ਹਿਰਾਸਤੀ ਮੌਤ: ਸਰਕਾਰ ਦੀ ਚੁੱਪ ਤੋੜਨ ਲਈ ਲੁਧਿਆਣਾ ਦੀਆਂ ਸੜਕਾਂ ਤੇ ਰੋਸ ਮਾਰਚ ਦਾ ਐਲਾਨ
ਅਸ਼ੋਕ ਵਰਮਾ
ਬਠਿੰਡਾ, 10ਜੂਨ 2025: ਨਰਿੰਦਰ ਦੀਪ ਸਿੰਘ ਹਿਰਾਸਤੀ ਕਤਲ ਵਿਰੋਧੀ ਐਕਸ਼ਨ ਕਮੇਟੀ ਨੇ ਨਰਿੰਦਰਦੀਪ ਨੂੰ ਪੁਲਿਸ ਹਿਰਾਸਤ ਦੌਰਾਨ ਤਸੀਹੇ ਦੇ ਕੇ ਕਤਲ ਕਰਨ ਵਾਲੇ ਦੋਸ਼ੀ ਪੁਲਸੀਆਂ ਨੂੰ ਕਤਲ ਦਾ ਮੁਕੱਦਮਾ ਦਰਜ਼ ਕਰਕੇ ਗਿਰਫ਼ਤਾਰ ਕਰਨ, ਸਮੁੱਚੇ ਮਾਮਲੇ ਦੀ ਉੱਚ ਪੱਧਰੀ ਨਿਆਂਇਕ ਜਾਂਚ ਕਰਵਾਉਣ ਅਤੇ ਪੀੜਤ ਪਰਿਵਾਰ ਨੂੰ ਸਰਕਾਰੀ ਨੌਕਰੀ ਤੇ ਮੁਆਵਜ਼ਾ ਦੇਣ ਵਰਗੀਆਂ ਹੱਕੀ ਮੰਗਾਂ ਪ੍ਰਤੀ ਆਪ ਸਰਕਾਰ ਤੇ ਪ੍ਰਸ਼ਾਸਨ ਵੱਲੋਂ ਧਾਰੀ ਚੁੱਪ ਨੂੰ ਤੋੜਨ ਲਈ 16 ਜੂਨ ਨੂੰ ਲੁਧਿਆਣਾ ਵਿਖੇ ਰੋਸ ਮਾਰਚ ਕਰਨ ਦਾ ਫੈਸਲਾ ਲਿਆ ਗਿਆ। ਇਹ ਫੈਸਲਾ ਪੀੜਤ ਪਰਿਵਾਰ ਤੇ ਐਕਸ਼ਨ ਕਮੇਟੀ ਦੀ ਗੋਨਿਆਣਾ ਗੁਰਦੁਆਰਾ ਟਿਕਾਣਾ ਭਾਈ ਜਗਤਾ ਜੀ ਵਿਖੇ ਹੋਈ ਮੀਟਿੰਗ ਦੌਰਾਨ ਲਿਆ ਗਿਆ। ਇਹ ਜਾਣਕਾਰੀ ਐਕਸ਼ਨ ਕਮੇਟੀ ਦੇ ਆਗੂਆਂ ਵੱਲੋਂ ਜਾਰੀ ਕੀਤੇ ਬਿਆਨ ਰਾਹੀਂ ਦਿੱਤੀ ਗਈ।ਇਸ ਮੌਕੇ ਨਰਿੰਦਰਦੀਪ ਦੀ ਪਤਨੀ ਨੈਨਸੀ, ਪਿਤਾ ਰਣਜੀਤ ਸਿੰਘ ਤੋਂ ਇਲਾਵਾ ਐਕਸ਼ਨ ਕਮੇਟੀ ਮੈਂਬਰ ਜਸਵਿੰਦਰ ਸਿੰਘ,ਬਲਕਰਨ ਸਿੰਘ ਬਰਾੜ, ਰਾਜਿੰਦਰ ਸਿੰਘ ਦੀਪ ਸਿੰਘ ਵਾਲਾ, ਸ਼ਿੰਗਾਰਾ ਸਿੰਘ ਮਾਨ, ਗੁਰਦੀਪ ਸਿੰਘ ਰਾਮਪੁਰਾ, ਰਾਮੇਸ਼ ਕੁਮਾਰ ਮੱਟੂ, ਗੋਬਿੰਦ ਰਾਮ, ਅਮਿਤ ਕਪੂਰ,ਜਗਪਾਲ ਸਿੰਘ ਬੰਗੀ, ਵਰਿੰਦਰ ਧਿੰਗੜਾ ਜਗਜੀਤ ਸਿੰਘ ਲਹਿਰਾ, ਹਮੀਰ ਸਿੰਘ ਮੱਕੜ , ਡਾ. ਨਵਦੀਪ,ਜਸਵੀਰ ਕੌਰ ਨੱਤ, ਲਛਮਣ ਸਿੰਘ ਸੇਵੇਵਾਲਾ , ਬੂਟਾ ਸਿੰਘ ਤੁੰਗਵਾਲੀ , ਅਮੀ ਲਾਲ਼, ਸੁਖਵੀਰ ਸਿੰਘ ਖੇਮੂਆਣਾ, ਬਲਕਰਨ ਸਿੰਘ, ਸੁਖਪ੍ਰੀਤ ਕੌਰ,ਮਿੱਠੂ ਸਿੰਘ ਘੁੱਦਾ ਆਦਿ ਆਗੂ ਸਨ।
ਪੀੜਤ ਪਰਿਵਾਰ ਤੇ ਐਕਸ਼ਨ ਕਮੇਟੀ ਆਗੂਆਂ ਨੇ ਦੋਸ਼ ਲਾਇਆ ਕਿ ਅਧਿਆਪਕ ਨਰਿੰਦਰਦੀਪ ਸਿੰਘ ਦੀ ਪੁਲਿਸ ਹਿਰਾਸਤ ਦੌਰਾਨ ਮੌਤ ਦੀ ਉੱਚ ਪੱਧਰੀ ਨਿਆਂਇਕ ਜਾਂਚ ਕਰਵਾਉਣ ਤੋਂ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਟਾਲ਼ਾ ਵੱਟਣ ਕਾਰਨ ਪ੍ਰਸ਼ਾਸਨ ਦਾ ਰਵਈਆ ਹੋਰ ਵੀ ਸ਼ੱਕੀ ਹੋ ਗਿਆ ਹੈ। ਪੀੜਤ ਪਰਿਵਾਰ ਨੇ ਆਖਿਆ ਕਿ ਇਸ ਮਾਮਲੇ ਦੀ ਸਚਾਈ ਸਾਹਮਣੇ ਲਿਆ ਕੇ ਦੋਸ਼ੀ ਪੁਲਸੀਆਂ 'ਤੇ ਕਤਲ ਦਾ ਮੁਕੱਦਮਾ ਦਰਜ਼ ਕਰਕੇ ਗਿਰਫ਼ਤਾਰ ਕਰਾਉਣ ਆਦਿ ਮੰਗਾਂ ਦੀ ਪੂਰਤੀ ਲਈ ਜਥੇਬੰਦਕ ਸੰਘਰਸ਼ ਦੇ ਨਾਲ ਹੀ ਕਾਨੂੰਨੀ ਮਾਹਿਰਾਂ ਦੀ ਸਲਾਹ ਕਰਕੇ ਉਹ ਅਦਾਲਤ ਵੱਲ ਵੀ ਰੁਖ ਕਰਨਗੇ। ਸਭਨਾਂ ਆਗੂਆਂ ਨੇ ਆਖਿਆ ਕਿ 16 ਜੂਨ ਨੂੰ ਲੁਧਿਆਣਾ ਵਿਖੇ ਮਾਰਚ ਦੌਰਾਨ ਪੁਲਿਸ ਵੱਲੋਂ ਨਰਿੰਦਰਦੀਪ 'ਤੇ ਅਣਮਨੁੱਖੀ ਤਸ਼ੱਦਦ ਕਰਕੇ ਕਤਲ ਕਰਨ ਸਮੇਤ ਪੂਰੇ ਪੰਜਾਬ ਚ ਆਪ ਸਰਕਾਰ ਦੇ ਹੁਕਮਾਂ 'ਤੇ ਪੁਲਿਸ ਵੱਲੋਂ ਪੰਜਾਬ ਦੇ ਲੋਕਾਂ ਖਾਸ ਕਰਕੇ ਨੌਜਵਾਨਾਂ ਉੱਪਰ ਢਾਹੇ ਜਾ ਰਹੇ ਜ਼ੁਲਮਾਂ ਦਾ ਪਰਦਾਫਾਸ਼ ਕੀਤਾ ਜਾਵੇਗਾ।
ਉਹਨਾਂ ਐਸ ਐਸ ਪੀ ਬਠਿੰਡਾ ਵੱਲੋਂ ਨਰਿੰਦਰਦੀਪ ਦੇ ਕੇਸ ਚ ਨਾਮਜ਼ਦ ਦੋਸ਼ੀਆਂ ਦੇ ਭਗੌੜੇ ਹੋਣ ਵਾਲੇ ਬਿਆਨ ਨੂੰ ਪੂਰੀ ਤਰ੍ਹਾਂ ਗੁੰਮਰਾਹਕੁੰਨ ਕਰਾਰ ਦਿੰਦਿਆਂ ਆਖਿਆ ਕਿ ਐਸ ਐਸ ਪੀ ਇਸ ਕੇਸ 'ਚ ਨਾਮਜ਼ਦ ਪੁਲੀਸ ਮੁਲਾਜ਼ਮਾਂ ਨੂੰ ਗਿਰਫ਼ਤਾਰ ਕਰਨਾ ਹੀ ਨਹੀਂ ਚਾਹੁੰਦੀ। ਉਹਨਾਂ ਆਖਿਆ ਕਿ ਲੁਧਿਆਣਾ ਮਾਰਚ ਦੀ ਤਿਆਰੀ ਲਈ ਇਲਾਕੇ ਦੇ ਪਿੰਡਾਂ ਤੇ ਗੋਨਿਆਣਾ ਮੰਡੀ ਚ ਮੀਟਿੰਗਾਂ ਰੈਲੀਆਂ ਕਰਕੇ ਲੋਕਾਂ ਨੂੰ ਲਾਮਬੰਦ ਕੀਤਾ ਜਾਵੇਗਾ।ਉਹਨਾਂ ਆਖਿਆ ਕਿ ਪੀੜਤ ਪਰਿਵਾਰ ਨੂੰ ਅਜੇ ਤੱਕ ਇਨਸਾਫ ਨਾ ਮਿਲਣ ਤੋਂ ਸਪੱਸ਼ਟ ਹੁੰਦਾ ਹੈ ਕਿ ਦੋਸ਼ੀਆਂ ਨੂੰ ਮੁੱਖ ਮੰਤਰੀ ਭਗਵੰਤ ਮਾਨ ਸਮੇਤ ਆਹਲਾ ਪੁਲਿਸ ਤੇ ਸਿਵਲ ਅਧਿਕਾਰੀਆਂ ਦਾ ਥਾਪੜਾ ਮਿਲਿਆ ਹੋਇਆ ਹੈ। ਉਹਨਾਂ ਆਖਿਆ ਕਿ ਇਹ ਕਤਲ ਮੁੱਖ ਮੰਤਰੀ ਵੱਲੋਂ " ਯੁੱਧ ਨਸ਼ਿਆਂ ਵਿਰੁੱਧ" ਦੀ ਚਲਾਈ ਗੁੰਮਰਾਹ ਕੁੰਨ ਮੁਹਿੰਮ ਦੇ ਤਹਿਤ ਹੀ ਕੀਤਾ ਗਿਆ ਜਿਸ ਕਾਰਨ ਸਰਕਾਰ ਤੇ ਪੁਲਿਸ ਪ੍ਰਸ਼ਾਸਨ ਦੋਸ਼ੀ ਪੁਲਸੀਆਂ ਨੂੰ ਬਚਾ ਰਿਹਾ ਹੈ।ਉਹਨਾਂ ਆਖਿਆ ਕਿ ਭਗਵੰਤ ਮਾਨ ਸਰਕਾਰ ਕਿਸਾਨਾਂ, ਮਜ਼ਦੂਰਾਂ, ਨੌਜਵਾਨਾਂ, ਮੁਲਾਜ਼ਮਾਂ, ਦੁਕਾਨਦਾਰਾਂ ਤੇ ਛੋਟੇ ਵਪਾਰੀਆਂ ਸਮੇਤ ਸਮੂਹ ਲੋਕਾਂ ਦੇ ਮਸਲੇ ਹੱਲ ਕਰਨ 'ਚ ਪੂਰੀ ਤਰ੍ਹਾਂ ਨਾਕਾਮ ਸਾਬਿਤ ਹੋ ਚੁੱਕੀ ਹੈ ਇਸ ਲਈ ਉਹ ਲੋਕਾਂ 'ਤੇ ਪੁਲਿਸ ਦੀ ਦਹਿਸ਼ਤ ਪਾ ਕੇ ਹੀ ਆਪਣਾ ਰਾਜ ਚਲਾਉਣ ਦੇ ਕੋਝੇ ਹਥਕੰਡੇ ਵਰਤ ਰਹੀ ਹੈ। ਉਹਨਾਂ ਲੋਕਾਂ ਨੂੰ ਸੱਦਾ ਦਿੱਤਾ ਹੈ ਕਿ ਉਹ ਨਰਿੰਦਰਦੀਪ ਦੇ ਪੀੜਤ ਪਰਿਵਾਰ ਨੂੰ ਇਨਸਾਫ਼ ਦਿਵਾਉਣ ਅਤੇ ਪੁਲਿਸ ਦਹਿਸ਼ਤ ਨੂੰ ਤੋੜਨ ਲਈ 16 ਜੂਨ ਨੂੰ ਵੱਡੀ ਗਿਣਤੀ ਚ ਲੁਧਿਆਣਾ ਮਾਰਚ 'ਚ ਸ਼ਾਮਲ ਹੋਣ।