ਪੰਜਾਬ ਸਰਕਾਰ ਵੱਲੋਂ ਦਲਿਤ ਪਰਿਵਾਰਾਂ ਦੇ 68 ਕਰੋੜ ਰੁਪਏ ਦੇ ਕਰਜ਼ੇ ਮੁਆਫ਼ : ਮੋਹਿੰਦਰ ਭਗਤ
- ਕਿਹਾ, 4 ਹਜ਼ਾਰ ਤੋਂ ਵੱਧ ਪਰਿਵਾਰਾਂ ਨੂੰ ਮਿਲੇਗੀ ਰਾਹਤ
ਜਲੰਧਰ, 3 ਜੂਨ 2025: ਅੱਜ ਪੰਜਾਬ ਵਿਧਾਨ ਸਭਾ ਵਿੱਚ ਹੋਈ ਕੈਬਨਿਟ ਮੀਟਿੰਗ ਦੌਰਾਨ ਪੰਜਾਬ ਸਰਕਾਰ ਨੇ ਦਲਿਤ ਭਾਈਚਾਰੇ ਲਈ ਕਰਜ਼ਾ ਮੁਆਫ਼ੀ ਦਾ ਐਲਾਨ ਕੀਤਾ ਹੈ।
ਪੰਜਾਬ ਦੇ ਕੈਬਨਿਟ ਮੰਤਰੀ ਸ੍ਰੀ ਮੋਹਿੰਦਰ ਭਗਤ ਨੇ ਇਸ ਐਲਾਨ ਦਾ ਸਵਾਗਤ ਕਰਦਿਆਂ ਕਿਹਾ ਕਿ ਇਸ ਨਾਲ 4 ਹਜ਼ਾਰ ਤੋਂ ਵੱਧ ਪਰਿਵਾਰਾਂ ਨੂੰ ਰਾਹਤ ਮਿਲੇਗੀ। ਉਨ੍ਹਾਂ ਦੱਸਿਆ ਕਿ ਪੰਜਾਬ ਦੀ ਭਗਵੰਤ ਮਾਨ ਸਰਕਾਰ ਨੇ ਮੰਗਲਵਾਰ ਨੂੰ ਲਗਭਗ 68 ਕਰੋੜ ਰੁਪਏ ਦੀ ਕਰਜ਼ਾ ਮੁਆਫ਼ੀ ਦਾ ਐਲਾਨ ਕੀਤਾ ਹੈ।
ਇਸ ਤਹਿਤ ਐੱਸ.ਸੀ. ਲੈਂਡ ਡਿਵੈਲਪਮੈਂਟ ਐਂਡ ਫਾਈਨਾਂਸ ਕਾਰਪੋਰੇਸ਼ਨ ਤੋਂ ਕਰਜ਼ਾ ਲੈਣ ਵਾਲੇ ਲਗਭਗ 4727 ਦਲਿਤ ਪਰਿਵਾਰਾਂ ਨੂੰ ਲਾਭ ਮਿਲੇਗਾ। ਜਾਣਕਾਰੀ ਮੁਤਾਬਕ, ਇਹ ਕਰਜ਼ਾ ਡਿਫਾਲਟ ਹੋ ਚੁੱਕਾ ਸੀ।
ਕੁੱਲ 68 ਕਰੋੜ ਰੁਪਏ ਦੀ ਕਰਜ਼ਾ ਮੁਆਫ਼ੀ ਵਿੱਚ 30 ਕਰੋੜ ਮੂਲਧਨ, 22 ਕਰੋੜ ਵਿਆਜ ਅਤੇ 15 ਕਰੋੜ ਰੁਪਏ ਪੀਨਲ ਇੰਟਰੇਸਟ ਸ਼ਾਮਲ ਹਨ। ਇਹ ਕਰਜ਼ਾ ਮੁਆਫ਼ੀ ਮਾਰਚ 2020 ਤੱਕ ਦੇ ਕਰਜ਼ਿਆਂ ਲਈ ਲਾਗੂ ਕੀਤੀ ਗਈ ਹੈ।
ਭਗਤ ਨੇ ਦੱਸਿਆ ਕਿ ਪੰਜਾਬ ਦੇ ਵਿੱਤ ਮੰਤਰੀ ਸ੍ਰੀ ਹਰਪਾਲ ਸਿੰਘ ਚੀਮਾ ਨੇ 2025-26 ਦੇ ਬਜਟ ਵਿੱਚ ਹੀ ਇਸ ਕਰਜ਼ਾ ਮਾਫੀ ਲਈ ਬਜਟ ਦਾ ਇੰਤਜ਼ਾਮ ਕਰ ਦਿੱਤਾ ਸੀ, ਪਰ ਇਸ ਦੀ ਅਧਿਕਾਰਕ ਘੋਸ਼ਣਾ ਅੱਜ ਕੀਤੀ ਗਈ ਹੈ।
ਉਨ੍ਹਾਂ ਕਿਹਾ ਕਿ 2020 ਤੋਂ ਬਾਅਦ ਕਰਜ਼ਾ ਲੈਣ ਵਾਲਿਆਂ ਨਾਲ ਵੀ ਸੰਵੇਦਨਸ਼ੀਲਤਾ ਨਾਲ ਪੇਸ਼ ਆਇਆ ਜਾਵੇਗਾ।
ਭਗਤ ਨੇ ਕਿਹਾ ਕਿ ਇਹ ਦਲਿਤ ਪਰਿਵਾਰ ਵਾਸਤਵਿਕ ਪਰੇਸ਼ਾਨੀ ਕਾਰਨ ਕਰਜ਼ਾ ਅਦਾ ਨਹੀਂ ਕਰ ਸਕੇ। ਦੱਸਣਯੋਗ ਹੈ ਕਿ ਇਸ ਕਰਜ਼ੇ ਦੀ ਰਿਕਵਰੀ ਦਰ 84 ਫੀਸਦੀ ਸੀ, ਜੋ ਕਿ ਘੱਟ ਨਹੀਂ ਹੈ।
ਉਨ੍ਹਾਂ ਕਿਹਾ ਕਿ ਪੰਜਾਬ ਦੀ ਭਗਵੰਤ ਮਾਨ ਸਰਕਾਰ ਹਮੇਸ਼ਾ ਦਲਿਤ ਭਾਈਚਾਰੇ ਦੇ ਹਿੱਤਾਂ ਦੀ ਰਾਖੀ ਲਈ ਤਹਿ ਦਿਲੋਂ ਤਤਪਰ ਰਹੀ ਹੈ ਅਤੇ ਅੱਗੇ ਵੀ ਰਹੇਗੀ।