ਸੰਗਰੂਰ ਸ਼ਰਾਬ ਕਾਂਡ ਤੋਂ ਸਬਕ ਲਿਆ ਹੁੰਦਾ ਤਾਂ ਮਜੀਠਾ ਵਿੱਚ ਦੁਖਦ ਘਟਨਾ ਨਾ ਵਾਪਰਦੀ - ਰੱਖੜਾ
- ਯੁੱਧ ਨਸ਼ਿਆਂ ਵਿਰੁੱਧ ਮਹਿਜ਼ ਡਰਾਮਾ, 'ਯੁੱਧ ਆਪ ਵਿਰੁੱਧ' ਦਿੱਲੀ ਤੋਂ ਬਾਅਦ ਪੰਜਾਬ ਵਿੱਚ ਸਰਕਾਰ ਦਾ ਤਖ਼ਤ ਪਲਟ ਕਰੇਗਾ - ਢੀਂਡਸਾ
ਚੰਡੀਗੜ੍ਹ, 13 ਮਈ 2025 - ਸ੍ਰੀ ਅੰਮ੍ਰਿਸਤਰ ਸਾਹਿਬ ਦੇ ਹਲਕਾ ਮਜੀਠਾ ਵਿੱਚ ਵਾਪਰੇ ਸ਼ਰਾਬ ਕਾਂਡ ਨਾਲ ਹੋਈਆਂ ਮੌਤਾਂ ਨੂੰ ਸਰਕਾਰੀ ਕਤਲ ਕਰਾਰ ਦਿੰਦੇ ਹੋਏ ਸਾਬਕਾ ਮੰਤਰੀ ਸੁਰਜੀਤ ਸਿੰਘ ਰੱਖੜਾ ਅਤੇ ਸਰਦਾਰ ਪ੍ਰਮਿੰਦਰ ਸਿੰਘ ਢੀਂਡਸਾ ਨੇ ਕਿਹਾ ਕਿ ਜੇਕਰ ਸੰਗਰੂਰ ਸ਼ਰਾਬ ਕਾਂਡ ਤੋਂ ਸਬਕ ਲਿਆ ਹੁੰਦਾ ਤਾਂ ਅੱਜ ਮਜੀਠਾ ਵਿੱਚ ਦੁਖਦ ਘਟਨਾ ਨਾ ਵਾਪਰਦੀ। ਜਾਰੀ ਬਿਆਨ ਵਿੱਚ ਸਰਦਾਰ ਰੱਖੜਾ ਅਤੇ ਢੀਂਡਸਾ ਨੇ ਕਿਹਾ ਕਿ ਨਕਲੀ ਸ਼ਰਾਬ ਦਾ ਧੰਦਾ ਕਾਂਗਰਸ ਸਰਕਾਰ ਵੇਲੇ ਪ੍ਰਫੁੱਲਤ ਹੋਇਆ ਤਾਂ ਭਗਵੰਤ ਮਾਨ ਦੀ ਸਰਕਾਰ ਵਿੱਚ ਇਹ ਧੰਦਾ ਸ਼ਰਾਬ ਮਾਫੀਆ ਵਿੱਚ ਬਦਲ ਚੁੱਕਾ ਹੈ। ਸਰਦਾਰ ਰੱਖੜਾ ਨੇ ਕਿਹਾ ਕਿ ਜੇਕਰ ਸੰਗਰੂਰ ਸ਼ਰਾਬ ਕਾਂਡ ਵੇਲੇ ਹੀ ਸਖ਼ਤ ਐਕਸ਼ਨ ਲੈ ਲਿਆ ਹੁੰਦਾ ਤਾਂ ਅੱਜ ਕੀਮਤੀ ਜਾਨਾਂ ਬਚ ਸਕਦੀਆਂ ਸਨ।
ਸਰਦਾਰ ਢੀਂਡਸਾ ਨੇ ਕਿਹਾ ਕਿ ਇਹ ਸੂਬੇ ਦੀ ਬਦਕਿਸਮਤੀ ਹੈ ਕਿ ਏਥੇ ਸ਼ਰਾਬ ਮਾਫੀਆ ਹਰ ਸਾਲ ਲੋਕਾਂ ਦੀ ਜਾਨ ਲੈ ਰਿਹਾ ਹੈ। ਪਿਛਲੀ ਕਾਂਗਰਸ ਸਰਕਾਰ ਵੇਲੇ ਵੀ ਸਵਾ ਸੌ ਤੋਂ ਵੱਧ ਕੀਮਤੀ ਜਾਨਾਂ ਗਈਆਂ, ਪਰ ਇਸ ਦੇ ਜ਼ਿੰਮੇਵਾਰ ਲੋਕਾਂ ਨੂੰ ਬਚਾਇਆ ਗਿਆ। ਉਸ ਵੇਲੇ ਜਾਂਚ ਵਿੱਚ ਵੱਡੀ ਪੱਧਰ ਤੇ ਇਹ ਸਾਹਮਣੇ ਆਇਆ ਕਿ ਰਾਜਪੁਰਾ, ਘਨੌਰ, ਪਟਿਆਲਾ, ਤਰਨਤਾਰਨ ਅਤੇ ਖੰਨਾ ਵਿੱਚ ਗੈਰ ਕਾਨੂੰਨੀ ਤਰੀਕੇ ਨਾਲ ਸ਼ਰਾਬ ਦੀਆਂ ਫੈਕਟਰੀਆਂ ਚੱਲ ਰਹੀਆਂ ਸਨ, ਇਹਨਾਂ ਵਿੱਚ ਛੋਟੇ ਮੋਟੇ ਲੋਕਾਂ ਤੇ ਭਾਂਵੇ ਕਾਰਵਾਈ ਕੀਤੀ ਗਈ ਹੋਵੇ ਪਰ ਜਿਹੜੇ ਲੋਕ ਇਹਨਾਂ ਦੇ ਆਕਾ ਸਨ, ਇਹਨਾਂ ਵਿੱਚੋਂ ਕਿਸੇ ਤੇ ਕਾਰਵਾਈ ਨਹੀਂ ਕੀਤੀ ਗਈ। ਇਹੀ ਵਜ੍ਹਾ ਰਹੀ ਕਿ ਅੱਜ ਕਾਂਗਰਸ ਸਰਕਾਰ ਵੇਲੇ ਨਕਲੀ ਸ਼ਰਾਬ ਦਾ ਪ੍ਰਫੁੱਲਤ ਹੋਇਆ ਧੰਦਾ, ਮਾਫੀਆ ਰਾਜ ਵਿੱਚ ਬਦਲ ਚੁੱਕਾ ਹੈ। ਸਰਦਾਰ ਢੀਂਡਸਾ ਨੇ ਕਿਹਾ ਕਿ ਅੱਜ ਭਗਵੰਤ ਮਾਨ ਸਰਕਾਰ ਕੋਲ ਵੱਡਾ ਮੌਕਾ ਹੈ ਆਪਣੇ ਤੇ ਲੱਗਿਆ ਕਲੰਕ ਵੀ ਧੋਵੇ ਅਤੇ ਆਪ ਜਦੋਂ ਇਹ ਤਰਨਤਾਰਨ ਸ਼ਰਾਬ ਕਾਂਡ ਵੇਲੇ ਖੁਦ ਕਹਿੰਦੇ ਸੀ ਕਿ ਵੱਡੇ ਮਗਰਮੱਛ ਫੜ ਕੇ ਅੰਦਰ ਦੇਣੇ ਚਾਹੀਦੇ ਹਨ,ਤਾਂ ਅੱਜ ਬਿਨਾ ਦੇਰੀ ਇਸ ਕਾਰਵਾਈ ਨੂੰ ਅੰਜਾਮ ਦੇਣਾ ਚਾਹੀਦਾ ਹੈ। ਜੇਕਰ ਮੁੱਖ ਮੰਤਰੀ ਭਗਵੰਤ ਮਾਨ ਨਕਲੀ ਸ਼ਰਾਬ ਦੇ ਵੱਡੇ ਮਗਰਮੱਛਾਂ ਤੇ ਕਾਰਵਾਈ ਨਾ ਕਰ ਪਾਏ ਤਾਂ ਜਿਸ ਤਰਾਂ ਦਿੱਲੀ ਦੇ ਵਿੱਚ ਸ਼ਰਾਬ ਮਾਫੀਆ ਇਹਨਾਂ ਦੀ ਸਰਕਾਰ ਨੂੰ ਲੈ ਬੈਠਾ ਹੈ, ਉਸੇ ਤਰਾਂ ਪੰਜਾਬ ਵਿੱਚ ਵੀ ਆਪ ਸਰਕਾਰ ਦਾ ਜਾਣਾ ਤੈਅ ਹੈ।ਜਾਰੀ ਬਿਆਨ ਵਿੱਚ ਸਰਦਾਰ ਢੀਂਡਸਾ ਨੇ ਕਿਹਾ ਕਿ ਯੁੱਧ ਨਸ਼ਿਆਂ ਵਿਰੁੱਧ ਮਹਿਜ਼ ਡਰਾਮਾ ਹੈ, ਹੁਣ ਪੰਜਾਬ ਦੇ ਲੋਕ ਯੁੱਧ ਆਪ ਵਿਰੁੱਧ ਸ਼ੁਰੂ ਕਰਕੇ ਦਿੱਲੀ ਦੀ ਤਰਾਂ ਪੰਜਾਬ ਵਿੱਚ ਵੀ ਆਪ ਸਰਕਾਰ ਦਾ ਤਖ਼ਤਾ ਪਲਟ ਕਰਨ ਦਾ ਮਨ ਬਣਾ ਚੁੱਕੇ ਹਨ।
ਜਾਰੀ ਬਿਆਨ ਵਿੱਚ ਦੋਹਾਂ ਆਗੂਆਂ ਨੇ ਸਰਕਾਰ ਤੋਂ ਸਮਾਂਬੱਧ ਮਜਿਸਟ੍ਰੇਟ ਜਾਂਚ ਦੀ ਮੰਗ ਕੀਤੀ ਹੈ। ਇਸ ਦੇ ਨਾਲ ਹੀ ਇਸ ਸ਼ਰਾਬ ਕਾਂਡ ਵਿੱਚ ਜਾਨ ਗਵਾਉਣ ਵਾਲੇ ਵਿਅਕਤੀਆਂ ਦੇ ਪਰਿਵਾਰਾਂ ਲਈ ਇੱਕ- ਇੱਕ ਕਰੋੜ ਰੁਪਏ ਮੁਆਵਜ਼ਾ ਰਾਸ਼ੀ ਦੀ ਮੰਗ ਕੀਤੀ ਹੈ।