ਸਰਹਿੰਦ ਫੀਡਰ ਨਹਿਰ ਦੀ ਮੁੜ ਉਸਾਰੀ ਦਾ ਕੰਮ ਜਲਦੀ ਕੀਤਾ ਜਾਵੇਗਾ-ਡੀ. ਸੀ
•ਨਹਿਰ ਦੇ ਬੈਂਡ ਨੂੰ ਸਿੰਗਲ ਲੇਅਰ ਇੱਟ ਵਿੱਚ ਬਿਨਾਂ ਪਲਾਸਟਿਕ ਤੋ ਬਣਾਇਆ ਜਾਵੇਗਾ
•ਨਹਿਰ ਦੀ ਉਸਾਰੀ ਦੌਰਾਨ ਘੱਟ ਤੋਂ ਘੱਟ ਰੁੱਖ ਕੱਟੇ ਜਾਣਗੇ
•ਤਜਵੀਜ਼ ਡਿਜ਼ਾਈਨ ਨਾਲ ਜ਼ਮੀਨੀ ਪਾਣੀ ਦਾ ਕੋਈ ਨੁਕਸਾਨ ਨਹੀਂ ਹੋਵੇਗਾ।
ਪਰਵਿੰਦਰ ਸਿੰਘ ਕੰਧਾਰੀ
ਫ਼ਰੀਦਕੋਟ 18 ਜਨਵਰੀ 2025 : ਡਿਪਟੀ ਕਮਿਸ਼ਨਰ ਸ੍ਰੀ ਵਿਨੀਤ ਕੁਮਾਰ ਨੇ ਦੱਸਿਆ ਕਿ ਜਲ ਸਰੋਤ ਵਿਭਾਗ, ਪੰਜਾਬ ਵੱਲੋਂ ਫ਼ਰੀਦਕੋਟ ਸ਼ਹਿਰ ਵਿੱਚ ਸਰਹਿੰਦ ਫੀਡਰ ਨਹਿਰ ਦੀ 10 ਕਿ.ਮੀਂ. ਲੰਬਾਈ ਦੀ ਮੁੜ ਉਸਾਰੀ ਦਾ ਕਮ ਜਨਵਰੀ- ਫਰਵਰੀ 2025 ਵਿਚ ਕੀਤਾ ਜਾਣਾ ਹੈ।
ਉਨ੍ਹਾਂ ਦੱਸਿਆ ਕਿ ਸਰਹਿੰਦ ਫੀਡਰ ਇਕ ਬਹੁਤ ਮਹੱਤਵਪੂਰਣ ਨਹਿਰ ਹੈ ਜਿਸ ਰਾਹੀਂ ਪੰਜਾਬ ਦੇ ਦੱਖਣ-ਪੱਛਮ ਜਿਲ੍ਹਿਆਂ ਨੂੰ ਸਿੰਜਾਈ ਅਤੇ ਪੀਣ ਦਾ ਪਾਣੀ ਮੁਹਈਆ ਕਰਵਾਇਆ ਜਾਂਦਾ ਹੈ। ਇਸ ਨਹਿਰ ਦੀ ਉਸਾਰੀ ਨੂੰ ਲਗਭਗ 60 ਸਾਲ ਦਾ ਸਮਾਂ ਬੀਤ ਚੁੱਕਾ ਹੈ। ਇੰਨ੍ਹੇ ਸਾਲਾਂ ਵਿੱਚ ਲਗਾਤਾਰ ਨਹਿਰ ਵਿਚ ਪਾਣੀ ਚੱਲਣ ਕਾਰਨ ਨਹਿਰ ਦੀ ਇੱਟਾਂ ਦੀ ਲਾਈਨਿੰਗ ਕਾਫ਼ੀ ਕਮਜ਼ੋਰ ਅਤੇ ਖਸਤਾ ਹੋ ਗਈ ਹੈ ਜਿਸ ਕਾਰਨ ਇਹ ਨਹਿਰ ਪੀਕ ਸੀਜ਼ਨ ਦੌਰਾਨ ਆਪਣੀ ਸਮਰੱਥਾ ਅਨੁਸਾਰ ਪਾਣੀ ਨਹੀਂ ਲੈ ਪਾ ਰਹੀ ਹੈ ਅਤੇ ਪਾਣੀ ਨਹਿਰ ਦੇ ਕੰਢਿਆਂ ਤੱਕ ਚਲਦਾ ਹੈ, ਜਿਸ ਕਾਰਨ ਉਸ ਸਮੇਂ ਦੌਰਾਨ ਹਰ ਵਕਤ ਲੋਕਾਂ ਦੀ ਜਾਨ ਮਾਲ ਦੇ ਨੁਕਸਾਨ ਦਾ ਡਰ ਬਣਿਆ ਰਹਿੰਦਾ ਹੈ।
ਉਨ੍ਹਾਂ ਕਿਹਾ ਕਿ ਇਹ ਨਹਿਰ ਇਸ ਖੇਤਰ ਦੀ ਜੀਵਨ ਰੇਖਾ ਹੈ ਅਤੇ ਨਹਿਰ ਦੀ ਫ਼ਰੀਦਕੋਟ ਸ਼ਹਿਰ ਵਿੱਚ ਹਾਲਤ ਬਹੁਤ ਖਸਤਾ ਹੋਣ ਕਾਰਨ ਇਸ ਖੇਤਰ ਵਿਚ ਲੋੜ ਅਨੁਸਾਰ ਪਾਣੀ ਨਹੀਂ ਪਹੁਚ ਰਿਹਾ ਹੈ ਜਿਸ ਨਾਲ ਇਸ ਜਗ੍ਹਾ ਦੀ ਜ਼ਿਆਦਾਤਰ ਆਬਾਦੀ ਪ੍ਰਭਾਵਿਤ ਹੋ ਰਹੀ ਹੈ। ਇਨ੍ਹਾਂ ਜ਼ਿਲ੍ਹਿਆਂ ਵਿਚ ਨਹਿਰਾਂ ਨੂੰ ਵਾਰਾਬੰਦੀ ਵਿਚ ਚਲਾਉਣਾ ਪੈਂਦਾ ਹੈ ਜਿਸ ਕਾਰਨ ਓਥੇ ਲਾਅ ਐਂਡ ਆਰਡਰ ਦੀ ਸਥਿਤੀ ਖ਼ਰਾਬ ਹੋਣ ਦਾ ਖ਼ਦਸ਼ਾ ਬਣਿਆ ਰਹਿੰਦਾ ਹੈ। ਇਸ ਨੂੰ ਮੁੱਖ ਰੱਖਦੇ ਹੋਏ, ਇਸ ਨਹਿਰ ਦੀ ਮੁੜ ਉਸਾਰੀ ਦਾ ਕੰਮ, ਪੰਜਾਬ ਸਰਕਾਰ ਦਾ ਇਕ ਲੋਕ ਹਿਤ ਵਿੱਚ ਲਿਆ ਗਿਆ ਇਕ ਅਹਿਮ ਫ਼ੈਸਲਾ ਹੈ।
ਉਨ੍ਹਾਂ ਸ਼ਹਿਰ ਵਾਸੀਆਂ ਨੂੰ ਵਿਸ਼ਵਾਸ ਦਿਵਾਇਆ ਕਿ
ਲੋਕ ਹਿਤ ਵਿੱਚ ਨਹਿਰ ਵਿਚੋਂ ਪਾਣੀ ਦੀ ਸੀਪੇਜ ਸੁਚੱਜੇ ਢੰਗ ਨਾਲ ਹੋ ਸਕੇ ਅਤੇ ਫ਼ਰੀਦਕੋਟ ਸ਼ਹਿਰ ਵਿੱਚ ਜ਼ਮੀਨੀ ਪਾਣੀ ਦਾ ਪੱਧਰ ਬਣਿਆ ਰਹੇ, ਇਸ ਸਬੰਧੀ ਮਹਿਕਮੇ ਵੱਲੋਂ ਨਹਿਰ ਦੇ ਬੈਂਡ ਨੂੰ ਸਿੰਗਲ ਲੇਅਰ ਇੱਟ ਵਿੱਚ ਬਿਨਾਂ ਪਲਾਸਟਿਕ ਤੋ ਬਣਾਇਆ ਜਾਵੇਗਾ।
ਉਨ੍ਹਾਂ ਦੱਸਿਆ ਕਿ ਕਿਸੇ ਵੀ ਨਹਿਰ ਤੋਂ ਧਰਤੀ ਵਿਚ ਸੀਪੇਜ ਨਹਿਰ ਦੇ ਬੈਂਡ ਰਾਹੀਂ ਹੁੰਦੀ ਹੈ ਅਤੇ ਸਾਈਡਾਂ ਤੋਂ ਸੀਪੇਜ ਦਾ ਪ੍ਰਭਾਵ ਨਾਮਾਤਰ ਹੁੰਦਾ ਹੈ।
ਉਨ੍ਹਾਂ ਦੱਸਿਆ ਕਿ ਧਰਤੀ ਵਿਚ ਹੋ ਰਹੀ ਸੀਪੇਜ ਦਾ ਲਗਭਗ 80% ਰਾਜਸਥਾਨ ਨਹਿਰ ਤੋਂ ਹੁੰਦਾ ਹੈ ਜਿਸ ਨੂੰ ਰੀਲਾਈਨ ਨਹੀਂ ਕੀਤਾ ਜਾ ਰਿਹਾ ਹੈ। ਸਰਹਿੰਦ ਨਹਿਰ ਤੋਂ 20% ਹਿੱਸਾ ਸੀਪੇਜ ਹੁੰਦੀ ਹੈ ਜਿਸ ਨੂੰ ਵੀ ਬਰਕਰਾਰ ਰੱਖਿਆ ਜਾਵੇਗਾ। ਉਨ੍ਹਾਂ ਵਿਸ਼ਵਾਸ ਦਵਾਇਆ ਕਿ ਮਹਿਕਮੇ ਵੱਲੋਂ ਲਏ ਗਏ ਇਸ ਫ਼ੈਸਲੇ ਨਾਲ ਨਹਿਰ ਦੇ ਬੈਂਡ ਤੋਂ ਅੱਜ ਦੀ ਸਥਿਤੀ ਜਿੰਨੀ ਸੀਪੇਜ ਹੋਵੇਗੀ।
ਨਹਿਰ ਦੀ ਉਸਾਰੀ ਦੌਰਾਨ ਘੱਟ ਤੋਂ ਘੱਟ ਰੁੱਖਾਂ ਨੂੰ ਨੁਕਸਾਨ ਪਹੁੰਚਾਉਣਾ ਮਹਿਕਮੇ ਦੀ ਤਜਵੀਜ਼ ਹੋਵੇਗੀ ਅਤੇ ਜਿਹੜੇ ਵੀ ਦਰਖਤਾਂ (ਜਿਹਨਾ ਨੂੰ ਹਟਾਉਣਾ ਅਤਿ ਜ਼ਰੂਰੀ ਹੈ) ਦਾ ਨੁਕਸਾਨ ਹੋਵੇਗਾ ਉਨ੍ਹਾਂ ਦੀ ਮਹਿਕਮੇ ਅਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਦਸ ਗੁਣਾ ਵੱਧ ਨਵੇਂ ਰੁੱਖ ਲਗਾ ਕੇ ਭਰਪਾਈ ਕੀਤੀ ਜਾਵੇਗੀ।
ਉਨ੍ਹਾਂ ਸ਼ਹਿਰ ਵਾਸੀਆਂ ਨੂੰ ਇਹ ਵੀ ਵਿਸ਼ਵਾਸ ਦਵਾਇਆ ਕਿ ਇਸ ਨਹਿਰ ਦੇ ਸਰਕਾਰ ਵੱਲੋਂ ਮੁੜ ਉਸਾਰੀ ਸਬੰਧੀ ਤਜਵੀਜ਼ ਕੀਤੇ ਗਏ ਡਿਜ਼ਾਈਨ ਨਾਲ ਇਸ ਖੇਤਰ ਵਿਚ ਜ਼ਮੀਨੀ ਪਾਣੀ ਦਾ ਕੋਈ ਨੁਕਸਾਨ ਨਹੀਂ ਹੋਵੇਗਾ।
ਸਰਕਾਰ ਵੱਲੋਂ ਫ਼ਰੀਦਕੋਟ ਸ਼ਹਿਰ ਅਤੇ ਆਲ਼ੇ ਦੁਆਲ਼ੇ ਦੇ ਲੋਕਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਫ਼ਰੀਦਕੋਟ ਵਾਸੀਆਂ ਦੀ ਸੁਰੱਖਿਆ, ਪੰਜਾਬ ਦੇ ਦੱਖਣ-ਪੱਛਮੀ ਇਲਾਕੇ ਦੇ ਆਪਣੇ ਸਾਥੀਆਂ ਦੀ ਤਕਲੀਫ਼ਾਂ ਅਤੇ ਉਨ੍ਹਾਂ ਦਾ ਹਿਤ ਧਿਆਨ ਵਿਚ ਰੱਖਦੇ ਹੋਏ, ਅਤੇ ਸਰਕਾਰ ਦੀ ਘਰ-ਘਰ ਅਤੇ ਪਿੰਡ- ਪਿੰਡ ਤੱਕ ਪਾਣੀ ਪਹੁਚਾਉਣ ਦੀ ਵਚਨਬੱਧਤਾ ਨੂੰ ਮੁੱਖ ਰੱਖਦੇ ਹੋਏ, ਇਸ ਕੰਮ ਨੂੰ ਮੁਕੰਮਲ ਕਰਨ ਲਈ ਜ਼ਿਲ੍ਹਾ ਪ੍ਰਸ਼ਾਸਨ ਨੂੰ ਸਹਿਯੋਗ ਦਿੱਤਾ ਜਾਵੇ।