ਪੰਜਾਬ ਦੇ ਰਾਜਪਾਲ ਨੇ ਕਪੂਰਥਲਾ ਵਿੱਚ ਹੜ੍ਹਾਂ ਦੀ ਗੰਭੀਰ ਸਥਿਤੀ 'ਤੇ ਚਿੰਤਾ ਪ੍ਰਗਟਾਈ
*ਸੰਤ ਸੀਚੇਵਾਲ ਨਾਲ ਫੋਨ ਤੇ ਗੱਲ ਕਰਕੇ ਹੜ੍ਹ ਪੀੜਤਾਂ ਦਾ ਜਾਣਿਆ ਹਾਲ*
ਬਲਵਿੰਦਰ ਸਿੰਘ ਧਾਲੀਵਾਲ
ਜਲੰਧਰ/ਸੁਲਤਨਾਪੁਰ ਲੋਧੀ, 31 ਅਗਸਤ
ਪੰਜਾਬ ਦੇ ਰਾਜਪਾਲ ਮਾਣਯੋਗ ਸ਼੍ਰੀ ਗੁਲਾਬ ਚੰਦ ਕਟਾਰੀਆ ਨੇ ਅੱਜ ਸੁਲਤਾਨਪੁਰ ਲੋਧੀ ਦੇ ਮੰਡ ਖੇਤਰਾਂ ਵਿੱਚ ਹੜ੍ਹਾਂ ਦੀ ਗੰਭੀਰ ਸਥਿਤੀ 'ਤੇ ਆਪਣੀ ਚਿੰਤਾ ਪ੍ਰਗਟਾਈ। ਪੰਜਾਬ ਦੇ ਰਾਜਪਾਲ ਨੇ ਅੱਜ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨਾਲ ਟੈਲੀਫੋਨ 'ਤੇ ਗੱਲਬਾਤ ਕਰਕੇ ਮੰਡ ਇਲਾਕੇ ਵਿੱਚ ਹੜ੍ਹਾਂ ਦੀ ਸਥਿਤੀ ਬਾਰੇ ਪੁੱਛਿਆ ਅਤੇ ਕਪੂਰਥਲਾ ਵਿੱਚ ਵਿਗੜਦੀ ਹੜ੍ਹ ਦੀ ਸਥਿਤੀ 'ਤੇ ਆਪਣੀ ਚਿੰਤਾ ਪ੍ਰਗਟ ਕੀਤੀ। ਉਹਨਾਂ ਇਸ ਨਾਜ਼ੁਕ ਸਥਿਤੀ ਦੌਰਾਨ ਹੜ੍ਹ ਪੀੜਤਾਂ ਦੀ ਸੇਵਾ ਲਈ ਪਹਿਲੇ ਦਿਨਾਂ ਤੋਂ ਹੀ ਸੇਵਾ ਵਿੱਚ ਜੁਟੇ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਦਾ ਧੰਨਵਾਦ ਵੀ ਕੀਤਾ।
ਜ਼ਿਕਰਯੋਗ ਹੈ ਕਿ ਪੰਜਾਬ ਦੇ ਰਾਜਪਾਲ ਸ਼੍ਰੀ ਗੁਲਾਬ ਚੰਦ ਕਟਾਰੀਆ ਅੱਜ ਇੱਕ ਸਮਾਗਮ ਵਿੱਚ ਸ਼ਾਮਲ ਹੋਣ ਲਈ ਲੁਧਿਆਣਾ ਆਏ ਹੋਏ ਸਨ। ਉਹਨਾਂ ਨੇ ਸਵੇਰੇ 11 ਵਜੇ ਦੇ ਕਰੀਬ ਸੰਤ ਸੀਚੇਵਾਲ ਨੂੰ ਫ਼ੋਨ ਕੀਤਾ। ਉਨ੍ਹਾਂ ਨੇ ਹੜ੍ਹ ਪੀੜਤਾਂ ਨੂੰ ਮਿਲਣ ਅਤੇ ਹੜ੍ਹਾਂ ਦੀ ਗੰਭੀਰ ਸਥਿਤੀ ਦੇਖਣ ਲਈ ਜਲਦ ਹੀ ਸੁਲਤਾਨਪੁਰ ਲੋਧੀ ਆਉਣ ਬਾਰੇ ਕਿਹਾ।
ਗੱਲਬਾਤ ਦੌਰਾਨ ਰਾਜ ਸਭਾ ਮੈਂਬਰ ਸੰਤ ਸੀਚੇਵਾਲ ਨੇ ਪੰਜਾਬ ਦੇ ਰਾਜਪਾਲ ਨੂੰ ਹੜ੍ਹ ਪੀੜਤਾਂ ਦੀ ਤਰਸਯੋਗ ਹਾਲਤ ਬਾਰੇ ਦੱਸਿਆ ਅਤੇ ਪੀੜਤਾਂ ਨੂੰ ਉਨ੍ਹਾਂ ਦੇ ਮੁੜ ਵਸੇਬੇ ਲਈ ਤੁਰੰਤ ਸਹਾਇਤਾ ਕਰਨ ਬਾਰੇ ਵੀ ਚਰਚਾ ਕੀਤੀ।
ਯਾਦ ਰਹੇ ਕਿ ਸੰਤ ਸੀਚੇਵਾਲ ਵੱਲੋਂ ਬੀਤੇ ਦਿਨੀ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਨੂੰ ਪੱਤਰ ਲਿਖਕੇ ਪੰਜਾਬ ਵਿੱਚ ਆਏ ਹੜ੍ਹਾਂ ਨੂੰੰ ਕੌਮੀ ਆਪਦਾ ਐਲਾਨਣ ਦੀ ਮੰਗ ਕੀਤੀ ਸੀ। ਉਹਨਾਂ ਇੱਕ ਪੱਤਰ ਪੰਜਾਬ ਦੇ ਮੁੱਖ ਸ. ਭਗਵੰਤ ਸਿੰਘ ਮਾਨ ਨੂੰ ਵੀ ਲਿਿਖਆ ਸੀ ਕਿ ਉਹ ਇਸ ਮਾਮਲੇ ਨੂੰ ਮਜ਼ਬੂਤੀ ਨਾਲ ਕੇਂਦਰ ਸਰਕਾਰ ਕੋਲ ਉਠਾਵੇ।
ਅਧਿਕਾਰੀਆਂ ਮੁਤਾਬਿਕ ਅੱਜ ਬਿਆਸ ਦਰਿਆ ਵਿੱਚ ਪਾਣੀ ਦਾ ਪੱਧਰ 2.35 ਲੱਖ ਕਿਊਸਿਕ ਤੱਕ ਰਿਹਾ ਹੈ। ਬਿਆਸ ਦਰਿਆ ਵਿੱਚ ਵਧਦਾ ਪਾਣੀ ਹੁਣ ਬੰਨ੍ਹਾਂ ਲਈ ਖ਼ਤਰਾ ਪੈਦਾ ਕਰ ਰਿਹਾ ਹੈ।
ਅੱਜ ਲਗਾਤਾਰ ਮੀਂਹ ਪੈਣ ਦੇ ਬਾਵਜੂਦ ਵੀ ਸੰਤ ਸੀਚੇਵਾਲ ਅਤੇ ਸੇਵਾਦਾਰਾਂ ਨੇ ਸੁਲਤਾਨਪੁਰ ਲੋਧੀ ਦੇ ਮੰਡ ਇਲਾਕਿਆਂ ਵਿੱਚ ਪੀੜਤਾਂ ਨੂੰ ਉਨ੍ਹਾਂ ਦੇ ਘਰਾਂ ਵਿੱਚ ਕਿਸ਼ਤੀਆਂ ਦੀ ਮਦਦ ਨਾਲ ਪਕਾਇਆ ਭੋਜਨ ਅਤੇ ਹੋਰ ਰਾਹਤ ਸਮੱਗਰੀ ਜਿਵੇਂ ਕਿ ਤਰਪਾਲਾਂ ਅਤੇ ਰਾਹਤ ਸਮੱਗਰੀ ਆਦਿ ਵੰਡਣਾ ਜਾਰੀ ਰੱਖਿਆ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਦੇ ਪ੍ਰਧਾਨ ਸ. ਹਰਜਿੰਦਰ ਸਿੰਘ ਧਾਮੀ ਨੇ ਵੀ ਰਾਜ ਸਭਾ ਮੈਂਬਰ ਤੇ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਨਾਲ ਮੁਲਾਕਾਤ ਕੀਤੀ। ਉਹਨਾਂ ਹੜ੍ਹਾਂ ਪੀੜਤ ਲਈ ਲਿਆਂਦੀ ਰਾਹਤ ਸਮੱਗਰੀ ਵੰਡੀ। ਸੰਤ ਸੀਚੇਵਾਲ ਨੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸ. ਹਰਜਿੰਦਰ ਸਿੰਘ ਧਾਮੀ ਨੂੰ ਕਿਸ਼ਤੀ ਵਿੱਚ ਬੈਠਾ ਕੇ ਮੰਡ ਦੇ ਉਹਨਾਂ ਡੇਰਿਆਂ ਤੱਕ ਲੈ ਕੇ ਗਏ ਜਿੱਥੇ ਹੜ੍ਹ ਨੇ ਪੂਰੀ ਤਬਾਹੀ ਮਚਾਈ ਹੋਈ ਹੈ। ਬੀਤੀ ਕੱਲ੍ਹ ਨਾਮਧਾਰੀ ਸੰਪਰਦਾ ਦੇ ਮੱੁਖੀ ਸਤਿਗੁਰੂ ਉਦੈ ਸਿੰਘ ਨੇ ਵੀ ਸੰਤ ਸੀਚੇਵਾਲ ਨਾਲ ਮੁਲਾਕਾਤ ਕੀਤੀ ਅਤੇ ਹੜ੍ਹ ਪੀੜਤਾਂ ਨੂੰ ਹਰ ਸੰਭਵ ਸਹਾਇਤਾ ਦੇਣ ਦਾ ਭਰੋਸਾ ਦਿੱਤਾ।