ਨੂੰ ਦਿੱਤੀਆਂ ਗਈਆਂ ਹਨ
ਇਹ ਵੀ ਹਦਾਇਤ ਕੀਤੀ ਗਈ ਹੈ ਕਿ ਜਿਨਾਂ ਥਾਵਾਂ ਤੇ 75 ਫੀਸਦੀ ਤੋਂ ਵੱਧ ਨੁਕਸਾਨ ਹੋਇਆ ਹੈ ਉਹਨਾਂ ਦੇ ਮੁਆਵਜ਼ੇ ਲਈ ਇੱਕ ਪੰਜ ਮੈਂਬਰੀ ਕਮੇਟੀ ਹਰ ਜ਼ਿਲ੍ਹੇ ਵਿੱਚ ਬਣੇਗੀ ਜੋ ਕਿ ਇਸ ਬਾਰੇ ਲੋੜੀਂਦੀ ਕਾਰਵਾਈ ਕਰੇਗੀ।
ਕਮੇਟੀ ਦੇ ਚੇਅਰਮੈਨ ਡਿਪਟੀ ਕਮਿਸ਼ਨਰ ਹੋਣਗੇ। ਬਾਕੀ ਮੈਂਬਰਾਂ ਵਿੱਚ ਮੁੱਖ ਖੇਤੀਬਾੜੀ ਅਫਸਰ, ਜ਼ਿਲ੍ਹਾ ਮਾਲ ਅਫਸਰ, ਸੰਬੰਧਿਤ ਐਸਡੀਐਮ ਤੇ ਸਬੰਧਤ ਖੇਤੀਬਾੜੀ ਵਿਕਾਸ ਅਫਸਰ ਸ਼ਾਮਿਲ ਹੋਣਗੇ. ਇਹ ਕਮੇਟੀ ਉਹਨਾਂ ਪਿੰਡਾਂ ਦੀ ਸੂਚੀ ਤਿਆਰ ਕਰੇਗੀ ਜਿੱਥੇ ਪੂਰੇ ਪਿੰਡ ਵਿੱਚ 75 ਫੀਸਦੀ ਤੋਂ ਵੱਧ ਫਸਲ ਦਾ ਨੁਕਸਾਨ ਹੋਇਆ ਹੈ ਜਾਂ ਤੁਸੀਂ ਖੇਤਰ ਅਧੀਨ ਪੈਂਦੇ ਪਿੰਡ ਦੇ ਰਕਬੇ ਵਿੱਚ 75 ਫੀਸਦੀ ਤੋਂ ਵੱਧ ਫਸਲ ਦਾ ਨੁਕਸਾਨ ਹੋਇਆ ਹੈ. ਇਹਨਾਂ ਪਿੰਡਾਂ ਲਈ ਪਟਵਾਰੀ ਵੱਲੋਂ ਸਪੈਸ਼ਲ ਗਿਰਦਾਵਰੀ ਇੱਕ ਹਫਤੇ ਅੰਦਰ ਅੰਦਰ ਮੁਕੰਮਲ ਕੀਤੀ ਜਾਏਗੀ.
ਇਹਨਾਂ ਹਦਾਇਤਾਂ ਦੀ ਕਾਪੀ ਪੜਨ ਲਈ ਇਸ ਲਿੰਕ ਤੇ ਕਲਿੱਕ ਕਰੋ:
https://drive.google.com/file/d/14UMb0SPdl-rm9TCTWVynjmQkjdRlZ9yW/view?usp=sharing