MLA ਮਾਲੇਰਕੋਟਲਾ ਨੇ 3 ਕਰੋੜ ਰੁਪਏ ਦੀ ਲਾਗਤ ਨਾਲ ਪੰਜਾਬ ਵਕਫ਼ ਬੋਰਡ ਵੱਲੋਂ ਉਸਾਰੇ ਜਾਣ ਵਾਲੇ "ਈਦਗਾਹ ਪਬਲਿਕ ਸਕੂਲ" ਦਾ ਨੀਂਹ ਪੱਥਰ ਰੱਖਿਆ
- ਮਾਲੇਰਕੋਟਲਾ ਵਿਖੇ ਪੰਜਾਬ ਵਕਫ਼ ਬੋਰਡ ਵੱਲੋਂ ਉਸਾਰੇ ਜਾਣ ਵਾਲੇ "ਈਦਗਾਹ ਪਬਲਿਕ ਸਕੂਲ" ਵਿਧਾਇਕ ਡਾਕਟਰ ਜਮੀਲ ਉਰ ਰਹਿਮਾਨ ਨੇ 03 ਕਰੋੜ ਰੁਪਏ ਦੀ ਲਾਗਤ ਨਾਲ ਦਾ ਰੱਖਿਆ ਨੀਂਹ ਪੱਥਰ
- ਮਾਲੇਰਕੋਟਲਾ ਅਤੇ ਆਲੇ-ਦੁਆਲੇ ਖੇਤਰ ਵਿੱਚ ਵਿਦਿਆਰਥੀਆਂ ਲਈ ਆਧੁਨਿਕ ਸਿੱਖਿਆ ਦੇ ਮੌਕੇ ਪ੍ਰਦਾਨ ਕਰਨ ਵਾਲਾ ਇੱਕ ਮਹੱਤਵਪੂਰਨ ਉਪਰਾਲਾ ਹੈ-ਡਾਕਟਰ ਜਮੀਲ ਉਰ ਰਹਿਮਾਨ
- ਬੋਰਡ ਵੱਲੋਂ ਖੋਲੇ ਜਾਣ ਵਾਲੇ ਇਸ ਸਕੂਲ ਦਾ ਉਦੇਸ਼ ਆਪਣੇ ਵਿਦਿਆਰਥੀਆਂ ਵਿੱਚ ਅਕਾਦਮਿਕ ਉੱਤਮਤਾ, ਰਚਨਾਤਮਕਤਾ ਅਤੇ ਚਰਿੱਤਰ ਵਿਕਾਸ ਨੂੰ ਉਤਸ਼ਾਹਿਤ ਕਰਨਾ ਹੋਵੇਗਾ- ਸ਼ੌਕਤ ਅਹਿਮਦ ਪਾਰੇ
ਮੁਹੰਮਦ ਇਸਮਾਈਲ ਏਸ਼ੀਆ
ਮਾਲੇਰਕੋਟਲਾ 18 ਜਨਵਰੀ : 2025 - ਵਿਧਾਇਕ ਮਾਲੇਰਕੋਟਲਾ ਡਾ.ਜਮੀਲ ਉਰ ਰਹਿਮਾਨ ਨੇ ਪੰਜਾਬ ਵਕਫ਼ ਬੋਰਡ ਵੱਲੋਂ ਸਥਾਨਕ ਈਦਗਾਹ ਵਿਖੇ 03 ਕਰੋੜ ਰੁਪਏ ਦੀ ਲਾਗਤ ਨਾਲ ਉਸਾਰੇ ਜਾਣ ਵਾਲੇ "ਈਦਗਾਹ ਪਬਲਿਕ ਸਕੂਲ" ਦਾ ਨੀਂਹ ਪੱਥਰ ਰੱਖਿਆ। ਇਸ ਮੌਕੇ ਉਨ੍ਹਾਂ ਨੇ ਕਿਹਾ ਕਿ ਇਹ ਸਕੂਲ ਮਾਲੇਰਕੋਟਲਾ ਅਤੇ ਆਲੇ-ਦੁਆਲੇ ਦੇ ਖੇਤਰ ਵਿੱਚ ਵਿਦਿਆਰਥੀਆਂ ਲਈ ਆਧੁਨਿਕ ਸਿੱਖਿਆ ਦੇ ਮੌਕੇ ਪ੍ਰਦਾਨ ਕਰਨ ਵਾਲਾ ਇੱਕ ਮਹੱਤਵਪੂਰਨ ਉਪਰਾਲਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਕਫ਼ ਬੋਰਡ ਵੱਲੋਂ ਇਸ ਸਕੂਲ ਦੀ ਸਥਾਪਨਾ ਦੀ ਮੰਤਵ ਹੈ ਕਿ ਵਿਦਿਆਰਥੀਆਂ ਨੂੰ ਉੱਚ ਮਿਆਰੀ ਸਿੱਖਿਆ ਅਤੇ ਹੋਰ ਅਕਾਦਮਿਕ ਸਰੋਤ ਮਿਲਣ, ਜਿਨ੍ਹਾਂ ਨਾਲ ਉਹ ਆਪਣੇ ਭਵਿੱਖ ਲਈ ਚੰਗੇ ਮੌਕੇ ਪ੍ਰਾਪਤ ਕਰ ਸਕਣ।ਇਹ ਸਕੂਲ ਸਿੱਖਿਆ ਲਈ ਇੱਕ ਆਧੁਨਿਕ ਮਾਹੌਲ ਪ੍ਰਦਾਨ ਕਰੇਗਾ, ਜਿੱਥੇ ਵਿਦਿਆਰਥੀ ਆਪਣੇ ਕੌਸ਼ਲ ਅਤੇ ਸਮਰੱਥਾ ਨੂੰ ਵਿਕਸਤ ਕਰ ਸਕਣਗੇ।ਉਨ੍ਹਾਂ ਦੱਸਿਆ ਕਿ ਅਤੀ ਆਧੁਨਿਕ ਸਹੂਲਤਾਵਾਂ ਨਾਲ ਲੈਸ ਸਕੂਲ ਦੀ ਇਮਾਰਤ ਬੀਮਾ(ਪੀਲਰਾਂ) ਤੇ ਉਸਾਰੀ ਜਾਵੇਗੀ ਤਾਂ ਜੋ ਨਵਾਜ ਅਦਾ ਕਰਨ ਸਮੇਂ ਜਾਂ ਕਿਸੇ ਹੋਰ ਸੰਮੇਲਨ ਸਮੇਂ ਕਿਸੇ ਵੀ ਤਰ੍ਹਾਂ ਦੀ ਦਿੱਕਤ ਪੇਸ਼ ਨਾ ਆਵੇ ।
ਡਿਪਟੀ ਕਮਿਸ਼ਨਰ ਬਠਿੰਡਾ - ਕਮ ਪ੍ਰਸ਼ਾਸਕ ਪੰਜਾਬ ਵਕਫ਼ ਬੋਰਡ ਸ਼ੌਕਤ ਅਹਿਮਦ ਪਾਰੇ ਨੇ ਕਿਹਾ ਕਿ ਸਿੱਖਿਆ ਨੂੰ ਹਰ ਵਿਦਿਆਰਥੀ ਤੱਕ ਪਹੁੰਚਾਉਣ ਦੇ ਉਦੇਸ਼ ਨਾਲ ਉਸਾਰਿਆਂ ਜਾ ਰਿਹਾ ਹੈ ਇਹ ਸਕੂਲ ਸਿੱਖਿਆ ਦੇ ਖੇਤਰ ਵਿੱਚ ਨਵੀਆਂ ਉਚਾਈਆਂ ਹਾਸਲ ਕਰਨ ਲਈ ਇੱਕ ਕਦਮ ਸਾਬਤ ਹੋਵੇਗਾ । ਇਹ ਸਕੂਲ ਵਿਦਿਆਰਥੀਆਂ ਵਿੱਚ ਅਕਾਦਮਿਕ ਉੱਤਮਤਾ, ਰਚਨਾਤਮਕਤਾ ਅਤੇ ਚਰਿੱਤਰ ਵਿਕਾਸ ਨੂੰ ਉਤਸ਼ਾਹਿਤ ਕਰੇਗਾ ਤਾਂ ਜੋ ਸਮਾਜ ਦਾ ਅਨਿਖੜਵਾਂ ਅੰਗ ਬਣ ਸਕਣ ਅਤੇ ਆਪਣੇ ਇਲਾਕੇ,ਸੂਬੇ ਅਤੇ ਦੇਸ਼ ਦਾ ਨਾਮ ਵਿਸ਼ਵ ਪੱਧਰ ਤੇ ਲੈ ਕੇ ਜਾ ਸਕਣ । ਅਤਿ ਆਧੁਨਿਕ ਸਹੂਲਤਾਵਾਂ ਨਾਲ ਤਿਆਰ ਹੋਣ ਵਾਲਾ ਇਹ ਸਕੂਲ ਤਕਨਾਲੋਜੀ ਅਤੇ ਨਵੀਨਤਾਕਾਰੀ ਅਧਿਆਪਨ ਵਿਧੀਆਂ ਨਾਲ ਲੈਸ ਇੱਕ ਵਿਆਪਕ ਅਤੇ ਸੰਮਲਿਤ ਸਿੱਖਣ ਦੇ ਮਾਹੌਲ ਦੀ ਪੇਸ਼ਕਸ਼ ਕਰੇਗਾ ।
ਇਸ ਮੌਕੇ ਸੀਈਓ ਪੰਜਾਬ ਵਕਫ਼ ਬੋਰਡ ਲਤੀਫ਼ ਅਹਿਮਦ, ਪ੍ਰਧਾਨ ਈਦਗਾਹ ਕਮੇਟੀ ਮੁਹੰਮਦ ਨਜ਼ੀਰ ਤੋਂ ਇਲਾਵਾ ਇਲਿਆਸ ਅਨਸਾਰੀ,ਪ੍ਰਿੰਸੀਪਲ ਮੁਹੰਮਦ ਜਮੀਲ,ਪ੍ਰਿੰਸੀਪਲ ਰਾਹਿਲਾ ਖਾਂ,ਪ੍ਰਿੰਸੀਪਲ ਸਬਾ ਸ਼ਾਹੀਨ,ਪੀ.ਏ ਮੁਹੰਮਦ ਮੋਮਿਨ,ਪ੍ਰਧਾਨ ਮੁਹੰਮਦ ਜਾਫਰ,ਪ੍ਰਧਾਨ ਮੁਹੰਮਦ ਅਸ਼ਰਫ ਅਬਦੁੱਲਾ, ਡਾਕਟਰ ਅਬਦੁਲ ਗੱਫਾਰ,ਏ.ਈ ਮੁਹੰਮਦ ਅਨਵਰ,ਅਲੀ ਇਕਬਾਲ ਸੀਨੀ.ਅਸਿਸਟੈਂਟ ਤੇ ਵੱਡੀ ਈਦਗਾਹ ਪ੍ਰਬੰਧਕ ਕਮੇਟੀ ਦੇ ਸਮੂਹ ਮੈਂਬਰ ਹਾਜ਼ਰ ਸਨ।