← ਪਿਛੇ ਪਰਤੋ
Big Breakibg ਜੀਦਾ ਧਮਾਕਾ: ਅੱਜ ਮੁੜ ਤੋਂ ਹੋਏ ਵੱਡੇ ਧਮਾਕਿਆਂ ਕਾਰਨ ਭੇਤ ਭਰਿਆ ਬਣਨ ਲੱਗਿਆ ਮਾਮਲਾ ਅਸ਼ੋਕ ਵਰਮਾ ਬਠਿੰਡਾ, 14ਸਤੰਬਰ 2025 :ਬਠਿੰਡਾ ਜਿਲ੍ਹੇ ਦੇ ਪਿੰਡ ਜੀਦਾ ’ਚ 10 ਅਗਸਤ ਸ਼ਾਮ ਨੂੰ ਹੋਏ ਜਬਰਦਸਤ ਧਮਾਕੇ ਦਾ ਭੇਦ ਹਾਲੇ ਖੁੱਲਿ੍ਹਆ ਨਹੀਂ ਹੈ ਕਿ ਅੱਜ ਬਾਅਦ ਦੁਪਹਿਰ ਉਸੇ ਮਕਾਨ ’ਚ ਹੋਏ ਦੋ ਹੋਰ ਧਮਾਕਿਆਂ ਨੇ ਪਿੰਡ ਵਿੱਚ ਦਹਿਸ਼ਤ ਦਾ ਮਹੌਲ ਸਿਰਜ ਦਿੱਤਾ ਹੈ। ਹਾਲਾਂਕਿ ਅਧਿਕਾਰੀਆਂ ਨੇ ਤਾਜਾ ਧਮਾਕਿਆਂ ਦਾ ਕਾਰਨ ਧਮਾਕਾਖੇਜ ਸਮੱਗਰੀ ਨੂੰ ਨਕਾਰਾ ਕਰਨ ਦੌਰਾਨ ਰਸਾਇਣਾਂ ਦੀ ਆਪਸੀ ਰਗੜ ਦਾ ਸਿੱਟਾ ਦੱਸਿਆ ਹੈ ਪਰ ਲੋਕ ਇੱਕ ਵਾਰ ਫਿਰ ਤੋਂ ਕਿਸੇ ਅਣਹੋਣੀ ਵਾਪਰਨ ਦੇ ਖਦਸ਼ੇ ਕਾਰਨ ਡਰੇ ਹੋਏ ਹਨ। ਮਾਹਿਰਾਂ ਵੱਲੋਂ ਅਧੁਨਿਕ ਤਕਨੀਕਾਂ ਨਾਲ ਘਰ ਦੇ ਅੰਦਰ ਚਲਾਈ ਜਾ ਰਹੀ ਸਫਾਈ ਮੁਹਿੰਮ ਦੌਰਾਨ ਇਸ ਗੱਲ ਦੀ ਪੁਸ਼ਟੀ ਹੋਈ ਹੈ ਕਿ ਮੁਲਜਮ ਗੁਰਪ੍ਰੀਤ ਸਿੰਘ ਪੁੱਤਰ ਜਗਤਾਰ ਸਿੰਘ ਵਾਸੀ ਜੀਦਾ ਵੱਲੋਂ ਮੰਗਵਾਈ ਗਈ ਧਮਾਕਾਖੇਜ਼ ਸਮੱਗਰੀ ਅੱਤ ਦਰਜੇ ਦੀ ਖਤਰਨਾਕ ਹੈ। ਅੱਜ ਹੋਏ ਧਮਾਕਿਆਂ ਪਿਛੋਂ ਮਾਹਿਰਾਂ ਦੀਆਂ ਟੀਮਾਂ ਹਰ ਕਦਮ ਫੂਕ ਫੂਕਕੇ ਰੱਖ ਰਹੀਆਂ ਹਨ। ਅਧਿਕਾਰੀਆਂ ਨੇ ਅਨੁਮਾਨ ਲਾਏ ਸਨ ਕਿ ਸੈਨੇਟਾਈਜੇਸ਼ਨ ਦਾ ਕੰਮ ਇੱਕ ਅੱਧ ਦਿਨ ’ਚ ਨਿਪਟ ਜਾਏਗਾ ਪਰ ਇਸ ਤਰਾਂ ਧਮਾਕੇ ਹੋਣ ਕਾਰਨ ਮੌਕੇ ਤੇ ਤਾਇਨਾਤ ਅਧਿਕਾਰੀ ਵੀ ਹੈਰਾਨ ਰਹਿ ਗਏ ਹਨ। ਇਹੋ ਕਾਰਨ ਹੈ ਕਿ ਪਿੰਡ ਜੀਦਾ ਦੇ ਬਾਹਰਵਾਰ ਇੱਕ ਢਾਣੀ ’ਚ ਸਥਿਤ ਜਗਤਾਰ ਸਿੰਘ ਦੇ ਘਰ ਅੰਦਰ ਬੇਹਦ ਖਤਰਿਆਂ ਭਰੀ ਮੰਨੀ ਜਾਂਦੀ ਸਮੱਗਰੀ ਹਟਾਉਣ ਦਾ ਕੰਮ ਜਾਰੀ ਹੈ। ਪੁਲਿਸ ਨੇ ਖਤਰੇ ਨੂੰ ਭਾਂਪਦਿਆਂ ਘਟਨਾ ਵਾਲੀ ਥਾਂ ਦੇ ਨਜ਼ਦੀਕ ਵਸਣ ਵਾਲਿਆਂ ਨੂੰ ਵੀ ਹਾਲੇ ਤੱਕ ਘਰਾਂ ਅੰਦਰ ਦਾਖਲ ਹੋਣ ਦੀ ਇਜਾਜਤ ਨਹੀ ਦਿੱਤੀ ਹੈ। ਸੂਤਰ ਦੱਸਦੇ ਹਨ ਕਿ ਪੁਲਿਸ ਦੀਆਂ ਵਿਸ਼ੇਸ਼ ਫੌਰੈਂਸਿਕ ਟੀਮਾਂ ਅਤੇ ਬੰਬ ਵਿਰੋਧੀ ਦਸਤੇ ਦੇ ਮਾਹਿਰਾਂ ਵੱਲੋਂ ਗੁਰਪ੍ਰੀਤ ਸਿੰਘ ਦੇ ਘਰ ਅੰਦਰ ਖਿਲਰਿਆ ਕੈਮੀਕਲ ਅਤੇ ਵਿਸਫੋਟਕ ਸਮੱਗਰੀ ਨੂੰ ਹਟਾਉਣ ਦਾ ਲਗਾਤਾਰ ਯਤਨ ਕੀਤੇ ਜਾ ਰਹੇ ਹਨ ਪਰ ਅਜੇ ਤੱਕ ਉਨ੍ਹਾਂ ਨੂੰ ਪੂਰੀ ਤਰਾਂ ਸਫਲਤਾ ਨਹੀਂ ਮਿਲ ਸਕੀ ਹੈ। ਮਹੱਤਵਪੂਰਨ ਤੱਥ ਇਹ ਵੀ ਹੈ ਕਿ ਇਹ ਵਿਸਫੋਟਕ ਪਦਾਰਥ ਉੱਚ ਦਰਜੇ ਦਾ ਬਲਣਸ਼ੀਲ ਅਤੇ ਘਾਤਕ ਹੈ ਜਿਸ ਨੂੰ ਛੇੜਨ ਨਾਲ ਧਮਾਕਾ ਹੋ ਰਹੇ ਹਨ ਜਾਂ ਫਿਰ ਚੰਗਿਆੜੀਆਂ ਨਿਕਲ ਰਹੀਆਂ ਹਨ। ਸੂਤਰਾਂ ਨੇ ਦੱਸਿਆ ਕਿ ਮਾਹਿਰਾਂ ਦੀਆਂ ਵਿਸ਼ੇਸ਼ ਟੀਮਾਂ ਦੇ ਸਹਿਯੋਗ ਨਾਲ ਪੁਲਿਸ ਵੱਲੋਂ ਧਮਾਕਿਆਂ ਦੀ ਜਾਣਕਾਰੀ ਮਿਲਣ ਵਾਲੇ ਦਿਨ ਤੋਂ ਹੀ ਕੈਮੀਕਲਾਂ ਦੇ ਕਣਾਂ ਨੂੰ ਵੱਖੋ ਵੱਖਰੇ ਕਰਕੇ ਨਸ਼ਟ ਕਰਨ ਦੀ ਪ੍ਰਕਿਰਿਆ ਜਾਰੀ ਹੈ ਪਰ ਜਿਸ ਤਰਾਂ ਦੀਆਂ ਪ੍ਰਸਥਿਤੀਆਂ ਬਣ ਰਹੀਆਂ ਹਨ ਉਸ ਤੋਂ ਜਾਪਦਾ ਹੈ ਕਿ ਮੁਕੰਮਲ ਸਫਲਤਾ ਹਾਲੇ ਦੂਰ ਹੈ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਬੰਬ ਡਿਸਪੋਜ਼ਲ ਅਤੇ ਬੰਬ ਡਿਟੈਕਸ਼ਨ ਐਂਡ ਡਿਸਪੋਜ਼ਲ ਸੁਕਐਡ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰ ਰਹੀਆਂ ਹਨ ਅਤੇ ਵਿਸਫੋਟਕ ਪੂਰੀ ਤਰਾਂ ਹਟਾਉਣ ਤੋਂ ਬਾਅਦ ਹੀ ਜੀਦਾ ਵਿਚਲੇ ਇਸ ਇਲਾਕੇ ਨੂੰ ਸੁਰੱਖਿਅਤ ਐਲਾਨਿਆ ਜਾਏਗਾ ਜਿਸ ਕਰਕੇ ਮਾਹਿਰਾਂ ਨੇ ਦਿਨ ਰਾਤ ਇੱਕ ਕਰ ਰੱਖਿਆ ਹੈ। ਓਧਰ ਪੁਲਿਸ ਮਹਿਕਮਾ ਫੌਰੈਂਸਿਕ ਰਿਪੋਰਟ ਮਿਲਣ ਦਾ ਇੰਤਜ਼ਾਰ ਕਰ ਰਿਹਾ ਹੈ ਜਿਸ ਦੇ ਆਉਣ ਤੇ ਧਮਾਕਾਖੇਜ਼ ਸਮੱਗਰੀ ਦੀ ਤੀਬਰਤਾ, ਵਰਤੋਂ ਅਤੇ ਉਪਲਬਧਤਾ ਦੇ ਸਰੋਤ ਸਬੰਧੀ ਜਾਣਕਾਰੀ ਹਾਸਲ ਹੋ ਸਕੇਗੀ। ਉੱਪਰੋਂ ਜਖਮੀ ਗੁਰਪ੍ਰੀਤ ਸਿੰਘ ਹਾਲੇ ਵੀ ਹਸਪਤਾਲ ’ਚ ਇਲਾਜ ਅਧੀਨ ਹੈ ਜਿਸ ਕਰਕੇ ਪੜਤਾਲ ਨੂੰ ਅੱਗੇ ਵਧਾਉਣ ’ਚ ਮੁਸ਼ਕਿਲਾਂ ਆ ਰਹੀਆਂ ਹਨ। ਵੱਡੀ ਗੱਲ ਹੈ ਕਿ ਤਿਉਹਾਰਾਂ ਦੇ ਸੀਜ਼ਨ ਤੋਂ ਪਹਿਲਾਂ ਧਮਾਕੇ ਹੋਣ ਅਤੇ ਉਸ ਤੋਂ ਬਾਅਦ ਧਮਾਕਾ ਕਰਨ ਵਾਲੇ ਗੁਰਪ੍ਰੀਤ ਸਿੰਘ ਦਾ ਨਾਮ ਪਾਕਿਸਤਾਨੀ ਦਹਿਸ਼ਤਗਰਦ ਜੱਥੇਬਦੀ ਜੈਸ਼ੇ ਮੁਹੰਮਦ ਦੇ ਸਰਗਨਾਂ ਮੌਲਾਨ ਮਸੂਦ ਅਜ਼ਹਰ ਨਾਲ ਜੁੜਨ ਕਰਕੇ ਬਠਿੰਡਾ ਪੁਲਿਸ ਪੂਰੀ ਤਰਾਂ ਫਿਕਰਮੰਦ ਹੈ। ਜਿਲ੍ਹਾ ਪੁਲਿਸ ਵੱਲੋਂ ਕੀਤੀ ਮੁਢਲੀ ਪੜਤਾਲ ਦੌਰਾਨ ਸ਼ੁਰੂਆਤੀ ਧਮਾਕਿਆਂ ਦਾ ਕਾਰਨ ਸਧਾਰਨ ਵਿਸਫੋਟਕ ਰਾਹੀਂ ਹੋਣ ਦੀ ਗੱਲ ਸਾਹਮਣੇ ਆਈ ਸੀ ਪਰ ਜਿਵੇਂ ਜਿਵੇਂ ਪਰਤਾਂ ਖੁੱਲ੍ਹ ਰਹੀਆਂ ਹਨ ਉਸ ਕਾਰਨ ਮਾਮਲਾ ਸੁਲਝਣ ਦੀ ਥਾਂ ਉਲਝਦਾ ਹੀ ਜਾ ਰਿਹਾ ਹੈ। ਗੁਰਪ੍ਰੀਤ ਦੀ ਕੁੰਡਲੀ ਤਿਆਰ ਹੁਣ ਤੱਕ ਦੀ ਜਾਣਕਾਰੀ ਮੁਤਾਬਕ ਮੁਲਜਮ ਗੁਰਪ੍ਰੀਤ ਸਿੰਘ ਨੂੰ ਹਸਪਤਾਲ ਤੋਂ ਛੁੱਟੀ ਮਿਲਣ ਤੋਂ ਬਾਅਦ ਪੂਰੀ ਡੂੰਘਾਈ ਨਾਲ ਪੁੱਛ ਪੜਤਾਲ ਕੀਤੀ ਜਾਏਗੀ। ਉਂਜ ਇਹ ਵੀ ਹੈ ਕਿ ਜੇਕਰ ਜਰੂਰਤ ਪਈ ਤਾਂ ਪੁਲਿਸ ਗੁਰਪ੍ਰੀਤ ਤੋਂ ਹਸਪਤਾਲ ਵਿੱਚ ਵੀ ਪੁੱਛਗਿਛ ਕਰ ਸਕਦੀ ਹੈ। ਪੁਲਿਸ ਨੂੰ ਹੁਣ ਤੱਕ ਜੋ ਜਾਣਕਾਰੀ ਮਿਲੀ ਹੈ ਉਸ ਦੇ ਅਧਾਰ ਤੇ ਗੁਰਪ੍ਰੀਤ ਦੇ ਗੋਰਖੰਧਦੇ ਨੂੰ ਫਰੋਲਿਆ ਜਾ ਰਿਹਾ ਹੈ। ਪੁਲਿਸ ਵਿਚਲੇ ਅਹਿਮ ਸੂਤਰਾਂ ਦੀ ਮੰਨੀਏ ਤਾਂ: ਜੀਦਾ ਧਮਾਕਿਆਂ ਦਾ ਸੱਚ ਹੌਲੀ ਹੌਲੀ ਸਾਹਮਣੇ ਆ ਰਿਹਾ ਹੈ। ਪੁਲਿਸ ਸੂਤਰਾਂ ਨੇ ਆਉਂਦੇ ਦਿਨਾਂ ਦੌਰਾਨ ਹੋਰ ਗ੍ਰਿਫਤਾਰੀਆਂ ਹੋਣ ਦੀ ਸੰਭਾਵਨਾ ਵੀ ਜਤਾਈ ਹੈ। ਵੇਰਵਿਆਂ ਅਨੁਸਾਰ ਫੌਜ ਦੇ ਖੁਫੀਆ ਵਿੰਗ ਅਤੇ ਅੱਤਵਾਦ ਵਿਰੋਧੀ ਦਸਤੇ ਵੀ ਜਾਂਚ ਸ਼ੁਰੂ ਕਰ ਦਿੱਤੀ ਹੈ ਪਰ ਇਸ ਦੀ ਪੁਸ਼ਟੀ ਨਹੀਂ ਹੋ ਸਕੀ ਹੈ। ਐਸਐਸਪੀ ਵੱਲੋਂ ਲੋਕਾਂ ਨੂੰ ਅਪੀਲ ਸੀਨੀਅਰ ਕਪਤਾਨ ਪੁਲਿਸ ਅਮਨੀਤ ਕੌਂਡਲ ਦਾ ਕਹਿਣਾ ਸੀ ਕਿ ਮਾਹਿਰਾਂ ਦੀਆਂ ਟੀਮਾਂ ਗੁਰਪ੍ਰੀਤ ਦੇ ਘਰ ’ਚ ਵਿਸਫੋਟਕ ਸਮੱਗਰੀ ਨੂੰ ਨਕਾਰਾ ਕਰ ਰਹੀਆਂ ਹਨ ਜਿਸ ਦੌਰਾਨ ਹੀ ਅੱਜ ਦੋ ਧਮਾਕੇ ਹੋਏ ਹਨ। ਉਨ੍ਹਾਂ ਕਿਹਾ ਕਿ ਮਾਮਲੇ ਦੀ ਪੜਤਾਲ ਦਾ ਕੰਮ ਲਗਾਤਾਰ ਚੱਲ ਰਿਹਾ ਹੈ ਅਤੇ ਪੁਲਿਸ ਨੂੰ ਜਲਦੀ ਹੀ ਕੋਈ ਨਤੀਜਾ ਨਿਕਲਣ ਦੀ ਆਸ ਹੈ। ਉਨ੍ਹਾਂ ਕਿਹਾ ਕਿ ਵਿਸਫੋਟਕ ਸਮੱਗਰੀ ਕਾਫੀ ਖਤਰਨਾਕ ਹੈ ਇਸ ਲਈ ਲੋਕਾਂ ਨੂੰ ਘਟਨਾ ਵਾਲੀ ਥਾਂ ਦੇ ਨਜ਼ਦੀਕ ਜਾਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ।
Total Responses : 2958