ਨਸ਼ਿਆਂ ਸਮੇਤ ਵੱਖ-ਵੱਖ ਸਮਾਜਿਕ ਬੁਰਾਈਆਂ ਦੇ ਸਬੰਧ ਵਿੱਚ ਮੀਡੀਆ, ਸਿਵਲ ਤੇ ਪੁਲਿਸ ਵਿਭਾਗ ਵਲੋਂ ਕੀਤੀ ਗਈ ਵਿਸ਼ੇਸ ਮਿਲਣੀ
- ਸਮੂਹਿਕ ਸਾਥ ਨਾਲ ਨਸ਼ਿਆਂ ਨੂੰ ਕੀਤਾ ਜਾਵੇਗਾ ਜੜ੍ਹ ਤੋਂ ਖਤਮ
ਰੋਹਿਤ ਗੁਪਤਾ
ਬਟਾਲਾ/ਗੁਰਦਾਸਪੁਰ, 4 ਜੁਲਾਈ ਨਸ਼ਿਆਂ ਸਮੇਤ ਵੱਖ-ਵੱਖ ਸਮਾਜਿਕ ਬੁਰਾਈਆਂ ਦੇ ਸਬੰਧ ਵਿੱਚ ਪ੍ਰੈੱਸ ਐਸੋਸ਼ੀਏਸ਼ਨ ਰਜਿ. ਪੰਜਾਬ ਵਲੋਂ ਸਿਵਲ ਤੇ ਪੁਲਿਸ ਵਿਭਾਗ ਨਾਲ ਬਟਾਲਾ ਕਲੱਬ ਵਿਖੇ ਵਿਸ਼ੇਸ ਮਿਲਣੀ ਕਰਵਾਈ ਗਈ। ਇਸ ਮੌਕੇ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੀ ਚਚੇਰੀ ਭੈਣ ਸ੍ਰੀਮਤੀ ਜਸਮੀਤ ਕੌਰ, ਐਸ.ਐਸ.ਪੀ ਬਟਾਲਾ ਸੁਹੇਲ ਕਾਸਿਮ ਮੀਰ, ਪੰਜਾਬ ਦੇ ਕਾਰਜਕਾਰੀ ਪ੍ਰਧਾਨ ਅਤੇ ਵਿਧਾਇਕ ਅਮਨਸ਼ੇਰ ਸਿੰਘ ਸ਼ੈਰੀ ਕਲਸੀ ਦੇ ਭਰਾ ਅੰਮ੍ਰਿਤ ਕਲਸੀ, ਐਸ.ਪੀ (ਡੀ) ਗੁਰਦਾਸਪੁਰ ਰਜਿੰਦਰ ਸ਼ਰਮਾ, ਤਹਿਸੀਲਦਾਰ ਬਟਾਲਾ ਅਰਜਨ ਸਿੰਘ ਗਰੇਵਾਲ, ਪ੍ਰੈੱਸ ਐਸ਼ੋਸੀਏਸ਼ਨ ਪੰਜਾਬ ਦੇ ਪ੍ਰਧਾਨ ਗੁਰਵਿੰਦਰ ਸਿੰਘ ਗੋਰਾ ਸੰਧੂ, ਚੇਅਰਮੈਨ ਦੀਪਕ ਸੈਣੀ, ਮਾਸਟਰ ਜੋਗਿੰਦਰ ਸਿੰਘ ਅੱਚਲੀ ਗੇਟ, ਬਟਾਲਾ ਦੇ ਸੀਨੀਅਰ ਪੱਤਰਕਾਰ ਸਾਥੀਆਂ ਸਮੇਤ ਗੁਰਦਾਸਪੁਰ ਜ਼ਿਲ੍ਹੇ ਦੇ ਵੱਖ-ਵੱਖ ਕਸਬਿਆਂ ਅਤੇ ਵੱਖ-ਵੱਖ ਜ਼ਿਲਿਆਂ ਦੇ ਪੱਤਰਕਾਰੀ ਸਾਥੀ ਮੌਜੂਦ ਸਨ।
ਇਸ ਮੌਕੇ ਸੰਬੋਧਨ ਕਰਦਿਆਂ ਸ੍ਰੀਮਤੀ ਜਸਮੀਤ ਕੌਰ ਨੇ ਪ੍ਰੈੱਸ ਐਸੋਸ਼ੀਏਸ਼ਨ ਰਜਿ. ਪੰਜਾਬ ਵਲੋਂ ਕਰਵਾਏ ਸਮਾਗਮ ਦੀਆਂ ਸਰਾਹਨਾ ਕਰਦਿਆਂ ਕਿਹਾ ਕਿ ਸਮਾਜ ਦੇ ਹੋਰ ਬਿਹਤਰ ਵਿਕਾਸ ਤੇ ਤਰੱਕੀ ਲਈ ਅਜਿਹੇ ਸਮਾਗਮ ਕਰਵਾਉਣੇ ਬਹੁਤ ਜਰੂਰੀ ਹਨ। ਉਨਾਂ ਪੰਜਾਬ ਸਰਕਾਰ ਵਲੋਂ ਨਸ਼ਿਆਂ ਨੂੰ ਖਤਮ ਕਰਨ ਲਈ ਵਿੱਢੀ ਵਿਸ਼ੇਸ ਮੁਹਿੰਮ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸਮੂਹਿਕ ਸਹਿਯੋਗ ਨਾਲ ਨਸ਼ਿਆਂ ਨੂੰ ਖਤਮ ਕੀਤਾ ਜਾ ਸਕਦਾ ਹੈ।
ਇਸ ਮੌਕੇ ਸੰਬੋਧਨ ਕਰਦਿਆਂ ਐਸ.ਐਸ.ਪੀ ਬਟਾਲਾ ਸੁਹੇਲ ਕਾਸਿਮ ਮੀਰ ਨੇ ਕਿਹਾ ਕਿ ਬਟਾਲਾ ਪੁਲਿਸ ਵਲੋਂ ਨਸ਼ਿਆਂ ਨੂੰ ਖਤਮ ਕਰਨ ਲਈ ਵਿਸ਼ੇਸ ਮੁਹਿੰਮ ‘ਯੁੱਧ ਨਸ਼ਿਆਂ ਵਿਰੁੱਧ’ ਵਿੱਢੀ ਗਈ ਹੈ ਅਤੇ ਇਸ ਮੁਹਿੰਮ ਨੂੰ ਜ਼ਮੀਨੀ ਪੱਧਰ ਤੱਕ ਸਫਲ ਬਣਾਉਣ ਲਈ ਮੀਡੀਆ ਆਪਣਾ ਯੋਗਦਾਨ ਬਾਖੂਬੀ ਪਾ ਰਿਹਾ ਹੈ। ਉਨਾਂ ਪ੍ਰੈੱਸ ਐਸੋਸ਼ੀਏਸ਼ਨ ਰਜਿ. ਪੰਜਾਬ ਵਲੋਂ ਕਰਵਾਏ ਸਮਾਗਮ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸਾਡੀ ਸਾਰਿਆਂ ਦੀ ਜ਼ਿੰਮਵਾਰੀ ਬਣਦੀ ਹੈ ਕਿ ਅਸੀਂ ਸਮਾਜਿਕ ਬੁਰਾਈਆਂ ਵਿਰੁੱਧ ਇਕੱਠੇ ਹੋਈਏ। ਉਨਾਂ ਕਿਹਾ ਕਿ ਨਸ਼ਿਆਂ ਨੂੰ ਖਤਮ ਕਰਨ ਲਈ ਲੋਕ ਅੱਗੇ ਆ ਰਹੇ ਹਨ ਅਤੇ ਪੁਲਿਸ ਜ਼ਿਲ੍ਹਾ ਬਟਾਲਾ ਵਿੱਚ 110 ਪੰਚਾਇਤਾਂ ਨੇ ਨਸ਼ਿਆਂ ਖਿਲਾਫ ਮਤੇ ਪਾਏ ਹਨ, ਜੋ ਕਿ ਦੂਜੇ ਪਿੰਡਾਂ ਲਈ ਮਿਸਾਲ ਹਨ। ਉਨਾਂ ਦੱਸਿਆ ਕਿ ਬਟਾਲਾ ਪੁਲਿਸ ਵਲੋਂ ਜਿਥੇ ਨਸ਼ਾ ਤਸਕਰਾਂ ਵਿਰੁੱਧ ਸਖਤ ਕਾਰਵਾਈ ਕੀਤੀ ਜਾ ਰਹੀ ਹੈ, ਉਸਦੇ ਨਾਲ ਨਸ਼ਾ ਪੀੜਤਾਂ ਦਾ ਇਲਾਜ ਕਰਵਾ ਕੇ ਉਨਾਂ ਨੂੰ ਮੁੜ ਨਵਾਂ ਜੀਵਨ ਜਿਊਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ।
ਇਸ ਮੌਕੇ ਸੰਬੋਧਨ ਕਰਦਿਆਂ ਅੰਮ੍ਰਿਤ ਕਲਸੀ ਨੇ ਕਿਹਾ ਕਿ ਪੰਜਾਬ ਦੇ ਕਾਰਜਕਾਰੀ ਪ੍ਰਧਾਨ ਅਤੇ ਵਿਧਾਇਕ ਸ਼ੈਰੀ ਕਲਸੀ ਵਲੋਂ ਉਨਾਂ ਦੀ ਇਸ ਸਮਾਗਮ ਵਿੱਚ ਪੁਹੰਚਣ ਲਈ ਵਿਸ਼ੇਸ ਡਿਊਟੀ ਲਗਾਈ ਗਈ ਸੀ ਅਤੇ ਉਨਾਂ ਨੂੰ ਇਥੇ ਆ ਕੇ ਬਹੁਤ ਖੁਸ਼ੀ ਹੋਈ ਕਿ ਮੀਡੀਆ ਤੇ ਪ੍ਰਸ਼ਾਸਨ ਸਮੂਹਿਕ ਰੂਪ ਵਿੱਚ ਨਸ਼ਿਆਂ ਨੂੰ ਖਤਮ ਕਰਨ ਲਈ ਇਕੱਠੇ ਹੋਏ ਹਨ। ਉਨਾਂ ਕਿਹਾ ਕਿ ਪੰਜਾਬ ਦੇ ਕਾਰਜਕਾਰੀ ਪ੍ਰਧਾਨ ਅਤੇ ਵਿਧਾਇਕ ਸ਼ੈਰੀ ਕਲਸੀ ਵਲੋਂ ਨਸ਼ਿਆਂ ਖਿਲਾਫ ਲੋਕਾਂ ਨੂੰ ਲਾਮਬੰਦ ਕਰਨ ਲਈ ਵਿਸ਼ੇਸ ਯਤਨ ਕੀਤੇ ਜਾ ਰਹੇ ਹਨ।
ਉਨਾਂ ਦੱਸਿਆ ਕਿ ਵਿਧਾਇਕ ਸ਼ੈਰੀ ਕਲਸੀ ਦੀ ਅਗਵਾਈ ਹੇਠ ਜਿਥੇ ਲੋਕਾਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕ ਕੀਤਾ ਜਾ ਰਿਹਾ ਹੈ ਉਸਦੇ ਨਾਲ-ਨਾਲ ਲੋਕਾਂ ਨੂੰ ਨਸ਼ਿਆਂ ਵਿਰੁੱਧ ਖੜ੍ਹੇ ਹੋਣ ਦੀ ਸਹੁੰ ਵੀ ਚੁਕਾਈ ਜਾ ਰਹੀ ਹੈ। ਉਨਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਵਿੱਚ ਲੋਕਾਂ ਨੂੰ ਭਰਵਾਂ ਸਹਿਯੋਗ ਦਿੱਤਾ ਜਾ ਰਿਹਾ ਹੈ ਅਤੇ ਸਰਕਾਰ ਦੇ ਉਪਰਾਲੇ ਦੀ ਸ਼ਲਾਘਾ ਕੀਤੀ ਜਾ ਰਹੀ ਹੈ।
ਇਸ ਮੌਕੇ ਸੰਬੋਧਨ ਕਰਦਿਆਂ ਐਸ.ਪੀ (ਡੀ) ਰਜਿੰਦਰ ਸ਼ਰਮਾ ਨੇ ਕਿਹਾ ਕਿ ਪੰਜਾਬ ਪੁਲਿਸ ਵਲੋਂ ਨਸ਼ਿਆਂ ਖਿਲਾਫ ਫੈਸਲਾਕੁੰਨ ਲੜਾਈ ਆਰੰਭੀ ਗਈ ਹੈ ਅਤੇ ਲੋਕਾਂ ਦੇ ਸਹਿਯੋਗ ਨਾਲ ਇਸ ਲੜਾਈ ਨੂੰ ਸਰ ਕੀਤਾ ਜਾਵੇਗਾ। ਉਨਾਂ ਪ੍ਰੈੱਸ ਐਸੋਸ਼ੀਏਸ਼ਨ ਰਜਿ. ਪੰਜਾਬ ਵਲੋਂ ਕਰਵਾਏ ਸਮਾਗਮ ਦੀ ਪ੍ਰਸੰਸਾ ਕੀਤੀ।
ਇਸ ਮੌਕੇੋ ਪ੍ਰੈੱਸ ਐਸ਼ੋਸੀਏਸ਼ਨ ਰਜਿ. ਪੰਜਾਬ ਦੇ ਪ੍ਰਧਾਨ ਗੁਰਵਿੰਦਰ ਸਿੰਘ ਗੋਰਾ ਸੰਧੂ ਅਤੇ ਚੇਅਰਮੈਨ ਦੀਪਕ ਸੈਣੀ ਨੇ ਸਮਾਗਮ ਵਿੱਚ ਪਹੁੰਚੀਆਂ ਸਾਰੀਆਂ ਸਖਸ਼ੀਅਤਾਂ ਤੇ ਪੱਤਰਕਾਰ ਸਾਥੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਮੀਡੀਆ ਦਾ ਸਮਾਜ ਵਿੱਚ ਵਿਸ਼ੇਸ ਰੁਤਬਾ ਹੈ ਅਤੇ ਸਮਾਜ ਦੀ ਭਲਾਈ, ਬਿਹਤਰੀ ਤੇ ਵਿਕਾਸ ਵਿੱਚ ਮੀਡੀਆ ਦਾ ਵਿਸ਼ੇਸ ਯੋਗਦਾਨ ਹੈ। ਇਸ ਮੌਕੇ ਵੱਖ-ਵੱਖ ਪੱਤਰਕਾਰ ਸਾਥੀਆਂ ਵਲੋਂ ਵੀ ਆਪਣੇ ਵਡਮੁੱਲੇ ਵਿਚਾਰ ਸਾਂਝੇ ਕੀਤੇ ਗਏ।
ਇਸ ਮੌਕੇ ਪ੍ਰੈੱਸ ਐਸ਼ੋਸੀਏਸ਼ਨ ਰਜਿ. ਪੰਜਾਬ ਵਲੋਂ ਸਮਾਗਮ ਵਿੱਚ ਪਹੁੰਚੀਆਂ ਸਖਸ਼ੀਅਤਾਂ ਨੂੰ ਸਨਮਾਨਿਤ ਕੀਤਾ ਗਿਆ।