ਡੀਸੀ ਤੇ ਐਸਐਸਪੀ ਬਠਿੰਡਾ ਵੱਲੋਂ ਜ਼ਿਲ੍ਹੇ ਦੀ ਟਾਪਰ ਵਿਦਿਆਰਥਣ ਸਿਮਰਨਜੋਤ ਕੌਰ ਦਾ ਸਨਮਾਨ
ਅਸ਼ੋਕ ਵਰਮਾ
ਬਠਿੰਡਾ, 7 ਜੁਲਾਈ 2025 : ਡਿਪਟੀ ਕਮਿਸ਼ਨਰ ਸ੍ਰੀ ਸ਼ੌਕਤ ਅਹਿਮਦ ਪਰੇ ਅਤੇ ਐਸਐਸਪੀ ਮੈਡਮ ਅਮਨੀਤ ਕੌਂਡਲ ਵੱਲੋਂ ‘ਇਕ ਦਿਨ ਡੀ.ਸੀ/ਐਸ.ਐਸ.ਪੀ. ਦੇ ਨਾਲ’ ਪ੍ਰੋਗਰਾਮ ਤਹਿਤ ਜ਼ਿਲ੍ਹੇ ਦੇ ਪਿੰਡ ਮੌੜ ਖੁਰਦ ਦੀ 10ਵੀਂ ਜਮਾਤ ਵਿੱਚੋਂ 97ਫ਼ੀਸਦੀ ਨੰਬਰ ਪ੍ਰਾਪਤ ਕਰਨ ਵਾਲੀ ਵਿਦਿਆਰਥਣ ਸਿਮਰਨਜੋਤ ਕੌਰ ਦਾ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ ਅਤੇ ਉਸਦੀ ਹੌਂਸਲਾ ਅਫ਼ਜਾਈ ਕਰਦਿਆਂ ਉਸ ਨੂੰ ਜਿੰਦਗੀ ਵਿੱਚ ਹੋਰ ਅੱਗੇ ਵਧਣ ਲਈ ਪ੍ਰੇਰਿਤ ਵੀ ਕੀਤਾ ਗਿਆ।
ਡਿਪਟੀ ਕਮਿਸ਼ਨਰ ਸ਼੍ਰੀ ਸ਼ੌਕਤ ਅਹਿਮਦ ਪਰੇ ਵੱਲੋਂ ਆਪਣੇ ਦਫ਼ਤਰ ਵਿਖੇ ਪਹੁੰਚਣ ਤੇ ਵਿਦਿਆਰਥਣ ਸਿਮਰਨਜੋਤ ਕੌਰ ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਉਸ ਨੂੰ ਮੁਕਾਬਲੇ ਦੀਆਂ ਪ੍ਰੀਖਿਆਵਾਂ ਦੀ ਤਿਆਰੀ ਕਰਨ ਤੇ ਜਿੰਦਗੀ ਵਿੱਚ ਸਖ਼ਤ ਮੇਹਨਤ ਕਰਕੇ ਹੋਰ ਅੱਗੇ ਵਧਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਡਿਪਟੀ ਕਮਿਸ਼ਨਰ ਵੱਲੋਂ ਵਿਦਿਆਰਥਣ ਨੂੰ 1 ਟੈਬ ਅਤੇ ਸਰਟੀਫ਼ਿਕੇਟ ਦੇ ਕੇ ਵਿਸ਼ੇਸ਼ ਤੌਰ ਤੇ ਸਨਮਾਨਿਤ ਵੀ ਕੀਤਾ ਗਿਆ।
ਇਸ ਤੋਂ ਪਹਿਲਾਂ ਵਿਦਿਆਰਥਣ ਵੱਲੋਂ ਐਸ.ਐਸ.ਪੀ. ਦਫ਼ਤਰ ਵਿਖੇ ਜ਼ਿਲ੍ਹਾ ਪੁਲਿਸ ਮੁਖੀ ਮੈਡਮ ਅਮਨੀਤ ਕੌਂਡਲ ਨਾਲ ਵੀ ਕਾਫ਼ੀ ਸਮਾਂ ਗੁਜ਼ਾਰਿਆ। ਇਸ ਦੌਰਾਨ ਐਸ.ਐਸ.ਪੀ. ਮੈਡਮ ਵੱਲੋਂ ਵਿਦਿਆਰਥਣ ਸਿਮਰਨਜੋਤ ਕੌਰ ਨੂੰ ਪੁਲਿਸ ਪ੍ਰਸਾਸ਼ਨ ਨਾਲ ਸਬੰਧਤ ਕੰਮਾਂ ਬਾਰੇ ਜਾਣੂੰ ਕਰਵਾਉਣ ਦੇ ਨਾਲ-ਨਾਲ ਉਸ ਨੂੰ ਜਿੰਦਗੀ ਵਿੱਚ ਹੋਰ ਅੱਗੇ ਵਧਣ ਲਈ ਪ੍ਰੇਰਿਆ।
ਇਸ ਉਪਰੰਤ ਵਿਦਿਆਰਥਣ ਵੱਲੋਂ ਵਧੀਕ ਡਿਪਟੀ ਕਮਿਸ਼ਨਰ ਜਨਰਲ ਮੈਡਮ ਪੂਨਮ ਸਿੰਘ ਨਾਲ ਵੀ ਉਨ੍ਹਾਂ ਦੇ ਦਫ਼ਤਰ ਵਿਖੇ ਕੁੱਝ ਸਮਾਂ ਗੁਜ਼ਾਰਿਆ। ਇਸ ਦੌਰਾਨ ਵਧੀਕ ਡਿਪਟੀ ਕਮਿਸ਼ਨਰ ਵੱਲੋਂ ਉਨ੍ਹਾਂ ਨਾਲ ਆਪਣੇ ਤਜ਼ਰਬੇ ਸਾਂਝੇ ਕਰਦਿਆਂ ਵਿਦਿਆਰਥਣ ਸਿਮਰਨਜੋਤ ਕੌਰ ਨੂੰ ਮੁਕਾਬਲੇ ਦੇ ਇਮਤਿਹਾਨਾਂ ਬਾਰੇ ਜਾਣੂੰ ਕਰਵਾਇਆ।
ਇਸ ਮੌਕੇ ਵਿਦਿਆਰਥਣ ਨੇ ਪੰਜਾਬ ਸਰਕਾਰ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਇਹ ਉਨ੍ਹਾਂ ਦੇ ਜੀਵਨ ਦਾ ਇਕ ਵਿਲੱਖਣ ਮੌਕਾ ਸੀ, ਜਿਸ ਨੇ ਉਨ੍ਹਾਂ ਨੂੰ ਪੰਜਾਬ ਦੇ ਸਿਵਲ ਤੇ ਪੁਲਿਸ ਪ੍ਰਸ਼ਾਸਨ ਦੀ ਪ੍ਰਕਿਰਿਆ, ਲੀਡਰਸ਼ਿਪ ਤੇ ਜਨਤਕ ਸੇਵਾਵਾਂ ਦੀਆਂ ਬਾਰੀਕੀਆਂ ਨੂੰ ਸਮਝਣ ਦਾ ਮੌਕਾ ਦਿੱਤਾ।
ਉਨ੍ਹਾਂ ਨੇ ਇਸ ਅਨੁਭਵ ਨੂੰ ਅਭੁੱਲ ਅਤੇ ਪ੍ਰੇਰਨਾਦਾਇਕ ਦੱਸਿਆ ਅਤੇ ਕਿਹਾ ਕਿ ਇਹ ਉਨ੍ਹਾਂ ਨੂੰ ਆਪਣੇ ਭਵਿੱਖ ਦੇ ਟੀਚੇ ਨਿਰਧਾਰਤ ਕਰਨ ਵਿਚ ਮਦਦ ਕਰੇਗਾ। ਉਨ੍ਹਾਂ ਅੱਜ ਦੇ ਦਿਨ ਨੂੰ ਆਪਣੀ ਜਿੰਦਗੀ ਦੇ ਯਾਦਗਾਰੀ ਤੇ ਸੁਨਹਿਰੀ ਪਲ ਦੱਸਦਿਆਂ ਕਿਹਾ ਕਿ ਅੱਜ ਉਨ੍ਹਾਂ ਨੂੰ ਜਿੱਥੇ ਸਿਵਲ ਤੇ ਪੁਲਿਸ ਪ੍ਰਸ਼ਾਸ਼ਨ ਬਾਰੇ ਬਹੁਤ ਕੁੱਝ ਸਿੱਖਣ ਨੂੰ ਮਿਲਿਆ ਹੈ, ਉਥੇ ਹੀ ਉਨ੍ਹਾਂ ਨੁੰ ਜਿੰਦਗੀ ਵਿੱਚ ਹੋਰ ਅੱਗੇ ਵਧਣ ਲਈ ਹੱਲਾਸ਼ੇਰੀ ਵੀ ਮਿਲੀ ਹੈ, ਜਿਸ ਨੂੰ ਉਸ ਵੱਲੋਂ ਕਦੇ ਵੀ ਨਹੀਂ ਭੁਲਾਇਆ ਜਾਵੇਗਾ।
ਇਸ ਮੌਕੇ ਡੀ.ਐਸ.ਪੀ. ਸਪੈਸ਼ਲ ਕ੍ਰਾਈਮ ਕਰਮਜੀਤ ਸਿੰਘ ਸੰਧਾਂਵਾਲੀਆ, ਵਿਦਿਆਰਥਣ ਸਿਮਰਨਜੋਤ ਕੌਰ ਦੇ ਪਿਤਾ ਸ. ਧੀਰ ਸਿੰਘ ਆਦਿ ਹਾਜ਼ਰ ਸਨ।