MLA ਫਾਜ਼ਿਲਕਾ ਨੇ ਜ਼ਿਲ੍ਹਾ ਪੱਧਰੀ ਸਮਾਗਮ ਧੀਆਂ ਦੀ ਲੋਹੜੀ ਮੌਕੇ 51 ਨਵਜਮੀਆਂ ਧੀਆਂ ਦੀਆਂ ਮਾਵਾਂ ਨੂੰ ਬੇਬੀ ਕੇਅਰ ਕਿੱਟਾਂ ਤੇ ਕੰਬਲ ਭੇਂਟ ਕੀਤੇ
- ਕਿਹਾ, ਔਰਤਾਂ ਬਿਨਾਂ ਸੰਸਾਰ ਵਿਚ ਕਿਸੇ ਦੀ ਹੋਂਦ ਸੰਭਵ ਨਹੀਂ- ਵਿਧਾਇਕ ਨਰਿੰਦਰਪਾਲ ਸਿੰਘ ਸਵਨਾ
- ਬੇਟੀ ਬਚਾਓ ਬੇਟੀ ਪੜ੍ਹਾਓ ਉਦੇਸ਼ ਸਦਕਾ ਫਾਜਿਲਕਾ ਦੇ ਪਿੰਡ ਸਾਬੂਆਣਾ ਦੇ ਸਰਕਾਰੀ ਸੀ.ਸੈਂ ਸਕੂਲ ਵਿਖੇ ਧੀਆਂ ਦੀ ਲੋਹੜੀ ਦਾ ਜਿਲ੍ਹਾ ਪੱਧਰੀ ਪ੍ਰੋਗਰਾਮ ਆਯੋਜਿਤ
ਫਾਜ਼ਿਲਕਾ, 18 ਜਨਵਰੀ 2025 - ਬੇਟੀ ਬਚਾਓ ਬੇਟੀ ਪੜ੍ਹਾਓ ਉਦੇਸ਼ ਦੀ ਪੂਰਤੀ ਹਿਤ ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਵੱਲੋਂ ਸਮੇਂ-ਸਮੇ ਤੇ ਉਪਰਾਲੇ ਕੀਤੇ ਜਾ ਰਹੇ ਹਨ। ਇਸੇ ਲੜੀ ਤਹਿਤ ਜ਼ਿਲ੍ਹਾ ਪ੍ਰੋਗਰਾਮ ਦਫਤਰ ਵੱਲੋਂ ਫਾਜ਼ਿਲਕਾ ਵਿਖੇ ਧੀਆਂ ਦੀ ਲੋਹੜੀ ਦਾ ਜਿਲ੍ਹਾ ਪੱਧਰੀ ਪ੍ਰੋਗਰਾਮ ਆਯੋਜਿਤ ਕੀਤਾ ਗਿਆ। ਜਿਸ ਵਿਚ ਮੁੱਖ ਮਹਿਮਾਨ ਵਜੋਂ ਵਿਧਾਇਕ ਫਾਜਿਲਕਾ ਸ੍ਰੀ ਨਰਿੰਦਰਪਾਲ ਸਿੰਘ ਸਵਨਾ ਅਤੇ ਉਹਨਾਂ ਦੀ ਪਤਨੀ ਸ਼੍ਰੀਮਤੀ ਖੁਸ਼ਬੂ ਸਵਨਾ ਵੱਲੋਂ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਗਈ।
ਵਿਧਾਇਕ ਫਾਜਿਲਕਾ ਸ੍ਰੀ ਨਰਿੰਦਰਪਾਲ ਸਿੰਘ ਨੇ ਸਮਾਗਮ ਦੌਰਾਨ ਸ਼ਿਰਕਤ ਕਰਦਿਆਂ ਨਵਜਮੀਆਂ ਧੀਆਂ ਨੂੰ ਜਨਮ ਦੇਣ ਵਾਲੀਆਂ ਮਾਵਾਂ ਨੂੰ ਲੋਹੜੀ ਦੀ ਵਧਾਈ ਦਿੰਦਿਆਂ ਕਿਹਾ ਕਿ ਤੁਸੀਂ ਮਾਂਵਾਂ ਭਾਗਾਂ ਵਾਲੀਆਂ ਹੋ ਜਿਨ੍ਹਾਂ ਦੇ ਘਰ ਲਕਸ਼ਮੀ ਆਈ ਹੈ। ਉਨ੍ਹਾਂ ਕਿਹਾ ਕਿ ਔਰਤਾਂ ਬਿਨਾਂ ਸੰਸਾਰ ਵਿਚ ਕਿਸੇ ਦੀ ਹੋਂਦ ਸੰਭਵ ਨਹੀਂ ਹੈ। ਉਨ੍ਹਾਂ ਕਿਹਾ ਕਿ ਸਾਨੂੰ ਵੀ ਜਨਮ ਇਕ ਔਰਤ ਨੇ ਹੀ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਲੜਕੀਆਂ ਹੁਣ ਉਚੇ ਮੁਕਾਮਾਂ ਤੇ ਪਹੁੰਚ ਰਹੀਆਂ ਹਨ ਤੇ ਸਾਡਾ ਸਭ ਦਾ ਫਰਜ ਬਣਦਾ ਹੈ ਕਿ ਅਸੀਂ ਉਨ੍ਹਾਂ ਦਾ ਸਾਥ ਦੇਈਏ ਤਾਂ ਜੋ ਉਹ ਹੋਰ ਉਚਾਈਆਂ ਛੂੰਹ ਸਕਣ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਲਗਾਤਾਰ ਲੜਕੀਆਂ ਦੇ ਸਸ਼ਕਤੀਕਰਨ ਵੱਲ ਜ਼ੋਰ ਦੇ ਰਹੀ ਹੈ ਤਾਂ ਜੋ ਉਹ ਕਿਸੇ ਗੱਲੋਂ ਵੀ ਆਪਣ ਆਪ ਨੂੰ ਘੱਟ ਨਾ ਸਮਝਣ। ਵਿਧਾਇਕ ਸ੍ਰੀ. ਨਰਿੰਦਰਪਾਲ ਸਿੰਘ ਸਵਨਾ ਦੀ ਧਰਮਪਤਨੀ ਖੁਸ਼ਬੂ ਸਵਨਾ ਨੇ ਕਿਹਾ ਕਿ ਧੀਆਂ ਦੀ ਲੋਹੜੀ ਦਾ ਪ੍ਰੋਗਰਾਮ ਉਲੀਕਣ ਨਾਲ ਲੜਕੀਆਂ ਪ੍ਰਤੀ ਜੋ ਸਤਿਕਾਰ ਸਭਨਾਂ ਵਿਚ ਵਧਿਆ ਹੈ ਉਸਨੂੰ ਬਿਆਨ ਨਹੀਂ ਕੀਤਾ ਜਾ ਸਕਦਾ।
ਜ਼ਿਲ੍ਹਾ ਪ੍ਰੋਗਰਾਮ ਅਫਸਰ ਨਵਦੀਪ ਕੌਰ ਨੇ ਦੱਸਿਆ ਕਿ ਪ੍ਰੋਗਰਾਮ ਦੌਰਾਨ 51 ਨਵਜਮੀਆਂ ਧੀਆਂ ਦੀਆਂ ਮਾਵਾਂ ਨੂੰ ਬੇਬੀ ਕੇਅਰ ਕਿਟ ਤੇ ਕੰਬਲ ਭੇਂਟ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਵੱਲੋਂ ਲੜਕੀਆਂ ਦੀ ਭਲਾਈ ਲਈ ਲਗਾਤਾਰ ਸ਼ਲਾਘਾਯੋਗ ਉਪਰਾਲੇ ਕੀਤੇ ਜਾ ਰਹੇ ਹਨ। ਇਸ ਮੌਕੇ ਬੇਟੀ ਬਚਾਓ ਬੇਟੀ ਪੜ੍ਹਾਓ ਤਹਿਤ ਗਤੀਵਿਧੀਆਂ ਵਜੋਂ ਪ੍ਰੋਗਰਾਮ ਵਿਖੇ ਮੌਜੂਦ ਦਾਦੀ ਪੋਤੀ / ਮਾਂ ਬੇਟੀ ਦੀ ਆਪਸ ਵਿੱਚ ਦੌੜ ਕਰਵਾਈ ਗਈ, ਜੇਤੂ ਨੂੰ ਫਾਜਿਲਕਾ ਵਿਧਾਇਕ ਵੱਲੋਂ ਸਨਮਾਨਿਤ ਕੀਤਾ ਗਿਆ । ਅਨਪ੍ਰਸ਼ਾਨ ਦਿਵਸ ਦੀ ਗਤੀਵਿਧੀ ਵੀ ਕਰਵਾਈ ਗਈ। ਇਸ ਮੌਕੇ ਪਿੰਡ ਸਾਬੂਆਣਾ ਤੋਂ ਆਪ ਆਗੂ ਸ਼੍ਰੀ ਅਸ਼ਵਨੀ, ਆਪ ਪਾਰਟੀ ਦੀ ਲੀਡਰਸ਼ੀਪ ਅਤੇ ਸਕੂਲ ਪ੍ਰਿੰਸੀਪਲ ਤੇ ਸਟਾਫ ਆਦਿ ਹਾਜ਼ਰ ਸਨ।