Flood Breaking : ਹਰੀਕੇ ਨੇੜੇ ਸਤਲੁਜ ਦੇ ਬੰਨ੍ਹ ਨੂੰ 20 ਫੁੱਟ ਦਾ ਪਾੜ ਪਿਆ, ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ
ਬਲਜੀਤ ਸਿੰਘ
ਤਰਨ ਤਾਰਨ, 9 ਸਤੰਬਰ 2025 : ਹਰੀਕੇ ਹੈੱਡ ਵਰਕਸ ਤੋਂ ਛੱਡੇ ਗਏ ਸਤਲੁਜ ਦਰਿਆ ਦੇ ਪਾਣੀ ਕਾਰਨ ਲੋਕਾਂ ਦਾ ਜੀਵਨ ਮੁਸ਼ਕਲ ਹੋਇਆ ਪਿਆ ਹੈ। ਅੱਜ ਸਵੇਰੇ ਪੱਟੀ, ਤਰਨ ਤਾਰਨ ਦੇ ਪਿੰਡ ਸਭਰਾਂ ਨਜ਼ਦੀਕ ਪਾਡਿਆਂ ਦੀਆਂ ਬਹੇਕਾਂ ਕੋਲ ਹਰੀਕੇ ਸਤਲੁਜ ਧੁਸੀ ਬੰਨ੍ਹ ਨੂੰ 20 ਫੁੱਟ ਦਾ ਪਾੜ ਪੈ ਗਿਆ। ਇਸ ਨਾਲ ਆਸ-ਪਾਸ ਦੇ ਇਲਾਕਿਆਂ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ।
ਸੋਸ਼ਲ ਮੀਡੀਆ 'ਤੇ ਮਦਦ ਦੀ ਅਪੀਲ
ਬੰਨ੍ਹ ਨੂੰ ਪਾੜ ਪੈਣ ਤੋਂ ਬਾਅਦ ਲੋਕਾਂ ਵਿੱਚ ਭਾਜੜ ਮੱਚ ਗਈ ਅਤੇ ਉਹ ਤੁਰੰਤ ਸੋਸ਼ਲ ਮੀਡੀਆ 'ਤੇ ਵੀਡੀਓ ਪਾ ਕੇ ਆਸ-ਪਾਸ ਦੇ ਪਿੰਡਾਂ ਦੇ ਲੋਕਾਂ ਨੂੰ ਮਦਦ ਲਈ ਪਹੁੰਚਣ ਦੀ ਅਪੀਲ ਕਰਨ ਲੱਗੇ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਉਹ ਪਿਛਲੇ 25 ਦਿਨਾਂ ਤੋਂ ਬੰਨ੍ਹ ਦੀ ਰਾਖੀ ਕਰ ਰਹੇ ਹਨ ਅਤੇ ਪਾਣੀ ਦੇ ਵਹਾਅ ਨੂੰ ਘੱਟ ਕਰਨ ਲਈ ਲਗਾਤਾਰ ਮਿੱਟੀ ਦੇ ਤੋੜੇ ਭਰ ਕੇ ਪਾ ਰਹੇ ਹਨ।
ਪਿਛਲੇ ਸਾਲ ਦੀ ਘਟਨਾ
ਪਿੰਡ ਵਾਸੀਆਂ, ਜਿਨ੍ਹਾਂ ਵਿੱਚ ਬਾਬਾ ਸਾਰਜ ਸਿੰਘ, ਗੁਰਚਰਨਪ੍ਰੀਤ ਸਿੰਘ ਅਤੇ ਪ੍ਰਧਾਨ ਸੋਹਣ ਸਿੰਘ ਸਭਰਾ ਸ਼ਾਮਲ ਹਨ, ਨੇ ਦੱਸਿਆ ਕਿ 2023 ਵਿੱਚ ਵੀ ਪਿੰਡ ਘੜੋਮ ਨਜ਼ਦੀਕੋਂ ਬੰਨ੍ਹ ਟੁੱਟ ਗਿਆ ਸੀ, ਜਿਸ ਨਾਲ ਇਸ ਇਲਾਕੇ ਦਾ ਬਹੁਤ ਵੱਡਾ ਨੁਕਸਾਨ ਹੋਇਆ ਸੀ। ਉਨ੍ਹਾਂ ਨੇ ਕਿਹਾ ਕਿ ਜਦੋਂ ਤੱਕ ਪਾਣੀ ਦਾ ਵਹਾਅ ਘੱਟ ਨਹੀਂ ਹੁੰਦਾ, ਉਹ ਇਸ ਬੰਨ੍ਹ ਦੀ ਰਾਖੀ ਕਰਦੇ ਰਹਿਣਗੇ।
ਉਨ੍ਹਾਂ ਨੇ ਸਰਕਾਰੀ ਅਧਿਕਾਰੀਆਂ ਨੂੰ ਵੀ ਜਲਦ ਤੋਂ ਜਲਦ ਮੌਕੇ 'ਤੇ ਪਹੁੰਚਣ ਦੀ ਅਪੀਲ ਕੀਤੀ ਹੈ ਤਾਂ ਜੋ ਇਸ ਬੰਨ੍ਹ ਨੂੰ ਟੁੱਟਣ ਤੋਂ ਬਚਾਇਆ ਜਾ ਸਕੇ ਅਤੇ ਕੋਈ ਵੱਡਾ ਨੁਕਸਾਨ ਨਾ ਹੋਵੇ।