ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਵਸ ਅਤੇ ਅੰਮ੍ਰਿਤਸਰ ਸਾਹਿਬ ਦੇ 450ਵੇਂ ਸਥਾਪਨਾ ਦਿਵਸ ਨੂੰ ਪੂਰੀ ਸ਼ਾਨੋ-ਸ਼ੌਕਤ ਨਾਲ ਮਨਾਏਗਾ ਪੰਜਾਬ: ਕਲਸੀ
ਰੋਹਿਤ ਗੁਪਤਾ
ਬਟਾਲਾ, 3 ਜੂਨ 2025 - ਮੁੱਖ ਮੰਤਰੀ, ਸਰਦਾਰ ਭਗਵੰਤ ਸਿੰਘ ਮਾਨ ਦੀ ਦੂਰਅੰਦੇਸ਼ ਅਗਵਾਈ ਹੇਠ ਪੰਜਾਬ ਸਰਕਾਰ ਨੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਵਸ ਅਤੇ ਸ੍ਰੀ ਅੰਮ੍ਰਿਤਸਰ ਸਾਹਿਬ ਦੇ 450ਵੇਂ ਸਥਾਪਨਾ ਦਿਵਸ ਨੂੰ ਪੂਰੀ ਸ਼ਾਨੋ-ਸ਼ੌਕਤ ਅਤੇ ਆਧੁਨਿਕ ਢੰਗ ਨਾਲ ਵਿਸ਼ਵ ਪੱਧਰ ਤੇ ਮਨਾਉਣ ਦਾ ਇਤਿਹਾਸਕ ਫੈਸਲਾ ਲਿਆ ਹੈ।
ਇਸ ਮੌਕੇ ਗੱਲਬਾਤ ਕਰਦਿਆਂ ਪੰਜਾਬ ਦੇ ਕਾਰਜਕਾਰੀ ਪ੍ਰਧਾਨ ਅਤੇ ਬਟਾਲਾ ਦੇ ਵਿਧਾਇਕ ਅਮਨਸ਼ੇਰ ਸਿੰਘ ਸ਼ੈਰੀ ਕਲਸੀ ਨੇ ਦੱਸਿਆ ਕਿ ਗੁਰੂ ਸਾਹਿਬ ਦੀ ਸ਼ਹਾਦਤ ਅਤੇ ਅਧਿਆਤਮਿਕ ਵਿਰਾਸਤ ਨਾ ਸਿਰਫ ਪੰਜਾਬ ਲਈ ਵਿਸ਼ਵਾਸ ਤੇ ਸ਼ਰਧਾ ਦਾ ਵਿਸ਼ਾ ਹੈ, ਬਲਕਿ ਕੁੱਲ ਦੁਨੀਆ ਲਈ ਕੁਰਬਾਨੀ, ਹਿੰਮਤ ਅਤੇ ਮਨੁੱਖਤਾ ਦਾ ਸੰਦੇਸ਼ ਹੈ। ਉਨਾਂ ਕਿਹਾ ਕਿ ਇਹ ਸਾਡੀ ਵਿਰਾਸਤ ਹੈ। ਸ਼ਾਨਾ ਮੱਤੀ ਅਤੇ ਬੇਮਿਸਾਲ ਅਤੇ ਇਹ ਸਾਡੀ ਜ਼ਿੰਮੇਵਾਰੀ ਹੈ ਕਿ ਅਸੀਂ ਇਸਨੂੰ ਅਗਲੀਆਂ ਪੀੜ੍ਹੀਆਂ ਤੱਕ ਲੈ ਕੇ ਜਾਈਏ।
ਉਨਾਂ ਅੱਗੇ ਦੱਸਿਆ ਕਿ ਪੰਜਾਬ ਸਰਕਾਰ ਨੇ ਇਨ੍ਹਾਂ ਇਤਿਹਾਸਕ ਮੌਕਿਆਂ ਨੂੰ ਆਧੁਨਿਕ ਸਾਧਨਾਂ, ਤਕਨਾਲੋਜੀ ਅਤੇ ਗਲੋਬਲ ਪਲੇਟਫਾਰਮਾਂ ਦੀ ਵਰਤੋਂ ਕਰਕੇ ਮਨਾਉਣ ਦਾ ਅਹਿਦ ਲਿਆ ਹੈ ਤਾਂ ਜੋ ਗੁਰੂਆਂ ਦੀ ਵਿਰਾਸਤ ਪੰਜਾਬ ਅਤੇ ਭਾਰਤ ਤੋਂ ਵੀ ਅਗਾਂਹ, ਦੁਨੀਆ ਦੇ ਹਰ ਕੋਨੇ ਤੱਕ ਪਹੁੰਚ ਸਕੇ।
ਵਿਧਾਇਕ ਸ਼ੈਰੀ ਕਲਸੀ ਨੇ ਕਿਹਾ ਕਿ ਇਹ ਸਿਰਫ਼ ਇੱਕ ਯਾਦਗਾਰੀ ਸਮਾਰੋਹ ਨਹੀਂ ਹੈ। ਇਹ ਏਕਤਾ, ਸਾਂਝੀ ਜ਼ਿੰਮੇਵਾਰੀ ਅਤੇ ਗੁਰੂ ਸਾਹਿਬ ਦੇ ਸੰਦੇਸ਼ ਨੂੰ ਅੱਗੇ ਵਧਾਉਣ ਦਾ ਸੱਦਾ ਹੈ। ਸਰਕਾਰ ਪਹਿਲਾਂ ਸੁਝਾਅ ਇਕੱਠੇ ਕਰੇਗੀ ਅਤੇ ਜੇ ਲੋੜ ਪਈ ਤਾਂ ਸਰਗਰਮ ਸਹਿਯੋਗ ਦੀ ਵੀ ਮੰਗ ਕਰੇਗੀ। ਉਨਾਂ ਕਿਹਾ ਕਿ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਦੇ 350 ਸਾਲ ਅਤੇ ਅੰਮ੍ਰਿਤਸਰ ਸਾਹਿਬ ਦੇ 450ਵੇਂ ਸਾਲ, ਸਾਰੀ ਮਨੁੱਖਤਾ ਨਾਲ ਸਬੰਧਤ ਹਨ। ਸਾਨੂੰ ਇਨ੍ਹਾਂ ਨੂੰ ਇਕੱਠੇ, ਅਰਥਪੂਰਨ ਅਤੇ ਪ੍ਰਭਾਵੀ ਢੰਗ ਨਾਲ ਮਨਾਉਣਾ ਚਾਹੀਦਾ ਹੈ।