‘ਫਾਸ਼ੀ ਹਮਲਿਆਂ ਵਿਰੋਧੀ ਫਰੰਟ’ ਵਲੋਂ 15 ਜੁਲਾਈ ਤੋਂ 15 ਅਗਸਤ ਤੱਕ ਜ਼ਿਲ੍ਹਾ ਪੱਧਰੀ ਕਨਵੈਨਸ਼ਨਾਂ ਦਾ ਸੱਦਾ
ਅਸ਼ੋਕ ਵਰਮਾ
ਜਲੰਧਰ, 7 ਜੁਲਾਈ 2025 : ਸੀਪੀਆਈ, ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰਐੱਮਪੀਆਈ), ਸੀਪੀਆਈ (ਮਾਲੇ) ਲਿਬਰੇਸ਼ਨ, ਸੀਪੀਆਈ (ਮਾਲੇ) ਨਿਊ ਡੈਮੋਕ੍ਰੇਸੀ, ਇਨਕਲਾਬੀ ਕੇਂਦਰ ਪੰਜਾਬ ਅਤੇ ਐੱਮਸੀਪੀਆਈ (ਯੂ) ‘ਤੇ ਆਧਾਰਿਤ ‘ਫਾਸ਼ੀ ਹਮਲਿਆਂ ਵਿਰੋਧੀ ਫਰੰਟ’ ਦੇ ਆਗੂਆਂ ਸਾਥੀ ਮੰਗਤ ਰਾਮ ਪਾਸਲਾ, ਪ੍ਰਿਥੀਪਾਲ ਸਿੰਘ ਮਾੜੀਮੇਘਾ, ਸੁਖਦਰਸ਼ਨ ਸਿੰਘ ਨੱਤ, ਅਜਮੇਰ ਸਿੰਘ ਸਮਰਾ, ਕੰਵਲਜੀਤ ਖੰਨਾ, ਪਰਗਟ ਸਿੰਘ ਜਾਮਾਰਏ, ਨੇ 15 ਜੁਲਾਈ ਤੋਂ 15 ਅਗਸਤ ਤੱਕ ਫਰੰਟ ਤਰਫੋਂ ਜ਼ਿਲ੍ਹਾ ਪੱਧਰੀ ਕਨਵੈਂਸ਼ਨਾਂ ਕਰਾਉਣ ਦਾ ਐਲਾਨ ਕੀਤਾ ਹੈ। ਉਨ੍ਹਾਂ ਦੱਸਿਆ ਕਿ ‘ਫਰੰਟ’, ਭਾਰਤ ਅੰਦਰ ਤਾਨਾਸ਼ਾਹੀ ਤਰਜ਼ ਦਾ, ਹਿੰਦੂਤਵੀ-ਮਨੂੰਵਾਦੀ ਚੌਖਟੇ ਵਾਲਾ, ਧਰਮ ਅਧਾਰਤ, ਪਿਛਾਖੜੀ ਰਾਜ ਪ੍ਰਬੰਧ ਕਾਇਮ ਕਰਨ ਦੇ ਰਾਸ਼ਟਰੀ ਸੋਇਮ ਸੇਵਕ ਸੰਘ (ਆਰ.ਐਸ.ਐਸ.) ਦੇ ਫਿਰਕੂ-ਫਾਸ਼ੀ ਏਜੰਡੇ ਨੂੰ ਭਾਂਜ ਦੇਣ ਲਈ ਵਿਸ਼ਾਲ ਲੋਕ ਲਾਮਬੰਦੀ ‘ਤੇ ਆਧਾਰਿਤ ਸਮਝੌਤਾ ਰਹਿਤ, ਬੱਝਵਾਂ ਸੰਗਰਾਮ ਸਿਰਜਣ ਦੇ ਸਿਰਤੋੜ ਯਤਨ ਕਰੇਗਾ।
ਉਨ੍ਹਾਂ ਕਿਹਾ ਕਿ ਫਰੰਟ’ ਨੇ ਉਕਤ ਕੋਝੇ ਮਕਸਦ ਦੀ ਪੂਰਤੀ ਲਈ ਸੰਘ ਪਰਿਵਾਰ ਦੇ ਖਰੂਦੀ ਗ੍ਰੋਹਾਂ ਵਲੋਂ ਮੋਦੀ ਸਰਕਾਰ ਦੀ ਨੰਗੀ-ਚਿੱਟੀ ਮਿਲੀਭੁਗਤ ਨਾਲ ਫਿਰਕੂ ਵੰਡ ਤਿੱਖੀ ਕਰਨ ਵਾਸਤੇ ਘੱਟ ਗਿਣਤੀਆਂ, ਖਾਸ ਕਰਕੇ ਮੁਸਲਮਾਨਾਂ ਤੇ ਈਸਾਈਆਂ ਖਿਲਾਫ਼ ਕੀਤੇ ਜਾ ਰਹੇ ਚੌਤਰਫਾ ਘਾਤਕ ਹੱਲਿਆਂ ਦੇ ਖਤਰਨਾਕ ਨਤੀਜੀਆਂ ਤੋਂ ਦੇਸ਼ ਵਾਸੀਆਂ ਨੂੰ ਚੌਕਸ ਕਰਨ ਲਈ ਵੀ ਉਚੇਚੀ ਯੋਜਨਾਬੰਦੀ ਉਲੀਕੀ ਹੈ।
ਉਨ੍ਹਾਂ ਅੱਗੋਂ ਕਿਹਾ ਕਿ ਗਰੀਬ ਸ਼੍ਰੇਣੀ, ਸ਼ੂਦਰਾਂ ਤੇ ਸਮੁੱਚੀਆਂ ਇਸਤਰੀਆਂ ਦੀ ਗੁਲਾਮੀ ਦੇ ਦਸਤਾਵੇਜ਼ ‘ਮਨੂੰ ਸਿਮਰਤੀ’ ਨੂੰ ਦੇਸ਼ ਦੇ ਵਰਤਮਾਨ ਸੰਵਿਧਾਨ ਦੇ ਬਦਲ ਵਜੋਂ ਲਾਗੂ ਕਰਨ ਦੀਆਂ ਸੰਘ ਪਰਿਵਾਰ ਦੀਆਂ ਕੁਚਾਲਾਂ ਖਿਲਾਫ਼ ਭਾਰਤ ਦੇ ਸਮੂਹ ਮਿਹਨਤਕਸ਼ਾਂ ਨੂੰ ਸੁਚੇਤ ਕਰਨਾ ਤੇ ਇਸ ਪ੍ਰਤੀਕਿਰਿਆਵਾਦੀ ਮਨਸੂਬਾਬੰਦੀ ਖਿਲਾਫ਼ ਦੇਸ਼ ਵਿਆਪੀ ਲੋਕ ਘੋਲ ਵਿੱਢਣਾ ‘ਫਰੰਟ’ ਦਾ ਅਗਲੇਰਾ ਵਿਸ਼ੇਸ਼ ਕਾਰਜ ਹੋਵੇਗਾ।
ਉਨ੍ਹਾਂ ਦੱਸਿਆ ਕਿ ਯਾਦ ਰਹੇ ਆਪਣੇ ਇਸੇ ਨਿਸ਼ਾਨੇ ਦੀ ਪੂਰਤੀ ਲਈ ਆਰ.ਐਸ.ਐਸ. ਵਲੋਂ ਵਿੱਦਿਅਕ ਪਾਠਕ੍ਰਮ ਤੇ ਇਤਿਹਾਸ ਸਮੇਤ ਸਮੁੱਚੀ ਜੀਵਨ ਜਾਚ ਨੂੰ ਭਗਵਾਂ ਰੰਗ ਚਾੜ੍ਹਿਆ ਜਾ ਰਿਹਾ ਹੈ ਅਤੇ ਖੁਦ ਮੁਖਤਿਆਰ ਸੰਵਿਧਾਨਕ ਅਦਾਰਿਆਂ ਨੂੰ ਹਕੂਮਤ ਦਾ ਦੁਮਛੱਲਾ ਬਣਾਇਆ ਜਾ ਰਿਹਾ ਹੈ।‘ਫਰੰਟ’, ਦੇਸ਼ ਦੇ ਸੰਵਿਧਾਨ ਦੀ ਪ੍ਰਸਤਾਵਨਾ ਵਿਚ ਦਰਜ ਜਮਹੂਰੀ, ਧਰਮ ਨਿਰਪੱਖ ਤੇ ਫੈਡਰਲ ਸਰੋਕਾਰਾਂ ਅਤੇ ਬੇਸ਼ੁਮਾਰ ਕੁਰਬਾਨੀਆਂ ਸਦਕਾ ਹਾਸਲ ਕੀਤੇ ਮਨੁੱਖੀ ਤੇ ਸੰਵਿਧਾਨਕ ਹੱਕ-ਹਕੂਕ, ਖਾਸ ਕਰਕੇ ਵਿਚਾਰ ਪ੍ਰਗਟਾਵੇ ਦੀ ਆਜ਼ਾਦੀ ਤੇ ਅਸਹਿਮਤੀ ਦੇ ਅਧਿਕਾਰ ਦੀ ਰਾਖੀ ਦਾ ਸੰਗਰਾਮ ਹੋਰ ਵਿਸ਼ਾਲ ਤੇ ਪ੍ਰਚੰਡ ਕਰਨ ਦੇ ਵੀ ਸਰਵ ਪੱਖੀ ਉਪਰਾਲੇ ਕਰੇਗਾ।
ਉਨ੍ਹਾਂ ਕਿਹਾ ਕਿ ਜਲ, ਜੰਗਲ, ਜ਼ਮੀਨ ਤੇ ਪਬਲਿਕ ਸੈਕਟਰ ਸਮੇਤ ਦੇਸ਼ ਦੇ ਕੁਲ ਕੁਦਰਤੀ ਤੇ ਮਾਨਵੀ ਵਸੀਲੇ ਸਾਮਰਾਜੀ ਧਾੜਵੀਆਂ, ਬਹੁਕੌਮੀ ਕਾਰਪੋਰੇਸ਼ਨਾਂ ਤੇ ਅਡਾਨੀ-ਅੰਬਾਨੀ ਜਿਹੇ ਜੁੰਡੀ ਪੂੰਜੀਪਤੀਆਂ ਦੇ ਹਵਾਲੇ ਕਰਨ ਵਾਲੀਆਂ ਕੇਂਦਰੀ ਤੇ ਸੂਬਾਈ ਸਰਕਾਰਾਂ ਦੀਆਂ ਨਵ-ਉਦਾਰਵਾਦੀ ਨੀਤੀਆਂ ਅਤੇ ਹਕੂਮਤਾਂ ਦੇ ਜਾਬਰ ਹੱਲਿਆਂ ਖਿਲਾਫ ਜਾਰੀ ਲੋਕ ਘੋਲ ਨੂੰ ਹੋਰ ਤਿੱਖਾ ਤੋਂ ਤਿਖੇਰਾ ਕਰਨ ਲਈ ਵੀ ਫਰੰਟ ਵਲੋਂ ਵਿਸ਼ੇਸ਼ ਮੁਹਿੰਮ ਵਿੱਢੀ ਜਾਵੇਗੀ।ਦੇਸ਼ ਦੇ ਰੋਸ਼ਨ ਖਿਆਲ ਬੁੱਧੀਜੀਵੀਆਂ, ਮਨੁੱਖੀ ਅਧਿਕਾਰ ਤੇ ਤਰਕਵਾਦੀ ਕਾਰਕੁੰਨਾਂ ‘ਤੇ ਢਾਹੇ ਜਾ ਰਹੇ ਅਕਹਿ ਜਬਰ ਅਤੇ ਸੱਭਿਅਤਾ ਵਿਰੋਧੀ ਗੈਰ ਸੰਵਿਧਾਨਕ ਕਤਲਾਂ (ਐਕਸਟਰਾ ਜੁਡੀਸ਼ੀਅਲ ਕਿਲਿੰਗਜ) ਖਿਲਾਫ਼ ਵੀ ‘ਫਰੰਟ’ ਵਲੋਂ ਸ਼ਕਤੀਸ਼ਾਲੀ ਆਵਾਜ਼ ਬੁਲੰਦ ਕੀਤੀ ਜਾਵੇਗੀ।
ਉਨ੍ਹਾਂ ਕਿਹਾ ਕਿ ਫਰੰਟ’, ਕੇਂਦਰੀ ਹੁਕਮਰਾਨਾਂ ਦੀਆਂ ਪੰਜਾਬ ਵਿਰੋਧੀ ਸਾਜ਼ਿਸ਼ਾਂ, ਪੰਜਾਬ ਨਾਲ ਕੀਤੇ ਜਾ ਰਹੇ ਧੱਕੇ-ਵਿਤਕਰੇ ਅਤੇ ਸੂਬੇ ਦੇ ਦਹਾਕਿਆਂ ਬੱਧੀ ਲਮਕਦੇ ਤੁਰੇ ਆ ਰਹੇ ਮੁੱਦਿਆਂ ਦੇ ਨਿਆਂ ਸੰਗਤ ਹੱਲ ਲਈ ਸਮੂਹ ਪੰਜਾਬੀਆਂ ਦੀ ਏਕਤਾ ਕਾਇਮ ਕਰਨ ਲਈ ਵੀ ਭਰਵਾਂ ਯੋਗਦਾਨ ਪਾਵੇਗਾ।ਆਪੋ-ਆਪਣੇ ਮੰਗਾਂ-ਮਸਲਿਆਂ ਦੇ ਹੱਲ ਲਈ ਜੂਝ ਰਹੇ ਤਬਕਾਤੀ ਸੰਗਠਨਾਂ ਦੇ ਘੋਲਾਂ ਦਾ ਵੀ ਫਰੰਟ ਵਲੋਂ ਹਰ ਪ੍ਰਕਾਰ ਦਾ ਨੈਤਿਕ-ਭੌਤਿਕ ਸਮਰਥਨ ਕੀਤਾ ਜਾਵੇਗਾ।
‘ਫਰੰਟ’ ਪੰਜਾਬ ਦੀ ਲੈਂਡ ਪੂਲਿੰਗ ਪਾਲਿਸੀ (ਜ਼ਮੀਨ ਅਧਿਗ੍ਰਹਿਣ ਨੀਤੀ) ਦਾ ਵੀ ਡੱਟਵਾਂ ਵਿਰੋਧ ਕਰਦਾ ਹੈ।
ਫਰੰਟ ਵਲੋਂ 15 ਜੁਲਾਈ ਤੋਂ 15 ਅਗਸਤ 2025 ਤੱਕ ਜ਼ਿਲ੍ਹਾ ਪੱਧਰੀ ਕਨਵੈਨਸ਼ਨਾਂ ਕੀਤੀਆਂ ਜਾਣਗੀਆਂ।