ਧੁੱਸੀ ਬੰਨ੍ਹ ’ਚ ਪਏ ਪਾੜ ਨੂੰ ਪੂਰਨ ਦਾ ਕੰਮ ਜੰਗੀ ਪੱਧਰ ’ਤੇ ਜਾਰੀ
ਪਿੰਡਾਂ ਦੇ ਲੋਕ ਭਾਰਤੀ ਫੌਜ ਦੀ ਟੀਮ, ਪੰਜਾਬ ਪੁਲਿਸ ਦੇ ਜਵਾਨਾਂ ਅਤੇ ਪ੍ਰਸ਼ਾਸ਼ਨਿਕ ਅਧਿਕਾਰੀਆਂ ਦੀ ਅਗਵਾਈ ’ਚ ਸਥਿਤੀ ਕਾਬੂ ਕਰਨ ਲਈ ਲਗਾਤਾਰ ਯਤਨਸ਼ੀਲ
100 ਫੁੱਟ ਦੇ ਕਰੀਬ ਪਏ ਪਾੜ ਨਾਲ ਫਸਲਾਂ ਜਾਂ ਖੇਤੀ ਜਮੀਨਾਂ ਤੱਕ ਨਹੀਂ ਪੁੱਜਾ ਪਾਣੀ, ਨੁਕਸਾਨ ਤੋਂ ਰਿਹਾ ਬਚਾਅ : ਅੰਕੁਰਜੀਤ ਸਿੰਘ
ਰਿੰਗ ਬੰਨ੍ਹ ਬਣਾਉਣ ਦੇ ਕੰਮ ਦੀ ਹੋਈ ਸ਼ੁਰੂਆਤ
ਪ੍ਰਮੋਦ ਭਾਰਤੀ
ਨਵਾਂਸ਼ਹਿਰ 9 ਸਤੰਬਰ,2025
ਬੀਤੀ ਦੇਰ ਰਾਤ ਨੇੜਲੇ ਪਿੰਡ ਬੁਰਜ ਟਹਿਲ ਦਾਸ ਵਿਖੇ ਸਤਲੁਜ ਦਰਿਆ ਦੇ ਧੁੱਸੀ ਬੰਨ੍ਹ ਨੂੰ ਲੱਗੀ ਢਾਅ ਉਪਰੰਤ ਪਏ ਪਾੜ ਨੂੰ ਪੂਰਨ ਅਤੇ ਬੰਨ੍ਹ ਨੂੰ ਮਜਬੂਤ ਕਰਨ ਦਾ ਕੰਮ ਪ੍ਰਸ਼ਾਸ਼ਨਿਕ ਅਧਿਕਾਰੀਆਂ, ਭਾਰਤ ਫੌਜ ਦੀ ਟੀਮ ਦੀ ਨਿਗਰਾਨੀ ਹੇਠ ਪਿੰਡਾਂ ਦੇ ਵਸਨੀਕਾਂ ਵੱਲੋਂ ਜੰਗੀ ਪੱਧਰ ’ਤੇ ਜਾਰੀ ਹੈ।
ਡਿਪਟੀ ਕਮਿਸ਼ਨਰ ਅੰਕੁਰਜੀਤ ਸਿੰਘ, ਜੋ ਜਿਲ੍ਹਾ ਪ੍ਰਸ਼ਾਸ਼ਨ ਦੇ ਅਧਿਕਾਰੀਆਂ ਸਮੇਤ ਸਵੇਰ ਤੋਂ ਹੀ ਬੰਨ੍ਹ ’ਤੇ ਮੋਜੂਦ ਰਹੇ, ਨੇ ਦੱਸਿਆ ਕਿ ਬੰਨ੍ਹ ਵਿੱਚ ਪਏ 100 ਫੁੱਟ ਦੇ ਕਰੀਬ ਪਾੜ ਕਰਕੇ ਨਾਲ ਲੱਗਦੀਆਂ ਖੇਤੀ ਜਮੀਨਾਂ ਨੂੰ ਕੋਈ ਨੁਕਸਾਨ ਨਹੀਂ ਪੁੱਜਾ ਕਿਉਂਕਿ ਦਰਿਆ ਵਿੱਚ ਪਿੱਛੋਂ ਪਾਣੀ ਦਾ ਵਹਾਅ ਘੱਟ ਸੀ ਅਤੇ ਪਾੜ ਵਾਲੀ ਜਗ੍ਹਾ ’ਤੇ ਜਮੀਨਾਂ ਥੋੜੀਆਂ ਉੱਚੀਆਂ ਹਨ। ਉਨ੍ਹਾਂ ਕਿਹਾ ਕਿ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਭਾਰਤੀ ਫੌਜ ਦੀ ਟੀਮ ਵੀ ਲਗਾਤਾਰ ਬੰਨ੍ਹ ਦੀ ਮਜਬੂਤੀ ਵਿੱਚ ਜੁਟੀ ਹੋਈ ਹੈ ਅਤੇ ਮੌਜੂਦਾ ਸਥਿਤੀ ’ਤੇ ਕੰਟਰੋਲ ਕਰਨ ਲਈ ਲਗਾਤਾਰ ਉਪਰਾਲੇ ਜਾਰੀ ਹਨ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਬੰਨ੍ਹ ਦੀ ਹੋਰ ਮਜਬੂਤੀ ਲਈ ਮਸ਼ੀਨਾਂ ਨਾਲ ਰਿੰਗ ਬੰਨ੍ਹ ਬਣਾਉਣ ਦਾ ਕੰਮ ਵੀ ਸ਼ੁਰੂ ਕੀਤਾ ਜਾ ਚੁੱਕਾ ਹੈ ਤਾਂ ਜੋ ਪਾਣੀ ਦੇ ਪੱਧਰ ਵਿੱਚ ਵਾਧੇ ਅਤੇ ਤੇਜ ਵਹਾਅ ਨਾਲ ਕੋਈ ਨੁਕਸਾਨ ਨਾ ਹੋ ਸਕੇ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਬੰਨ੍ਹ ਦੇ ਸਪਰ ਵੀ ਮਜਬੂਤ ਕੀਤੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਪਿੰਡਾਂ ਦੇ ਵਸਨੀਕਾਂ ਦੇ ਨਾਲ-ਨਾਲ ਪੰਜਾਬ ਪੁਲਿਸ ਦੇ 400 ਦੇ ਕਰੀਬ ਜਵਾਨ ਵੀ ਬੰਨ੍ਹ ਦੀ ਮਜਬੂਤੀ ਦੇ ਕੰਮ ਵਿੱਚ ਲਗਾਤਾਰ ਮਦਦ ਕਰ ਰਹੇ ਹਨ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਬੰਨ੍ਹ ਵਿਖੇ ਲਗਾਤਾਰ ਕੰਮ ਜਾਰੀ ਹੈ ਅਤੇ ਜਲਦ ਹੀ ਸਥਿਤੀ ’ਤੇ ਕਾਬੂ ਪਾ ਲਿਆ ਜਾਵੇਗਾ ਜਿਸ ਕਰਕੇ ਕਿਸੇ ਵੀ ਗੱਲ ਤੋਂ ਘਬਰਾਉਣ ਦੀ ਜਰੂਰਤ ਨਹੀਂ ਹੈ। ਉਨ੍ਹਾਂ ਨੇ ਲੋਕਾਂ ਨੂੰ ਅਫਵਾਹਾਂ ਤੋਂ ਵੀ ਸੁਚੇਤ ਰਹਿਣ ਦੀ ਅਪੀਲ ਕੀਤੀ ।
ਬੰਨ੍ਹ ਨੂੰ ਮਜਬੂਤ ਕਰਨ ਵਿੱਚ ਲਗਾਤਾਰ ਕਾਰਜਸ਼ੀਲ ਪਿੰਡਾਂ ਦੇ ਵਸਨੀਕਾਂ ਦਾ ਧੰਨਵਾਦ ਕਰਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਲੋਕਾਂ ਦੇ ਸਹਿਯੋਗ ਨਾਲ ਜਿਲ੍ਹਾ ਪ੍ਰਸ਼ਾਸ਼ਨ ਜਲਦ ਹੀ ਧੁੱਸੀ ਬੰਨ੍ਹ ’ਚ ਪਏ ਪਾੜ ਨੂੰ ਪੂਰਨ ਵਿੱਚ ਸਫਲ ਹੋਵੇਗਾ। ਇਸ ਮੌਕੇ ਐਸ.ਐਸ.ਪੀ. ਡਾ. ਮਹਿਤਾਬ ਸਿੰਘ, ਜਿਲ੍ਹਾ ਯੋਜਨਾ ਕਮੇਟੀ ਦੇ ਚੇਅਰਮੈਨ ਸਤਨਾਮ ਸਿੰਘ ਜਲਾਲਪੁਰ, ਆਮ ਆਦਮੀ ਪਾਰਟੀ ਦੇ ਆਗੂ ਲਲਿਤ ਮੋਹਨ ਪਾਠਕ, ਐਸ.ਡੀ.ਐਮ. ਅਨਮਜਯੋਤ ਕੌਰ, ਤਹਿਸੀਲਦਾਰ ਮਨਿੰਦਰ ਸਿੰਘ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਅਤੇ ਪਿੰਡਾਂ ਦੇ ਲੋਕ ਭਾਰੀ ਗਿਣਤੀ ਵਿੱਚ ਮੌਜੂਦ ਸਨ ।