ਪੰਜ ਰੋਜ਼ਾ ਖੇਡ ਮੇਲਾ ਪਿੰਡ ਸੀਚੇਵਾਲ ਵਿਖੇ ਸੰਪਨ: 250 ਤੋਂ ਵੱਧ ਟੀਮਾਂ ਨੇ ਲਿਆ ਭਾਗ
* ‘ਖਿਡਾਰੀਆਂ ਦੇ ਮੇਲੇ’ ਵਜੋਂ ਯਾਦ ਕੀਤਾ ਜਾਂਦਾ ਹੈ ਇਹ ਖੇਡ ਮੇਲਾ : ਸੰਤ ਸੀਚੇਵਾਲ
* ਧਾਰਮਿਕ ਤੇ ਰਾਜਨੀਤਿਕ ਸ਼ਖਸੀਅਤਾਂ ਨੇ ਖਿਡਾਰੀਆਂ ਨੂੰ ਦਿੱਤਾ ਆਸ਼ੀਰਵਾਦ
* ਗੜਕਦੀ ਬਿਜਲੀ ਦੌਰਾਨ ਵੀ ਸੀਚੇਵਾਲ ਵਿੱਚ ਪੈਂਦੀ ਰਹੀ ਕੌਡੀ-ਕੌਡੀ-ਕੌਡੀ
* ਵਿਧਾਇਕ ਇੰਦਰਜੀਤ ਕੌਰ ਮਾਨ ਵਿਸ਼ੇਸ਼ ਤੌਰ ਤੇ ਖਿਡਾਰੀਆਂ ਨੂੰ ਅਸ਼ੀਰਵਾਦ ਦੇਣ ਪਹੁੰਚੇ
ਬਲਵਿੰਦਰ ਸਿੰਘ ਧਾਲੀਵਾਲ
ਸੁਲਤਾਨਪੁਰ ਲੋਧੀ, 03 ਜੂਨ 2025 - ਸੰਤ ਅਵਤਾਰ ਸਿੰਘ ਜੀ ਦੀ 37ਵੀਂ ਸਲਾਨਾ ਬਰਸੀ ਨੂੰ ਸਮਰਪਿਤ ਚੱਲਿਆ ਪੰਜ ਰੋਜ਼ਾ ਖੇਡ ਮੇਲਾ ਅਮਿੱਟ ਯਾਦਾਂ ਛੱਡਦਾ ਸੰਪਨ ਹੋ ਗਿਆ ਹੈ। ਦੇਰ ਰਾਤ ਤੱਕ ਕਬੱਡੀ ਦੇ ਹੋਏ ਫਸਵੇਂ ਮੁਕਾਬਲੇ ਖਿੱਚ ਦਾ ਕੇਂਦਰ ਬਣੇ ਰਹੇ। ਇਸ ਖੇਡ ਮੇਲੇ ਵਿੱਚ 250 ਤੋਂ ਵੱਧ ਟੀਮਾਂ ਨੇ ਹਿੱਸਾ ਲਿਆ। ਖਿਡਾਰੀਆਂ ਦੀ ਗਿਣਤੀ ਹੱਦੋਂ ਵੱਧ ਹੋਣ ਕਾਰਨ ਖੇਡ ਮੇਲੇ ਦੀ ਸਮਾਪਤੀ ਅੱਧੀ ਰਾਤ ਨੂੰ ਹੋਈ। ਆਖਰੀ ਦਿਨ ਕੱਬਡੀ ਤੇ ਵਾਲੀਵਾਲ ਦੇ ਬੇਹੱਦ ਰੋਮਾਚਿਕ ਮੁਕਾਬਲੇ ਦੇਖਣ ਨੂੰ ਮਿਲੇ। ਓਪਨ ਭਾਰ ਵਰਗ ਵਿੱਚ ਕੱਬਡੀ ਦੀਆਂ ਆਈਆਂ 40 ਤੋਂ ਵੱਧ ਟੀਮਾਂ ਦੇ ਖਿਡਾਰੀਆਂ ਨੇ ਆਪਣੇ ਦਮ ‘ਤੇ ਦਰਸ਼ਕਾਂ ਨੂੰ ਆਖੀਰ ਤੱਕ ਰੋਕੀ ਰੱਖਿਆ। ਇਸੇ ਕਰਕੇ ਖੇਡ ਮੇਲੇ ਨੂੰ ਕਬੱਡੀ ਦੀ ਨਰਸਰੀ ਵੀ ਕਿਹਾ ਜਾਂਦਾ ਹੈ। ਸੰਤ ਅਵਤਾਰ ਸਿੰਘ ਯਾਦਗਾਰੀ ਸਟੇਡੀਅਮ ਵਿਚ ਹੋਏ ਇੰਨ੍ਹਾਂ ਮੁਕਾਬਲਿਆਂ ਨੂੰ ਦੇਖਣ ਅਤੇ ਖਿਡਾਰੀਆਂ ਦੇ ਹੌਸਲੇ ਵਧਾਉਣ ਲਈ ਪ੍ਰਮੁੱਖ ਸਖਸ਼ੀਅਤਾਂ ਨੇ ਵੀ ਸ਼ਿਰਕਤ ਕੀਤੀ। ਖੇਡ ਮੇਲਾ ਜਦੋਂ ਸਿਖ਼ਰ ਵੱਲ ਵੱਧ ਰਿਹਾ ਸੀ ਤਾਂ ਮੌਸਮ ਨੇ ਵੀ ਆਪਣਾ ਮਿਜ਼ਾਜ਼ ਬਦਲ ਲਿਆ। ਗੜਕ ਦੇ ਬਦਲ ਵੀ ਇੰਝ ਲੱਗ ਰਹੇ ਸਨ ਜਿਵੇਂ ਉਹ ਵੀ ਪੰਜਾਬ ਦੇ ਖਿਡਾਰੀਆਂ ਨਾਲ ਗੜਕ-ਗੜਕ ਕੇ ਕੌਡੀ-ਕੌਡੀ ਕਹਿ ਰਹੇ ਹੋਣ।
ਓਪਨ ਕੱਬਡੀ ਦੇ ਮੈਚ ਏਨੇ ਫਸਵੇਂ ਸਨ ਕਿ ਰਾਤ ਦੇ ਗਿਆਰਾ ਵੱਜ ਗਏ ਸਨ। ਏਨਾ ਹਨੇ੍ਹਰਾ ਹੋਣ ਦੇ ਬਾਵਜੂਦ ਵੀ ਨਾ ਦਰਸ਼ਕ ਥੱਕੇ ਤੇ ਨਾ ਹੀ ਖਿਡਾਰੀ। ਆਖਰੀ ਜਦੋਂ ਇੰਦਰ ਦੇਵਤੇ ਦਾ ਜ਼ੋਰ ਜ਼ਿਆਦਾ ਚੱਲ ਗਿਆ ਤਾਂ ਉਸ ਵੇਲੇ ਜਿਹੜੀਆਂ ਛੇ ਟੀਮਾਂ ਨੇ ਅਜੇ ਖੇਡਣਾ ਸੀ। ਪ੍ਰਬੰਧਕਾਂ ਨੇ ਖਿਡਾਰੀਆਂ ਦੀ ਸਹਿਮਤੀ ਨਾਲ ਜੇਤੂ ਟੀਮ ਨੂੰ ਮਿਲਣ ਵਾਲੀ ਇਨਾਮੀ ਰਕਮ ਛੇ ਟੀਮਾਂ ਵਿੱਚ ਵੰਡ ਦਿੱਤੀ ਗਈ। ਕਬੱਡੀ ਦੇ ਮੁਕਾਬਲਿਆਂ ਵਿੱਚ ਸਭ ਤੋਂ ਦਿਲਚਪਸ ਮੁਕਾਬਲੇ 35 ਕਿਲੋ ਤੇ 45 ਕਿਲੋ ਭਾਰ ਵਰਗ ਦੀਆਂ ਟੀਮਾਂ ਵਿੱਚ ਹੋਏ। ਕਬੱਡੀ ਵਿੱਚ ਪੰਜ ਭਾਰ ਵਰਗ ਦੇ ਮੁਕਾਬਲੇ ਹੋਏ। 35 ਕਿਲੋ ਭਾਰ ਵਰਗ ਵਿੱਚ ਪਹਿਲੇ ਸਥਾਨ ਤੇ ਮਾਲਵਾ ਕਲੱਬ ਤੇ ਦੂਜੇ ਸਥਾਨ ਤੇ ਸੀਚੇਵਾਲ ਦੀ ਟੀਮ ਰਹੀ। ਇਸੇ ਤਰ੍ਹਾਂ 45 ਕਿਲੋ ਭਾਰ ਵਰਗ ਵਿੱਚ ਬਾਬਾ ਜੋਗੀਪੀਰਖਾਨਪੁਰ ਤੇ ਦੂਜੇ ਸਥਾਨ ਤੇ ਸੀਚੇਵਾਲ ਦੀ ਟੀਮ ਰਹੀ।
ਵਾਲੀਬਾਲ ਦੇ ਹੋਏ 50 ਕਿਲੋ ਭਾਰ ਵਰਗ ਦੇ ਮੁਕਾਬਿਲਆਂ ਵਿੱਚ ਪਹਿਲੇ ਸਥਾਨ ਤੇ ਖਾਲਸਾ ਸਕੂਲ ਸ੍ਰੀ ਅੰਮ੍ਰਿਤਸਰ ਸਾਹਿਬ ਤੇ ਦੂਜੇ ਸਥਾਨ ਤੇ ਭੂਜੋਵਾਲ ਦੀ ਟੀਮ ਰਹੀ। ਓਪਨ ਦੇ ਮੁਕਾਬਿਲਆਂ ਵਿੱਚ ਪਹਿਲਾਂ ਸਥਾਨ ਕੋਟਲੀ ਗਾਜਰਾ ਦੀ ਟੀਮ ਨੇ ਪ੍ਰਾਪਤ ਕੀਤਾ ਜਦਕਿ ਦੂਜੇ ਸਥਾਨ ਪਿੰਡ ਲੱਖਪੁਰ ਦੀ ਟੀਮ ਰਹੀ। ਇਹਨਾਂ ਮੁਕਾਬਲਿਆਂ ਦਾ ਅਗਾਜ਼ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਵੱਲੋਂ ਕੀਤਾ ਗਿਆ ਸੀ।
ਸੰਤ ਬਲਬੀਰ ਸਿੰਘ ਸੀਚੇਵਾਲ ਵੱਲੋਂ ਮੁਕਾਬਲਿਆਂ ਦੀ ਰਸਮੀ ਸ਼ੁਰੂਆਤ ਕਰਵਾਉਣ ਵੇਲੇ ਉਹਨਾਂ ਨੇ ਖਿਡਾਰੀਆਂ ਨੂੰ ਅਨੁਸ਼ਾਸ਼ਨ ਵਿੱਚ ਰਹਿ ਕਿ ਆਪਣੀ ਖੇਡ ਦਾ ਜ਼ੋਹਰ ਦਿਖਾਉਣ ਲਈ ਉਤਸ਼ਾਹਿਤ ਕੀਤਾ। ਉਹਨਾਂ ਦੱਸਿਆ ਕਿ ਅਸਲ ਵਿੱਚ ਸੰਤ ਅਵਤਾਰ ਸਿੰਘ ਜੀ ਦੀ ਯਾਦ ਵਿੱਚ ਕਰਵਾਇਆ ਜਾਂਦਾ ਹੈ ਇਹ ਖੇਡ ਮੇਲਾ ਖਿਡਾਰੀਆਂ ਦਾ ਮੇਲਾ ਹੁੰਦਾ ਹੈ। ਜਿਸ ਵਿੱਚੋਂ ਪੰਜਾਬ ਹੀ ਨਹੀ ਸਗੋਂ ਦੇਸ਼ ਦੇ ਹੋਰ ਸੂਬਿਆਂ ਤੋਂ ਵੀ ਟੀਮਾਂ ਭਾਗ ਲੈਣ ਲਈ ਪਹੁੰਚਦੀਆਂ ਹਨ।
ਇਸ ਖੇਡ ਮੇਲੇ ਦੌਰਾਨ ਸੰਤ ਅਮਰੀਕ ਸਿੰਘ ਜੀ ਖੁਖਰੈਣ, ਸੰਤ ਗੁਰਮੇਜ਼ ਸਿੰਘ ਜੀ ਸੈਦਰਾਣਾ ਸਾਹਿਬ, ਹਲਕਾ ਨਕੋਦਰ ਵਿਧਾਇਕ ਬੀਬੀ ਇੰਦਰਜੀਤ ਕੌਰ, ਲੁਧਿਆਣਾ ਨਗਰ ਨਿਗਮ ਦੀ ਚੇਅਰਮੈਨ ਇੰਦਰਜੀਤ ਕੌਰ, ਵਾਇਸ ਚੇਅਰਮੈਨ ਹਰਜਿੰਦਰ ਸਿੰਘ ਸੀਚੇਵਾਲ, ਹਲਕਾ ਇੰਚਾਰਜ ਸ਼ਾਹਕੋਟ ਪਿੰਦਰ ਪੰਡੋਰੀ, ਦਾ ਸੁਰਜੀਤ ਸਿੰਘ ਸੰਟੀ, ਸਰਪੰਚ ਜੋਗਾ ਸਿੰਘ, ਸਰਪੰਚ ਬੂਟਾ ਸਿੰਗ, ਤਜਿੰਦਰ ਸਿੰਘ, ਪ੍ਰਿੰਸੀਪਲ ਕੁਲਵਿੰਦਰ ਸਿੰਘ, ਗੁਰਵਿੰਦਰ ਸਿੰਘ, ਕੋਚ ਗੁਰਬੀਰ ਢਿੱਲੋਂ, ਸਰਪੰਚ ਰਜਨੀਸ਼ ਗੌਤਮ, ਸੌਰਭ ਗੌਤਮ, ਮਾਸਟਰ ਸਵਰਨ ਸਿੰਘ, ਬੂਟਾ ਸਿੰਘ ਢੱਡਾਂ, ਸਮੇਤ ਹੋਰ ਬਹੁਤ ਸਾਰੀਆਂ ਸਖਸ਼ੀਅਤਾਂ ਹਾਜ਼ਰ ਰਹੀਆਂ।
*ਬਾਕਸ ਆਈਟਮ : ਖਿਡਾਰੀਆਂ ਨੂੰ 5-5 ਬੂਟੇ ਲਾਉਣ ਦੀ ਅਪੀਲ*
ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਪੰਜ ਦਿਨ ਚੱਲੇ ਇਸ ਖੇਡ ਮੇਲੇ ਦੌਰਾਨ ਆਏ ਢਾਈ ਹਜ਼ਾਰ ਤੋਂ ਵੱਧ ਖਿਡਾਰੀਆਂ ਨੂੰ 5-5 ਬੂਟੇ ਲਾਉਣ ਦੀ ਅਪੀਲ ਕੀਤੀ। ਇਸ ਖੇਡ ਮੇਲੇ ਵਿੱਚ ਹਿੱਸਾ ਲੈਣ ਵਾਲੇ ਖਿਡਾਰੀਆਂ ਨੂੰ ਵੀ ਸਨਮਾਨ ਕਰਨ ਸਮੇਂ ਬੂਟੇ ਵੀ ਦਿੱਤੇ ਗਏ। ਸੰਤ ਸੀਚੇਵਾਲ ਨੇ ਦੱਸਿਆ ਕਿ ਇਸੇ ਖੇਡ ਮੇਲੇ ਦੌਰਾਨ ਹਰ ਸਾਲ ਵਿਸ਼ਵ ਵਾਤਾਵਰਣ ਦਿਵਸ ਹਰ ਸਾਲ 5 ਜੂਨ ਨੂੰ ਆਉਂਦਾ ਹੈ। ਉਹਨਾਂ ਕਿਹਾ ਕਿ ਨੌਜਵਾਨਾਂ ਵਿੱਚ ਕੋਈ ਵੀ ਮੁਹਿੰਮ ਚਲਾਉਣ ਦੀ ਸਮਰੱਥਾ ਸਭ ਤੋਂ ਵੱਧ ਹੁੰਦੀ ਹੈ ਜੇਕਰ ਉਹ ਆਪਣੇ ਵਾਤਾਵਰਣ ਨੂੰ ਬਚਾਉਣ ਲਈ ਬੂਟੇ ਲਾਉਣ ਦੀ ਇਸ ਮੁਹਿੰਮ ਦਾ ਹਿੱਸਾ ਬਣਦੇ ਹਨ ਤਾਂ ਸਮੁੱਚਾ ਪੰਜਾਬ ਹਰਿਆ ਭਰਿਆ ਹੋਵੇਗਾ।
*ਪ੍ਰਵਾਸੀਆਂ ਪੰਜਾਬੀਆਂ ਦਾ ਰਹਿੰਦਾ ਹੈ ਸੀਚੇਵਾਲ ਦੇ ਖੇਡੇ ਮੇਲੇ ਨਾਲ ਮੋਹ*
ਹਰ ਸਾਲ ਸੰਤ ਅਵਤਾਰ ਸਿੰਘ ਯਾਦਗਾਰੀ ਸਟੇਡੀਅਮ ਵਿੱਚ ਹੁੰਦੇ ਖੇਡ ਮੇਲੇ ਵਿੱਚ ਹਜ਼ਾਰਾਂ ਕਿਲੋਮੀਟਰ ਦੂਰ ਬੈਠੇ ਪ੍ਰਵਾਸੀ ਪੰਜਾਬੀ ਵੀ ਇਸ ਖੇਡ ਮੇਲੇ ਨਾਲ ਜੁੜੇ ਰਹਿੰਦੇ ਹਨ। ਇਸ ਖੇਡ ਮੇਲੇ ਨੂੰ ਕਰਵਾਉਣ ਵਿੱਚ ਪ੍ਰਵਾਸੀ ਪੰਜਾਬੀ ਆਰਥਿਕ ਤੌਰ ਤੇ ਵੱਡਾ ਸਹਿਯੋਗ ਕਰਦੇ ਹਨ। ਅਮਰੀਕਾ, ਕੈਨੇਡਾ, ਇੰਗਲੈਂਡ, ਜਰਮਨੀ, ਇਟਲੀ, ਮਨੀਲਾ, ਅਸਟਰੇਲੀਆ ਤੇ ਨਿਊਜ਼ੀਲੈਂਡ ਵਿੱਚ ਵਸਦੇ ਪ੍ਰਵਾਸੀ ਪੰਜਾਬੀ ਇਸ ਖੇਡ ਮੇਲੇ ਦੀ ਉਡੀਕ ਵਿੱਚ ਰਹਿੰਦੇ ਹਨ। ਸੱਤ ਸਮੁੰਦਰੋਂ ਪਾਰ ਬੈਠੇ ਇਹਨਾਂ ਪ੍ਰਵਾਸੀ ਪੰਜਾਬੀਆਂ ਦੀ ਰੂਹ ਦੀ ਖੁਰਾਕ ਉਦੋਂ ਪੂਰੀ ਹੁੰਦੀ ਹੈ ਜਦੋਂ ਉਹ ਇਸ ਖੇਡ ਮੇਲੇ ਨੂੰ ਸ਼ੋਸ਼ਲ ਮੀਡੀਆ ਦੇ ਮਾਧਿਅਮ ਰਾਹੀ ਦੇਖਦੇ ਹਨ।