ਪੰਜਾਬੀ ਯੂਨੀਵਰਸਿਟੀ ਦੇ ਹੋਸਟਲ ਵਿੱਚ ਵਿਦਿਆਰਥਣ ਦੀ ਮੌਤ: ਅਥਾਰਿਟੀਜ਼ ਨੇ ਪ੍ਰਗਟਾਇਆ ਦੁੱਖ
ਪਟਿਆਲਾ, 30 ਅਪ੍ਰੈਲ 2025 - ਪੰਜਾਬੀ ਯੂਨੀਵਰਸਿਟੀ ਦੇ ਬੀਬੀ ਸਾਹਿਬ ਕੌਰ ਹੋਸਟਲ ਵਿੱਚ ਇੱਕ ਵਿਦਿਆਰਥਣ ਦੀ ਮੌਤ ਹੋ ਜਾਣ ਦੀ ਦੁਖਦ ਖ਼ਬਰ ਸਾਹਮਣੇ ਆਈ ਹੈ। ਸਬੰਧਤ ਲੜਕੀ ਯੂਨੀਵਰਸਿਟੀ ਦੇ ਪੰਜ ਸਾਲਾ ਇੰਟੀਗਰੇਟਿਡ ਕੋਰਸ ਵਿੱਚ ਤੀਜੇ ਸਾਲ ਦੀ ਵਿਦਿਆਰਥਣ ਸੀ। ਯੂਨੀਵਰਸਿਟੀ ਅਥਾਰਿਟੀਜ਼ ਨੇ ਦੱਸਿਆ ਕਿ ਸੂਚਨਾ ਮਿਲਣ ਉੱਤੇ ਯੂਨੀਵਰਸਿਟੀ ਅਥਾਰਿਟੀਜ਼ ਤੋਂ ਡੀਨ ਅਕਾਦਮਿਕ ਮਾਮਲੇ ਅਤੇ ਰਜਿਸਟਰਾਰ ਦੀ ਅਗਵਾਈ ਵਿੱਚ ਮੁੱਖ ਸੁਰੱਖਿਆ ਅਫ਼ਸਰ, ਸੀਨੀਅਰ ਮੈਡੀਕਲ ਅਫ਼ਸਰ ਅਤੇ ਹੋਰ ਸਬੰਧਤ ਅਮਲਾ ਤੁਰੰਤ ਮੌਕੇ ਉੱਤੇ ਪਹੁੰਚ ਗਿਆ ਸੀ। ਇਸ ਬਾਰੇ ਸਥਾਨਕ ਪੁਲਿਸ ਨੂੰ ਤੁਰੰਤ ਸੂਚਿਤ ਕਰ ਦਿੱਤਾ ਗਿਆ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਯੂਨੀਵਰਸਿਟੀ ਅਥਾਰਿਟੀਜ਼ ਵੱਲੋਂ ਇਸ ਘਟਨਾ ਉੱਤੇ ਗਹਿਰੀ ਸੰਵੇਦਨਾ ਪ੍ਰਗਟਾਈ ਗਈ ਹੈ।