US Breaking: 'ਟਰੰਪ ਦੀ ਅੰਗਰੇਜ਼ੀ ਭਾਸ਼ਾ ਲਾਜ਼ਮੀ ਨੀਤੀ: ਪੰਜਾਬੀ ਟਰੱਕ ਡਰਾਈਵਰਾਂ 'ਤੇ ਡਿੱਗ ਸਕਦੀ ਗਾਜ਼
ਗੁਰਿੰਦਰਜੀਤ ਸਿੰਘ ਨੀਟਾ ਮਾਛੀਕੇ
ਅਮਰੀਕਾ, 29 ਅਪ੍ਰੈਲ 2025- ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਹਾਲ ਹੀ ਵਿੱਚ ਇਕ ਬਿਆਨ ਵਿੱਚ ਕਿਹਾ ਕਿ ਟਰੱਕ ਡਰਾਈਵਰਾਂ ਲਈ ਅੰਗ੍ਰੇਜ਼ੀ ਬੋਲਣਾ, ਪੜ੍ਹਨਾ ਅਤੇ ਲਿਖਣਾ ਲਾਜ਼ਮੀ ਹੋਣਾ ਚਾਹੀਦਾ ਹੈ। ਇਸ ਬਿਆਨ ਨੇ ਅਮਰੀਕਾ ਵਿੱਚ ਕੰਮ ਕਰ ਰਹੇ ਹਜ਼ਾਰਾਂ ਪੰਜਾਬੀ ਟਰੱਕ ਡਰਾਈਵਰਾਂ ਵਿੱਚ ਵੀ ਚਿੰਤਾ ਵਧਾ ਦਿੱਤੀ ਹੈ।
ਟਰੰਪ ਦੇ ਬਿਆਨ ਤੋਂ ਇਹ ਅਨੁਮਾਨ ਲਗਾਇਆ ਜਾ ਰਿਹਾ ਹੈ ਕਿ ਹੁਣ ਡੀਐਮਵੀ (Department of Motor Vehicles) ਅਤੇ ਫੈਡਰਲ ਡਰਾਈਵਿੰਗ ਏਜੰਸੀਜ਼ ਤੋਂ ਨਵੀਨਤਮ ਨੀਤੀਆਂ ਲਾਗੂ ਕਰਵਾਈਆਂ ਜਾ ਸਕਦੀਆਂ ਹਨ, ਜੋ ਕਿ ਕਿਸੇ ਵੀ ਹੋਰ ਭਾਸ਼ਾ ਦੇ ਬਿਨਾਂ ਅੰਗ੍ਰੇਜ਼ੀ ਦੀ ਸਮਝ ਨੂੰ ਲਾਜ਼ਮੀ ਬਣਾਉਣਗੀਆਂ। ਇਹ ਨੀਤੀਆਂ ਖਾਸ ਤੌਰ ਤੇ ਉਹਨਾਂ ਪੰਜਾਬੀ ਅਤੇ ਹੋਰ ਭਾਸ਼ਾਈ ਡਰਾਈਵਰਾਂ ਲਈ ਮੁਸ਼ਕਲ ਪੈਦਾ ਕਰ ਸਕਦੀਆਂ ਹਨ ਜੋ ਅੰਗ੍ਰੇਜ਼ੀ ਵਿੱਚ ਪੂਰੀ ਤਰ੍ਹਾਂ ਮਹਾਰਤ ਨਹੀਂ ਰੱਖਦੇ।
ਟਰੱਕ ਡ੍ਰਾਈਵਿੰਗ ਸਕੂਲਾਂ ਦੇ ਸਾਹਮਣੇ ਵੀ ਚੁਣੌਤੀਆਂ ਖੜੀਆਂ ਹੋਣਗੀਆਂ। ਜਿਹੜੇ ਪੰਜਾਬੀ ਟਰੱਕ ਡ੍ਰਾਈਵਿੰਗ ਸਕੂਲ ਸਾਲਾਂ ਤੋਂ ਅੰਗਰੇਜ਼ੀ ਨਾ ਬੋਲ ਸਕਣ ਵਾਲੇ ਵਿਦਿਆਰਥੀਆਂ ਨੂੰ CDL (Commercial Driver’s License) ਦਵਾ ਰਹੇ ਸਨ, ਉਹ ਵੀ ਹੁਣ ਕਸੂਤੀ ਸਥਿਤੀ ’ਚ ਫਸ ਸਕਦੇ ਹਨ। ਅੰਗ੍ਰੇਜ਼ੀ ਦੀ ਲਾਜ਼ਮੀ ਸ਼ਰਤ ਲਾਗੂ ਹੋਣ ਉਪਰੰਤ ਜਾਂ ਤਾਂ ਇਹ ਸਕੂਲ ਆਪਣੇ ਕੋਰਸਜ਼ ਨੂੰ ਰੀਡਿਜ਼ਾਈਨ ਕਰਨਗੇ ਜਾਂ ਬਹੁਤ ਸਾਰੇ ਵਿਦਿਆਰਥੀ ਗੁਆ ਸਕਦੇ ਹਨ।
ਕੀ ਡੀਐਮਵੀ ਹੋਵੇਗਾ ਸਖ਼ਤ?
ਜੇਕਰ ਨੀਤੀਆਂ ਵਿੱਚ ਕੋਈ ਤਬਦੀਲੀ ਆਉਂਦੀ ਹੈ, ਤਾਂ ਸੰਭਾਵਨਾ ਹੈ ਕਿ ਡੀਐਮਵੀ ਅਧਿਕਾਰੀ ਲਾਇਸੰਸ ਟੈਸਟਾਂ ਦੌਰਾਨ ਉਮੀਦਵਾਰਾਂ ਦੀ ਅੰਗ੍ਰੇਜ਼ੀ ਤੇ ਸਮਝ ਜਾਂ ਪੜ੍ਹਨ ਦੀ ਯੋਗਤਾ ਦੀ ਜਾਂਚ ਹੋਰ ਵਧੇਰੇ ਸਖ਼ਤੀ ਨਾਲ ਕਰਨਗੇ। ਇਸ ਨਾਲ ਨਵੇਂ ਡਰਾਈਵਰਾਂ ਲਈ ਰਸਤੇ ਵਧੇਰੇ ਔਖੇ ਹੋ ਸਕਦੇ ਹਨ।
ਟਰੰਪ ਦੇ ਇਸ ਬਿਆਨ ਨੇ ਜੋ ਸੰਕੇਤ ਦਿੱਤੇ ਹਨ, ਉਹ ਭਵਿੱਖ ਵਿੱਚ ਟਰਾਂਸਪੋਰਟ ਵਿੱਚ ਵੱਡੀਆਂ ਤਬਦੀਲੀਆਂ ਲਿਆ ਸਕਦੇ ਹਨ। ਪੰਜਾਬੀ ਟਰੱਕ ਡਰਾਈਵਰਾਂ, ਸਕੂਲਾਂ, ਟਰੱਕਿੰਗ ਕੰਪਨੀਆਂ ਲਈ ਇਹ ਜ਼ਰੂਰੀ ਹੈ ਕਿ ਉਹ ਸਚੇਤ ਰਹਿਣ ਅਤੇ ਅੱਜ ਤੋਂ ਹੀ ਅੰਗ੍ਰੇਜ਼ੀ ਵਿਚ ਆਪਣੀ ਮੁਹਾਰਤ ਵਧਾਉਣ ਤੇ ਧਿਆਨ ਦੇਣ।