ਗੁਰੂ ਨਾਨਕ ਮਿਸ਼ਨ ਟਰੱਸਟ ਨਵਾਂਗਰਾਂ ਕੁੱਲਪੁਰ ਵੱਲੋਂ ਹੜ੍ਹ ਪੀੜਤ ਮਰੀਜ਼ਾਂ ਵਾਸਤੇ ਦਿੱਤੀ ਜਾ ਰਹੀ ਹੈ ਵੱਡੀ ਮੈਡੀਕਲ ਸਹਾਇਤਾ
ਪ੍ਰਮੋਦ ਭਾਰਤੀ
ਨਵਾਂਸ਼ਹਿਰ 9 ਸਤੰਬਰ,2025
ਗੁਰੂ ਨਾਨਕ ਮਿਸ਼ਨ ਇੰਟਰਨੈਸ਼ਨਲ ਚੈਰੀਟੇਬਲ ਟਰਸਟ ਨਵਾਂਗਰਾਂ ਕੁੱਲਪੁਰ ਜੋ ਕਿ ਪਿਛਲੇ 15 ਸਾਲਾਂ ਤੋਂ ਬੀਤ ਅਤੇ ਕੰਢੀ ਦੇ ਇਲਾਕੇ ਵਿੱਚ ਸਿਹਤ ਸਹੂਲਤਾਂ ਮੁਹਈਆ ਕਰਵਾ ਰਿਹਾ ਹੈ, ਦੇ ਪ੍ਰਬੰਧਕਾਂ ਵੱਲੋਂ ਫੈਸਲਾ ਕੀਤਾ ਗਿਆ ਹੈ ਕਿ ਜੋ ਇਸ ਸਮੇਂ ਪੰਜਾਬ ਵਿੱਚ ਹੜਾਂ ਦੀ ਮਾਰ ਪਈ ਹੈ। ਉਸ ਤੋਂ ਪ੍ਰਭਾਵਿਤ ਲੋਕਾਂ ਨੂੰ ਬਹੁਤ ਸੇਵਾਵਾਂ ਦੀ ਲੋੜ ਹੈ ਜਿਵੇਂ ਕਿ ਰਾਸ਼ਣ, ਕੱਪੜਾ ਅਤੇ ਹੋਰ ਰੋਜਾਨਾ ਜਿੰਦਗੀ ਦੀਆਂ ਲੋੜੀਂਦੀਆਂ ਚੀਜ਼ਾਂ ਜਿਨਾਂ ਤੋਂ ਬਿਨਾਂ ਜੀਵਨ ਸੰਭਵ ਨਹੀਂ ਹੈ । ਇਹਦੇ ਨਾਲ ਹੀ ਸਭ ਤੋਂ ਵੱਡੀ ਲੋੜ ਹੈ ਡਾਕਟਰੀ ਸਹਾਇਤਾ ਦੀ। ਗੁਰੂ ਨਾਨਕ ਮਿਸ਼ਨ ਹਸਪਤਾਲ ਵੱਲੋਂ ਮੈਡੀਕਲ ਟੀਮ ਮੰਡ ਸੁਲਤਾਨਪੁਰ ਲੋਧੀ ਅਤੇ ਡੇਰਾ ਬਾਬਾ ਨਾਨਕ ਜੋ ਕਿ ਰਾਵੀ ਦੇ ਬੰਨ੍ਹ ਟੁੱਟਣ ਨਾਲ ਪਿੰਡ ਘੋਨੇਵਾਲਾ, ਸਜਿਜ਼ਾਦਾ ਆਦਿ ਬਹੁਤ ਜਿਆਦਾ ਪ੍ਰਭਾਵਿਤ ਇਲਾਕੇ ਵਿੱਚ ਪਹੁੰਚ ਕੇ ਵੱਡੇ ਪੱਧਰ ਦੇ ਉੱਪਰ ਮਰੀਜ਼ਾਂ ਵਾਸਤੇ ਦਵਾਈਆਂ ਦਾ ਪ੍ਰਬੰਧ ਕੀਤਾ ਗਿਆ ਅਤੇ ਹੜ ਪ੍ਰਭਾਵਿਤ ਪਿੰਡਾਂ ਅਤੇ ਘਰਾਂ ਦਾ ਦੌਰਾ ਕਰਕੇ ਲੋੜਵੰਦ ਮਰੀਜ਼ਾਂ ਨੂੰ ਦਵਾਈਆਂ ਦਿੱਤੀਆਂ ਗਈਆਂ।
ਟਰੱਸਟ ਦੇ ਪ੍ਰਬੰਧਕ ਸ੍ਰ. ਰਘਬੀਰ ਸਿੰਘ ਜੀ ਦੀ ਅਗਵਾਈ ਵਿੱਚ ਗਈ ਟੀਮ ਨੇ ਇਨ੍ਹਾਂ ਇਲਾਕਿਆਂ ਵਿੱਚ ਪਹੁੰਚ ਕੇ ਉਥੋਂ ਦੇ ਪੰਚਾਂ ਸਰਪੰਚਾਂ ਤੇ ਹੋਰ ਮੋਹਤਵਾਰ ਸੱਜਣਾ ਨਾਲ ਸੰਪਰਕ ਕੀਤਾ। ਮੈਡੀਕਲ ਅਫਸਰ ਡਾਕਟਰ ਹਰਪ੍ਰੀਤ ਸਿੰਘ ਜੀ ਨੇ ਸਰਪੰਚਾਂ ਨਾਲ ਗੱਲ ਕਰਕੇ ਮਰੀਜ਼ਾਂ ਤੱਕ ਪਹੁੰਚ ਕੀਤੀ ਅਤੇ ਉਨਾਂ ਨੂੰ ਜੋ ਤਤਕਾਲੀਨ ਸਹੂਲਤਾਂ ਦੀ ਜਰੂਰਤ ਸੀ ਉਹ ਦਵਾਈਆਂ ਦਿੱਤੀਆਂ ਗਈਆਂ। ਵੱਖ ਵੱਖ ਤਰ੍ਹਾਂ ਦੀ ਇਨਫੈਕਸ਼ਨ ਜਾਂ ਹੋਰ ਵਾਇਰਲ ਬਿਮਾਰੀਆਂ ਜਿਵੇਂ ਕਿ ਮਲੇਰੀਆ ਡੇਂਗੂ ਆਦਿ ਦੀਆਂ ਦਵਾਈਆਂ ਦਿੱਤੀਆਂ ਗਈਆਂ ਤੇ ਉਹਨਾਂ ਨਾਲ ਇਹ ਵਾਅਦਾ ਕੀਤਾ ਗਿਆ ਕਿ ਗੁਰੂ ਨਾਨਕ ਮਿਸ਼ਨ ਟਰੱਦਟ ਦੀ ਟੀਮ ਰੈਗੂਲਰ ਤੌਰ ਤੇ ਇਸ ਇਲਾਕੇ ਵਿੱਚ ਆਉਂਦੀ ਰਹੇਗੀ।
ਪਾਣੀ ਦਾ ਪੱਧਰ ਘੱਟ ਹੋਣ ਤੇ ਹਰ ਘਰ ਦਾ ਸਰਵੇ ਕਰਕੇ ਲੋੜਵੰਦ ਮਰੀਜ਼ਾਂ ਜਿਨਾਂ ਦੀਆਂ ਰੈਗੂਲਰ ਤੌਰ ਤੇ ਦਵਾਈਆਂ ਚਲਦੀਆਂ ਹਨ ਉਹਨਾਂ ਨੂੰ ਦਵਾਈਆਂ ਦਿੱਤੀਆਂ ਜਾਣਗੀਆਂ। ਜਿਸ ਤਰ੍ਹਾਂ ਕਿ ਅਜੋਕੇ ਸਮੇਂ ਵਿੱਚ ਹਰ ਇੱਕ ਘਰ ਵਿੱਚ ਕਿਸੇ ਨਾ ਕਿਸੇ ਦੀ ਕੋਈ ਨਾ ਕੋਈ ਦਵਾਈ ਪੱਕੀ ਚਲਦੀ ਹੈ ਜਿਵੇਂ ਬਲੱਡ ਪ੍ਰੈਸ਼ਰ, ਸ਼ੂਗਰੀ, ਦਿੱਲ ਦੀਆਂ ਬਿਮਾਰੀਆਂ ਜਾਂ ਕੋਈ ਹੋਰ ਬਿਮਾਰੀ ਜਿਸ ਦੀ ਦਵਾਈ ਪੱਕੀ ਚਲਦੀ ਹੈ ਜੋ ਕਿ ਲਗਾਤਾਰ ਉਹਨਾਂ ਨੂੰ ਖਾਣੀਆਂ ਹੀ ਪੈਂਦੀਆਂ ਨੇ ਤੇ ਉਹਨਾਂ ਵਾਸਤੇ ਘੱਟੋ ਘੱਟ ਇੱਕ ਸਾਲ ਦੀ ਦਵਾਈ ਦਾ ਪ੍ਰਬੰਧ ਟਰਸਟ ਵੱਲੋਂ ਕੀਤਾ ਜਾਵੇਗਾ।
ਟਰਸਟ ਪ੍ਰਤੀਨਿੱਧਾਂ ਵੱਲੋਂ ਇਨ੍ਹਾਂ ਇਲਾਕਿਆਂ ਵਿੱਚ ਉੱਘੇ ਸਮਾਜ ਸੇਵੀ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ, ਬਾਬਾ ਸਤਨਾਮ ਸਿੰਘ ਜੀ ਕਾਰ ਸੇਵਾ ਗੁਰੂ ਕਾ ਬਾਗ ਅਤੇ ਇਲਾਕੇ ਦੇ ਹੋਰ ਪਤਵੰਤੇ ਸੱਜਣਾਂ ਨਾਲ ਵੀ ਵਿਚਾਰ ਵਟਾਂਦਰਾ ਕਰਕੇ ਸੇਵਾ ਨੂੰ ਹੋਰ ਵਿਸਥਾਰਤ ਕਰਨ ਲਈ ਸੁਝਾਅ ਵੀ ਲਏ।
ਮੈਡੀਕਲ ਟੀਮ ਦੇ ਵਿੱਚ ਮੁੱਖ ਪ੍ਰਬੰਧਕ ਤੋਂ ਇਲਾਵਾ ਡਾਕਟਰ ਹਰਪ੍ਰੀਤ ਸਿੰਘ, ਮੈਡਮ ਰਜਿੰਦਰ ਕੌਰ ਨਰਸਿੰਗ ਸੁਪਰਡੈਂਟ, ਸ੍ਰ. ਗੁਰਪ੍ਰੀਤ ਸਿੰਘ, ਅੰਜੂ ਬਾਲਾ, ਮਿਸ: ਸੌਰਵ ਫਾਰਮਾਸਿਸਟ, ਮੋਹਿਤ ਰਾਜਪੂਤ, ਰੇਨੂੰਕਾ ਸਰੋਏ ਸਟਾਫ ਅਤੇ ਰਣਜੀਤ ਸਿੰਘ ਵੀ ਮੌਜੂਦ ਰਹੇ