ਪੀ.ਏ.ਯੂ. ਦੇ ਕੀਟ ਵਿਗਿਆਨੀ ਨੂੰ ਵੱਕਾਰੀ ਇਨਾਮ ਹਾਸਲ ਹੋਇਆ
ਲੁਧਿਆਣਾ 4 ਜੁਲਾਈ, 2025 - ਪੀ.ਏ.ਯੂ. ਦੇ ਕੀਟ ਵਿਗਿਆਨ ਵਿਭਾਗ ਵਿਚ ਕਾਰਜਸ਼ੀਲ ਡਾ. ਪਰਮਿੰਦਰ ਸਿੰਘ ਸ਼ੇਰਾ ਨੂੰ ਬੀਤੇ ਦਿਨੀਂ ਸ਼ੇਰੇ ਕਸ਼ਮੀਰ ਖੇਤੀ ਵਿਗਿਆਨ ਅਤੇ ਤਕਨਾਲੋਜੀ ਯੂਨੀਵਰਸਿਟੀ ਜੰਮੂ ਦੇ ਕੀਟ ਵਿਗਿਆਨ ਵਿਭਾਗ ਦੀ ਵਿਗਿਆਨ ਅਕੈਡਮੀ ਨੇ ਸੀਨੀਅਰ ਵਿਗਿਆਨੀ ਪੁਰਸਕਾਰ ਨਾਲ ਸਨਮਾਨਿਤ ਕੀਤਾ| ਇਹ ਪੁਰਸਕਾਰ ਉਹਨਾਂ ਨੂੰ ਕੀਟ ਵਿਗਿਆਨ ਦੇ ਖੇਤਰ ਵਿਚ ਪਾਏ ਯੋਗਦਾਨ ਬਦਲੇ ਦਿੱਤਾ ਗਿਆ| ਇਸਦਾ ਸਬੱਬ ਬੀਤੇ ਦਿਨੀਂ ਸ਼ੇਰੇ ਕਸ਼ਮੀਰ ਯੂਨੀਵਰਸਿਟੀ ਅਤੇ ਆਈ ਆਈ ਟੀ ਜੰਮੂ ਵੱਲੋਂ ਸਾਂਝੇ ਰੂਪ ਵਿਚ ਕੀਟ ਵਿਗਿਆਨ ਅਤੇ ਸਹਿਯੋਗੀ ਖੇਤੀ ਤਕਨਾਲੋਜੀਆਂ ਵਿਸ਼ੇ ਤੇ ਕਰਵਾਈ ਰਾਸ਼ਟਰੀ ਕਾਨਫਰੰਸ ਬਣਿਆ|
ਡਾ. ਸ਼ੇਰਾ ਨੂੰ 22 ਸਾਲ ਦੇ ਅਕਾਦਮਿਕ ਖੋਜ ਅਤੇ ਖੇਤੀ ਵਿਗਿਆਨਕ ਤਜਰਬੇ ਵਿਚ ਕੀੜੇ-ਮਕੌੜਿਆਂ ਦੀ ਜੈਵਿਕ ਰੋਕਥਾਮ ਦੇ ਖੇਤਰ ਵਿਚ ਅਹਿਮ ਕਾਰਜ ਕੀਤਾ| ਉਹਨਾਂ ਨੇ 60 ਤੋਂ ਵਧੇਰੇ ਕੀਟ ਰੋਕਥਾਮ ਤਕਨੀਕਾਂ ਵਿਕਸਿਤ ਕੀਤੀਆਂ ਜੋ ਯੂਨੀਵਰਸਿਟੀ ਦੀ ਹਾੜੀ-ਸਾਉਣੀ ਦੀਆਂ ਫਸਲਾਂ ਦੀ ਕਿਤਾਬ ਵਿਚ ਸ਼ਾਮਿਲ ਹੋਈਆਂ| ਕੌਮੀ ਅਤੇ ਕੌਮਾਂਤਰੀ ਪੱਧਰ ਦੀਆਂ ਵਰਕਸ਼ਾਪਾਂ ਵਿਚ 84 ਖੋਜ ਪੇਪਰ ਪੇਸ਼ ਕਰਨ ਵਾਲੇ ਡਾ. ਸ਼ੇਰਾ ਨੇ 77 ਕਾਨਫਰੰਸਾਂ ਵਿਚ ਭਾਗ ਲਿਆ ਅਤੇ ਇਸ ਦੌਰਾਨ ਉਹਨਾਂ ਨੂੰ ਸਰਵੋਤਮ ਪੇਸ਼ਕਾਰੀ ਪੁਰਸਕਾਰ ਵੀ ਮਿਲੇ| ਉਹਨਾਂ ਨੇ ਦੂਜੀ ਅਤੇ ਤੀਜੀ ਦੇ 18 ਕੋਰਸਾਂ ਦੇ ਅਧਿਆਪਨ ਲਈ ਆਪਣੀਆਂ ਸੇਵਾਵਾਂ ਦਿੱਤੀਆਂ| ਇਸ ਤੋਂ ਇਲਾਵਾ 91 ਪਸਾਰ ਪ੍ਰਕਾਸ਼ਨਾਵਾਂ ਤੋਂ ਬਿਨਾਂ ਉਹਨਾਂ ਨੇ ਵੱਖ-ਵੱਖ ਸਿਖਲਾਈ ਕੈਂਪਾਂ ਅਤੇ ਖੇਤ ਪ੍ਰਦਰਸ਼ਨੀਆਂ ਵਿਚ ਜਾ ਕੇ ਕਿਸਾਨਾਂ ਨੂੰ ਕੀੜਿਆਂ ਦੀ ਜੈਵਿਕ ਰੋਕਥਾਮ ਲਈ ਪ੍ਰੇਰਿਤ ਕੀਤਾ|
ਕੀੜਿਆਂ ਦੀ ਜੈਵਿਕ ਰੋਕਥਾਮ ਬਾਰੇ ਸਰਵ ਭਾਰਤੀ ਸਾਂਝੇ ਖੋਜ ਪ੍ਰੋਜੈਕਟ ਦੇ ਪੀ.ਏ.ਯੂ. ਵਰਗ ਨੂੰ ਉੱਚ ਪੱਧਰੀ ਮਾਣਤਾ ਦਿਵਾਉਣ ਲਈ ਡਾ. ਸ਼ੇਰਾ ਨੇ ਮਹੱਤਵਪੂਰਨ ਕਾਰਜ ਕੀਤਾ| ਇਸ ਕੇਂਦਰ ਨੂੰ ਸਰਵੋਤਮ ਲਾਖ ਨੈੱਟਵਰਕ ਪ੍ਰੋਜੈਕਟ ਐਵਾਰਡ ਵੀ ਮਿਲਿਆ| ਇਹ ਵੀ ਜ਼ਿਕਰਯੋਗ ਹੈ ਕਿ ਉਹ ਕੀੜਿਆਂ ਦੀ ਜੈਵਿਕ ਰੋਕਥਾਮ ਬਾਰੇ ਬਣੀ ਕੀਟ ਵਿਗਿਆਨਕ ਸੁਸਾਇਟੀ ਦੇ ਫੈਲੋ ਵੀ ਰਹੇ ਹਨ|
ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ, ਨਿਰਦੇਸ਼ਕ ਖੋਜ ਡਾ. ਅਜਮੇਰ ਸਿੰਘ ਢੱਟ, ਨਿਰਦੇਸ਼ਕ ਪਸਾਰ ਸਿੱਖਿਆ ਡਾ. ਮੱਖਣ ਸਿੰਘ ਭੁੱਲਰ, ਖੇਤੀਬਾੜੀ ਕਾਲਜ ਦੇ ਡੀਨ ਡਾ. ਚਰਨਜੀਤ ਸਿੰਘ ਔਲਖ ਅਤੇ ਕੀਟ ਵਿਗਿਆਨ ਵਿਭਾਗ ਦੇ ਮੁਖੀ ਡਾ. ਮਨਮੀਤ ਭੁੱਲਰ ਨੇ ਡਾ. ਪਰਮਿੰਦਰ ਸ਼ੇਰਾ ਨੂੰ ਇਸ ਇਨਾਮ ਲਈ ਵਧਾਈ ਦਿੱਤੀ|