ਪੰਜਾਬ ਸਿੱਖਿਆ ਕ੍ਰਾਂਤੀ’ : 1.53 ਕਰੋੜ ਦੀ ਲਾਗਤ ਨਾਲ ਜ਼ਿਲ੍ਹੇ ਦੇ 17 ਹੋਰ ਸਰਕਾਰੀ ਸਕੂਲਾਂ ’ਚ ਵਿਕਾਸ ਕਾਰਜਾਂ ਨੂੰ ਹੁਲਾਰਾ
• ਸਰਕਾਰੀ ਸਕੂਲ ਕਿਸੇ ਪੱਖੋਂ ਪ੍ਰਾਈਵੇਟ ਸਕੂਲਾਂ ਨਾਲੋਂ ਘੱਟ ਨਹੀਂ : ਮੋਹਿੰਦਰ ਭਗਤ
• ਅਰਬਨ ਇਸਟੇਟ ਫੇਜ਼-2 ਦੇ ਸਰਕਾਰੀ ਸਕੂਲ ’ਚ 10 ਲੱਖ ਦੀ ਲਾਗਤ ਨਾਲ ਚਾਰਦਿਵਾਰੀ ਦਾ ਕੀਤਾ ਉਦਘਾਟਨ
• ਕੈਬਨਿਟ ਮੰਤਰੀ ਵੱਲੋਂ ਵਿਕਾਸ ਕਾਰਜਾਂ ਲਈ ਸਕੂਲ ਨੂੰ 10 ਲੱਖ ਰੁਪਏ ਦੀ ਰਾਸ਼ੀ ਦੇਣ ਦਾ ਐਲਾਨ
• ਵਿਧਾਇਕ ਬਲਕਾਰ ਸਿੰਘ ਵੱਲੋਂ ਹਲਕਾ ਕਰਤਾਰਪੁਰ ਦੇ 3 ਸਰਕਾਰੀ ਸਕੂਲਾਂ ’ਚ 78.80 ਲੱਖ ਦੇ ਵਿਕਾਸ ਕਾਰਜ ਸਮਰਪਿਤ
• ‘ਪੰਜਾਬ ਸਿੱਖਿਆ ਕ੍ਰਾਂਤੀ’ ਸੂਬੇ ਦੇ ਰੌਸ਼ਨ ਭਵਿੱਖ ਦੀ ਨੀਂਹ ਰੱਖੇਗੀ: ਥਿਆੜਾ
ਜਲੰਧਰ, 30 ਅਪ੍ਰੈਲ 2025: ਸਕੂਲ ਸਿੱਖਿਆ ਪ੍ਰਣਾਲੀ ਵਿੱਚ ਕ੍ਰਾਂਤੀਕਾਰੀ ਬਦਲਾਅ ਲਿਆਉਣ ਦੇ ਮਕਸਦ ਨਾਲ ਸੂਬਾ ਸਰਕਾਰ ਵੱਲੋਂ ਵਿੱਢੀ ‘ਪੰਜਾਬ ਸਿੱਖਿਆ ਕ੍ਰਾਂਤੀ’ ਮੁਹਿੰਮ ਤਹਿਤ ਬੁੱਧਵਾਰ ਨੂੰ ਜ਼ਿਲ੍ਹੇ ਦੇ 17 ਹੋਰ ਸਰਕਾਰੀ ਸਕੂਲਾਂ ਵਿੱਚ 1.53 ਕਰੋੜ ਦੀ ਲਾਗਤ ਵਾਲੇ ਵਿਕਾਸ ਕਾਰਜਾਂ ਦਾ ਉਦਘਾਟਨ ਕੀਤਾ ਗਿਆ। ਇਨ੍ਹਾਂ ਵਿੱਚ ਆਧੁਨਿਕ ਕਲਾਸਰੂਮ, ਸਾਇੰਸ ਲੈਬੋਰੇਟਰੀਜ਼, ਖੇਡ ਦੇ ਮੈਦਾਨ, ਚਾਰਦਿਵਾਰੀਆਂ ਸਮੇਤ ਲੋੜੀਂਦੀ ਮੁਰੰਮਤ ਦੇ ਵਿਕਾਸ ਕੰਮ ਸ਼ਾਮਲ ਹਨ, ਜੋ ਅੱਜ 9 ਸਰਕਾਰੀ ਪ੍ਰਾਇਮਰੀ ਅਤੇ 8 ਸਰਕਾਰੀ ਮਿਡਲ, ਹਾਈ ਅਤੇ ਸੈਕੰਡਰੀ ਸਕੂਲਾਂ ਵਿਚ ਸਮਰਪਿਤ ਕੀਤੇ ਗਏ।
ਇਸੇ ਮੁਹਿੰਮ ਤਹਿਤ ਪੰਜਾਬ ਦੇ ਬਾਗਬਾਨੀ, ਸੁਤੰਤਰਤਾ ਸੈਨਾਨੀ ਅਤੇ ਰੱਖਿਆ ਸੇਵਾਵਾਂ ਭਲਾਈ ਮੰਤਰੀ ਮੋਹਿੰਦਰ ਭਗਤ ਵੱਲੋਂ ਅੱਜ ਸਰਕਾਰੀ ਮਾਡਲ ਕੋ-ਐਜੂਕੇਸ਼ਨ ਸੀਨੀਅਰ ਸੈਕੰਡਰੀ ਸਮਾਰਟ ਸਕੂਲ (ਪ੍ਰਾਇਮਰੀ ਵਿੰਗ) ਅਰਬਨ ਇਸਟੇਟ ਫੇਜ਼-2 ਵਿਖੇ ਵਿਦਿਆਰਥੀਆਂ ਦੀ ਸੁਰੱਖਿਆ ਦੇ ਮੱਦੇਨਜ਼ਰ 10 ਲੱਖ ਰੁਪਏ ਦੀ ਲਾਗਤ ਨਾਲ ਬਣੀ ਚਾਰਦਿਵਾਰੀ ਸਮਰਪਿਤ ਕੀਤੀ ਗਈ।
ਉਦਘਾਟਨੀ ਸਮਾਗਮ ਦੌਰਾਨ ਇਕੱਠ ਨੂੰ ਸੰਬੋਧਨ ਕੈਬਨਿਟ ਮੰਤਰੀ ਨੇ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸਰਕਾਰੀ ਸਕੂਲਾਂ ਦੇ ਬੁਨਿਆਦੀ ਢਾਂਚੇ ’ਤੇ ਵਿਸ਼ੇਸ਼ ਜ਼ੋਰ ਦਿੱਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਅੱਜ ਇਸ ਸਕੂਲ ਵਿਖੇ ਚਾਰਦਿਵਾਰੀ ਦਾ ਉਦਘਾਟਨ ਕੀਤਾ ਗਿਆ ਹੈ, ਜਿਸ ਨਾਲ ਬੱਚਿਆਂ ਦੀ ਸੁਰੱਖਿਆ ਯਕੀਨੀ ਬਣੇਗੀ।
ਭਗਤ ਨੇ ਕਿਹਾ ਕਿ ਵਿਦਿਆਰਥੀਆਂ ਦੇ ਭਵਿੱਖ ਨੂੰ ਰੌਸ਼ਨ ਕਰਨ ਲਈ ਪੰਜਾਬ ਸਰਕਾਰ ਵੱਲੋਂ ਸਿੱਖਿਆ ਕ੍ਰਾਂਤੀ ਮੁਹਿੰਮ ਚਲਾਈ ਗਈ ਹੈ, ਜਿਸ ਤਹਿਤ ਸੂਬੇ ਦੇ ਹਰੇਕ ਸਕੂਲ ਨੂੰ ਆਧੁਨਿਕ ਸਹੂਲਤਾਂ ਨਾਲ ਲੈਸ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਅੱਜ ਸਰਕਾਰੀ ਸਕੂਲ ਬੁਨਿਆਦੀ ਢਾਂਚੇ, ਆਧੁਨਿਕ ਸਹੂਲਤਾਂ, ਪੜ੍ਹਾਈ, ਨਤੀਜੇ ਸਮੇਤ ਕਿਸੇ ਪੱਖੋਂ ਪ੍ਰਾਈਵੇਟ ਸਕੂਲਾਂ ਨਾਲੋਂ ਘੱਟ ਨਹੀਂ ਹਨ ਸਗੋਂ ਸਰਕਾਰੀ ਸਕੂਲਾਂ ਵਿੱਚ ਪ੍ਰਾਈਵੇਟ ਸਕੂਲਾਂ ਦੇ ਬਰਾਬਰ ਸਹੂਲਤਾਂ ਮੁਹੱਈਆ ਕਰਵਾਉਣ ਦੇ ਨਾਲ-ਨਾਲ ਉੱਚ ਯੋਗਤਾ ਪ੍ਰਾਪਤ ਅਧਿਆਪਕਾਂ ਵੱਲੋਂ ਪੜ੍ਹਾਇਆ ਜਾ ਰਿਹਾ ਹੈ। ਉਨ੍ਹਾਂ ਮਾਪਿਆਂ ਨੂੰ ਆਪਣੇ ਬੱਚੇ ਸਰਕਾਰੀ ਸਕੂਲਾਂ ਵਿੱਚ ਪੜ੍ਹਾਉਣ ਦੀ ਅਪੀਲ ਕਰਦਿਆਂ ਇਨ੍ਹਾਂ ਸਕੂਲਾਂ ਵਿੱਚ ਦਿੱਤੀਆਂ ਜਾ ਰਹੀਆਂ ਮੁਫ਼ਤ ਸਹੂਲਤਾਂ ਦਾ ਲਾਭ ਲੈਣ ਦੀ ਅਪੀਲ ਵੀ ਕੀਤੀ।
ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸਰਕਾਰੀ ਸਕੂਲਾਂ ਦੀ ਨੁਹਾਰ ਬਦਲਣ ਦੇ ਨਾਲ-ਨਾਲ ਪੰਜਾਬ ਦੇ ਸਾਰੇ ਪ੍ਰਾਈਵੇਟ ਸਕੂਲਾਂ ਵਿੱਚ ਕਮਜ਼ੋਰ ਵਰਗਾਂ ਦੇ ਵਿਦਿਆਰਥੀਆਂ ਲਈ 25 ਫੀਸਦੀ ਸੀਟਾਂ ਦੇ ਰਾਖਵੇਂਕਰਨ ਨੂੰ ਲਾਗੂ ਕਰਨ ਲਈ ਸਾਰੇ ਜ਼ਰੂਰੀ ਕਦਮ ਚੁੱਕੇ ਜਾ ਰਹੇ ਹਨ।
ਕੈਬਨਿਟ ਮੰਤਰੀ ਨੇ ਇਸ ਮੌਕੇ ਸਕੂਲ ਨੂੰ ਵਿਕਾਸ ਕਾਰਜਾਂ ਲਈ 10 ਲੱਖ ਰੁਪਏ ਦੀ ਰਾਸ਼ੀ ਦੇਣ ਦਾ ਐਲਾਨ ਵੀ ਕੀਤਾ।
ਇਸੇ ਤਰ੍ਹਾਂ ਵਿਧਾਨ ਸਭਾ ਹਲਕਾ ਕਰਤਾਰਪੁਰ ਤੋਂ ਵਿਧਾਇਕ ਬਲਕਾਰ ਸਿੰਘ ਵੱਲੋਂ ਹਲਕੇ ਦੇ ਤਿੰਨ ਸਰਕਾਰੀ ਸਕੂਲਾਂ ਵਿੱਚ 78.80 ਲੱਖ ਦੀ ਲਾਗਤ ਵਾਲੇ ਵਿਕਾਸ ਕਾਰਜ ਸਮਰਪਿਤ ਕੀਤੇ ਗਏ। ਵਿਧਾਇਕ ਬਲਕਾਰ ਸਿੰਘ ਵੱਲੋਂ ਅੱਜ ਸਰਕਾਰੀ ਪ੍ਰਾਇਮਰੀ ਸਕੂਲ ਕਾਲਾ ਖੇੜਾ ਵਿਖੇ 75 ਲੱਖ, ਸਰਕਾਰੀ ਪ੍ਰਾਇਮਰੀ ਸਕੂਲ ਛੋਟਾ ਬੜਾ ਪਿੰਡ ਵਿਖੇ ਤਿੰਨ ਲੱਖ ਅਤੇ ਸਰਕਾਰੀ ਪ੍ਰਾਇਮਰੀ ਸਕੂਲ ਰਜਬ ਵਿਖੇ 80 ਹਜ਼ਾਰ ਦੀ ਲਾਗਤ ਵਾਲੇ ਵਿਕਾਸ ਕਾਰਜਾਂ ਦਾ ਉਦਘਾਟਨ ਕੀਤਾ ਗਿਆ।
ਜਲੰਧਰ ਇੰਪਰੂਵਮੈਂਟ ਟਰੱਸਟ ਦੀ ਚੇਅਰਪਰਸਨ ਰਾਜਵਿੰਦਰ ਕੌਰ ਥਿਆੜਾ ਨੇ ਸਰਕਾਰੀ ਮਾਡਲ ਕੋ-ਐਜੂਕੇਸ਼ਨ ਸੀਨੀਅਰ ਸੈਕੰਡਰੀ ਸਮਾਰਟ ਸਕੂਲ (ਪ੍ਰਾਇਮਰੀ ਵਿੰਗ) ਅਰਬਨ ਇਸਟੇਟ ਫੇਜ਼-2 ਵਿਖੇ ਉਦਘਾਟਨੀ ਸਮਾਗਮ ਦੌਰਾਨ ਸੰਬੋਧਨ ਕਰਦਿਆਂ ਕਿਹਾ ਕਿ ‘ਪੰਜਾਬ ਸਿੱਖਿਆ ਕ੍ਰਾਂਤੀ’ ਸੂਬੇ ਦੇ ਰੌਸ਼ਨ ਭਵਿੱਖ ਦੀ ਨੀਂਹ ਰੱਖੇਗੀ। ਉਨ੍ਹਾਂ ਸਰਕਾਰੀ ਸਕੂਲਾਂ ਵਿੱਚ ਬਿਲਕੁਲ ਮੁਫ਼ਤ ਪ੍ਰਦਾਨ ਕੀਤੀਆਂ ਜਾ ਰਹੀਆਂ ਸਹੂਲਤਾਂ ’ਤੇ ਚਾਨਣਾ ਪਾਉਂਦਿਆਂ ਲੋਕਾਂ ਨੂੰ ਆਪਣੇ ਬੱਚੇ ਸਰਕਾਰੀ ਸਕੂਲਾਂ ਵਿੱਚ ਪੜ੍ਹਾਉਣ ਦੀ ਅਪੀਲ ਕੀਤੀ।
ਇਸ ਤੋਂ ਇਲਾਵਾ ‘ਪੰਜਾਬ ਸਿੱਖਿਆ ਕ੍ਰਾਂਤੀ’ ਮੁਹਿੰਮ ਤਹਿਤ ਵਿਧਾਨ ਸਭਾ ਹਲਕਾ ਸ਼ਾਹਕੋਟ ਦੇ 6 ਸਰਕਾਰੀ ਪ੍ਰਾਇਮਰੀ, ਮਿਡਲ, ਹਾਈ ਤੇ ਸੀਨੀਅਰ ਸੈਕੰਡਰੀ ਸਕੂਲਾਂ ਵਿੱਚ 27.04 ਲੱਖ ਅਤੇ ਹਲਕਾ ਆਦਮਪੁਰ ਦੇ 7 ਸਰਕਾਰੀ ਪ੍ਰਾਇਮਰੀ ਅਤੇ ਸੀਨੀਅਰ ਸੈਕੰਡਰੀ ਸਕੂਲਾਂ ਵਿੱਚ 37.70 ਲੱਖ ਦੀ ਲਾਗਤ ਨਾਲ ਤਿਆਰ ਵਿਕਾਸ ਕਾਰਜ ਸਮਰਪਿਤ ਕੀਤੇ ਗਏ।