ਪਾਵਰਕੌਮ ਅਤੇ ਟਰਾਂਸਕੋ ਪੈਨਸ਼ਨਰਜ਼ ਐਸੋਸੀਏਸ਼ਨ ਵੱਲੋਂ 9 ਜੁਲਾਈ ਮੁਲਕ ਪੱਧਰੀ ਹੜਤਾਲ ਦੀ ਹਮਾਇਤ
ਅਸ਼ੋਕ ਵਰਮਾ
ਬਰਨਾਲਾ ,7 ਜੁਲਾਈ 2025 :ਪਾਵਰਕੌਮ ਅਤੇ ਟਰਾਂਸਕੋ ਪੈਨਸ਼ਨਰਜ਼ ਐਸੋਸੀਏਸ਼ਨ ਵੱਲੋਂ 9 ਜੁਲਾਈ ਮੁਲਕ ਪੱਧਰੀ ਕਿਰਤੀ ਕਾਮਿਆਂ ਦੀ ਹੜਤਾਲ ਦੀ ਹਮਾਇਤ ਕਰਨ ਦਾ ਫ਼ੈਸਲਾ ਕੀਤਾ ਲਿਆ ਗਿਆ ਹੈ। ਇਹ ਫੈਸਲਾ ਸ਼ਹਿਰੀ ਅਤੇ ਦਿਹਾਤੀ ਦੋਵੇਂ ਮੰਡਲਾਂ ਦੀ ਸਾਂਝੀ ਰੂਪ ਚੰਦ ਤਪਾ ਦੀ ਅਗਵਾਈ ਹੇਠ ਹੋਈ ਜਨਰਲ ਮੀਟਿੰਗ ਵਿੱਚ ਲਿਆ ਗਿਆ। ਪ੍ਰੈੱਸ ਨੂੰ ਇਹ ਜਾਣਕਾਰੀ ਸ਼ਹਿਰੀ ਮੰਡਲ ਬਰਨਾਲਾ ਦੇ ਸਕੱਤਰ ਗੁਰਚਰਨ ਸਿੰਘ ਨੇ ਦਿੱਤੀ। ਵਿਸ਼ਾਲ ਰੈਲੀ ਦਾ ਰੂਪ ਧਾਰਨ ਕਰ ਗਈ ਜਨਰਲ ਮੀਟਿੰਗ ਨੂੰ ਸੰਬੋਧਨ ਕਰਦਿਆਂ ਸੂਬਾ ਆਗੂ ਸ਼ਿੰਦਰ ਧੌਲਾ, ਮੇਲਾ ਸਿੰਘ ਕੱਟੂ, ਜੱਗਾ ਸਿੰਘ ਧਨੌਲਾ, ਨਰਾਇਣ ਦੱਤ ਅਤੇ ਸਿਕੰਦਰ ਸਿੰਘ ਤਪਾ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਬਿਜਲੀ ਐਕਟ-2023 ਤਹਿਤ ਰਾਜਾਂ ਦੇ ਬਿਜਲੀ ਬੋਰਡਾਂ ਦਾ ਮੁਕੰਮਲ ਨਿੱਜੀਕਰਨ ਕਰਨ ਲਈ ਰਾਹ ਪੱਧਰਾ ਕਰ ਦਿੱਤਾ ਹੈ। ਪਹਿਲਾਂ ਚੰਡੀਗੜ੍ਹ ਹੁਣ ਯੂਪੀ ਅੰਦਰ ਬਿਜਲੀ ਬੋਰਡਾਂ ਦਾ ਨੂੰ ਕਾਰਪੋਰੇਟ ਘਰਾਣਿਆਂ ਨੂੰ ਵੇਚਣ ਲਈ ਤੱਤਪਰ ਹਨ।
ਉਨ੍ਹਾਂ ਕਿਹਾ ਕਿ ਪਾਵਰਕੌਮ ਦੀ ਮੈਨੇਜਮੈਂਟ ਨੇ ਵੀ ਲਾਲੜੂ ਅਤੇ ਖਰੜ ਮੰਡਲਾਂ ਦੀ ਬੋਲੀ ਲਾਉਣ ਦੀ ਚਾਲ ਚੱਲੀ ਸੀ। ਭਾਵੇਂ ਪੰਜਾਬ ਸਰਕਾਰ ਅਤੇ ਪਾਵਰਕੌਮ ਦੀ ਚਾਲ ਸਫ਼ਲ ਨਹੀਂ ਹੋਣ ਦਿੱਤੀ ਪਰ ਖ਼ਤਰਾ ਬਰਕਰਾਰ ਹੈ। ਚੌਕਸੀ ਬਰਕਰਾਰ ਰੱਖਣ ਦੀ ਲੋੜ ਹੈ। ਪੰਜਾਬ ਸਰਕਾਰ ਅਤੇ ਪਾਵਰਕੌਮ ਪੈਨਸ਼ਨਰਜ਼ ਮੈਨੇਜਮੈਂਟ ਦੀ ਇਸ ਹੱਲੇ ਨੂੰ ਰੋਕਣ ਲਈ ਇੱਕਜੁੱਟ ਸਾਂਝੇ ਸੰਘਰਸ਼ ਦੀ ਲੋੜ ਹੈ। ਆਗੂਆਂ ਨੇ ਪਾਵਰਕੌਮ ਅੰਦਰ 15-15 ਸਾਲ ਤੋਂ ਨਿਗੂਣੀਆਂ ਉਜ਼ਰਤਾਂ 'ਤੇ ਕੰਮ ਕਰਦੇ ਕਾਮੇ ਸਰਕਾਰ ਦੀਆਂ ਟਾਲਮਟੋਲ ਦੀਆਂ ਨੀਤੀਆਂ ਤੋਂ ਅੱਕਕੇ 1 ਜੁਲਾਈ ਤੋਂ ਹੜਤਾਲ ਤੇ ਜਾਣ ਲਈ ਮਜ਼ਬੂਰ ਹਨ। ਇਸੇ ਹੀ ਤਰ੍ਹਾਂ ਕੇਂਦਰ ਸਰਕਾਰ ਵੱਲੋਂ ਆਰਥਿਕ ਸੁਧਾਰਾਂ ਦੀ ਪ੍ਰਕਿਰਿਆ ਤਹਿਤ 44 ਕਿਰਤ ਕਾਨੂੰਨਾਂ ਨੂੰ ਖ਼ਤਮ ਕਰਕੇ 4 ਕਿਰਤ ਕੋਡ ਬਣਾ ਦਿੱਤੇ ਹਨ। ਉਨ੍ਹਾਂ ਕਿਹਾ ਕਿ ਇਸ ਨਾਲ ਸੰਸਾਰੀਕਰਨ, ਉਦਾਰੀਕਰਨ, ਨਿੱਜੀਕਰਨ ਦੀ ਨੀਤੀ ਲਾਗੂ ਕਰਨ ਲਈ ਰਾਹ ਪੱਧਰਾ ਕਰ ਲਿਆ ਹੈ। ਇਸੇ ਲਈ 9 ਜੁਲਾਈ ਨੂੰ ਮੁਲਕ ਪੱਧਰੀ ਇੱਕ ਰੋਜ਼ਾ ਹੜਤਾਲ ਕੀਤੀ ਜਾ ਰਹੀ ਹੈ। ਮੀਟਿੰਗ ਨੇ ਸਰਬਸੰਮਤੀ ਨਾਲ ਇਸ ਹੜਤਾਲ ਦੀ ਹਮਾਇਤ ਕਰਨ ਦਾ ਫ਼ੈਸਲਾ ਲਿਆ। ਇਸ ਮੌਕੇ ਸੀਐਚਬੀ ਕਾਮਿਆਂ, ਵਾਟਰ ਸਪਲਾਈ ਸੀਵਰੇਜ ਬੋਰਡ ਆਊਟਸੋਰਸ ਕਾਮਿਆਂ ਦੀ ਹੜਤਾਲ ਦੀ ਹਮਾਇਤ, ਲੈਂਡ ਪੂਲਿੰਗ ਪਾਲਿਸੀ ਰੱਦ ਕਰਨ ਦੀ ਹਮਾਇਤ, ਯੂਪੀ ਦੇ ਬਿਜਲੀ ਬੋਰਡ ਦੇ ਨਿੱਜੀ ਕਰਨ ਵਿਰੁੱਧ ਸੰਘਰਸ਼ ਕਰ ਰਹੇ ਬਿਜਲੀ ਕਾਮਿਆਂ ਦੇ ਸੰਘਰਸ਼ ਦੀ ਹਮਾਇਤ, ਪੰਜਾਬ ਸਰਕਾਰ ਦੇ ਹੱਕੀ ਸੰਘਰਸ਼ਾਂ ਉੱਪਰ ਜ਼ਬਰ ਦੀ ਜ਼ੋਰਦਾਰ ਨਿਖੇਧੀ ਕਰਨ ਦੇ ਮਤੇ ਸਰਬਸੰਮਤੀ ਨਾਲ ਪਾਸ ਕੀਤੇ ਗਏ। ਇਸ ਸਮੇਂ ਜਗਦੀਸ਼ ਸਿੰਘ, ਹਰਨੇਕ ਸਿੰਘ ਸੰਘੇੜਾ, ਜੋਗਿੰਦਰ ਪਾਲ,ਬਹਾਦਰ ਸਿੰਘ, ਜਗਰਾਜ ਸਿੰਘ, ਰਾਜਪਤੀ, ਅਬਜਿੰਦਰ ਸਿੰਘ, ਸ਼ਿੰਗਾਰਾ ਸਿੰਘ, ਸੁਖਵੰਤ ਸਿੰਘ, ਤੀਰਥ ਦਾਸ ਅਤੇ ਰਣਬੀਰ ਸਿੰਘ ਆਦਿ ਆਗੂਆਂ ਨੇ 9 ਜੁਲਾਈ ਨੂੰ ਮੁਲਕ ਪੱਧਰੀ ਹੜਤਾਲ ਮੌਕੇ ਸਵੇਰੇ ਠੀਕ 10 ਵਜੇ ਮੁੱਖ ਦਫਤਰ ਧਨੌਲਾ ਰੋਡ ਬਰਨਾਲਾ ਵਿਖੇ ਪਹੁੰਚਣ ਦਾ ਸੱਦਾ ਦਿੱਤਾ।