ਬਠਿੰਡਾ ਦੇ ਕੱਸੋਵਾਲ ਪਿੰਡ ਵਿੱਚੋਂ ਨਾਲਾ ਕੱਢਣ ਦੌਰਾਨ ਪੈਦਾ ਹੋਏ ਮਾਹੌਲ ਨੂੰ ਲੈ ਕੇ ਕਿਸਾਨਾਂ ਵੱਲੋਂ ਫੂਕ ਕੇ ਗਏ ਮੁੱਖ ਮੰਤਰੀ ਦੇ ਪੁਤਲੇ
ਰੋਹਿਤ ਗੁਪਤਾ
ਗੁਰਦਾਸਪੁਰ, 3 ਜੂਨ 2025 - ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਵੱਲੋਂ ਡਿਪਟੀ ਕਮਿਸ਼ਨਰ ਦਫਤਰ ਦੇ ਬਾਹਰ ਮੁੱਖ ਮੰਤਰੀ ਭਗਵੰਤ ਮਾਨ ਦਾ ਪੁਤਲਾ ਫੂਕ ਕੇ ਪ੍ਰਦਰਸ਼ਨ ਕੀਤਾ ਗਿਆ। ਕਿਸਾਨਾਂ ਵੱਲੋਂ ਕਿਹਾ ਗਿਆ ਹੈ ਕਿ ਸੂਬਾ ਸਰਕਾਰ ਵੱਲੋਂ ਲਗਾਤਾਰ ਕਿਸਾਨਾਂ ਅਤੇ ਮਜ਼ਦੂਰਾਂ ਦੇ ਸ਼ਾਂਤਮਈ ਸੰਘਰਸ਼ ਨੂੰ ਗੈਰ ਸੰਵਿਧਾਨਕ ਰਵਈਆ ਅਪਣਾ ਕੇ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਕਿਸਾਨਾਂ ਵੱਲੋਂ ਬਠਿੰਡਾ ਦੇ ਕੱਸੋਖਾਨਾ ਪਿੰਡ ਦੇ ਵਿੱਚੋ ਜਬਰੀ ਨਾਲਾ ਕੱਢਣ ਦੇ ਮਾਮਲੇ ਵਿੱਚ ਕੀਤੀਆਂ ਗਈਆਂ ਗ੍ਰਿਫਤਾਰੀਆਂ ਦਾ ਸਖਤ ਵਿਰੋਧ ਜਤਾਇਆ ਗਿਆ।
ਪ੍ਰਦਰਸ਼ਨ ਦੌਰਾਨ ਕਿਸਾਨ ਆਗੂਆਂ ਨੇ ਕਿਹਾ ਕਿ ਸਰਕਾਰ ਲਗਾਤਾਰ ਗੈਰ ਸੰਵਿਧਾਨਕ ਤਰੀਕੇ ਨਾਲ ਕਿਸਾਨਾਂ ਮਜ਼ਦੂਰਾਂ ਦੇ ਸੰਘਰਸ਼ ਨੂੰ ਦਬਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਪਹਿਲਾਂ ਸ਼ੰਭੂ ਅਤੇ ਖਨੌਰੀ ਬਾਰਡਰਾਂ ਤੇ ਕਿਸਾਨਾਂ ਦੇ ਸੰਘਰਸ਼ ਨੂੰ ਧੋਖੇ ਨਾਲ ਖਦੇੜਿਆ ਗਿਆ ਤੇ ਮੀਟਿੰਗ ਦੇ ਬਹਾਨੇ ਕਿਸਾਨ ਆਗੂਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ । ਤੇ ਹੁਣ ਬਠਿੰਡਾ ਦੇ ਕੱਸੋਵਾਲ ਪਿੰਡ ਵਿੱਚੋਂ ਗੰਦਾ ਨਾਲਾ ਜਬਰੀ ਕੱਢਣ ਦੀ ਕੋਸ਼ਿਸ਼ ਕੀਤੀ ਗਈ , ਜਿਸ ਦੇ ਵਿਰੋਧ ਵਜੋਂ ਪ੍ਰਦਰਸ਼ਨ ਕਰਨ ਤੋਂ ਪਹਿਲਾਂ ਹੀ ਡਲੇਵਾਲ ਅਤੇ ਹੋਰ ਆਗੂਆਂ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ। ਉਹਨਾਂ ਕਿਹਾ ਇਸ ਦਾ ਖਾਮਿਆਜਾ ਸੂਬਾ ਸਰਕਾਰ ਨੂੰ 2027 ਦੀਆਂ ਚੌਣਾਂ ਵਿੱਚ ਭੁਗਤਣਾ ਪਵੇਗਾ।