ਬਠਿੰਡਾ ਪੁਲਿਸ ਵੱਲੋਂ ਦਵਾਈ ਵਿਕਰੇਤਾ ਖਿਲਾਫ ਕੇਸ ਦਰਜ ਕਰਨ ਨੂੰ ਲੈ ਕੇ ਸੜਕਾਂ ਤੇ ਉਤਰਿਆ ਕੈਮਿਸਟ ਭਾਈਚਾਰਾ
ਅਸ਼ੋਕ ਵਰਮਾ
ਬਠਿੰਡਾ, 18 ਜਨਵਰੀ2025: ਬਠਿੰਡਾ ਦੇ ਥੋਕ ਦਵਾਈ ਵ੍ਰਿਕੇਤਾ ਦੇ ਇੱਕ ਕਰਮਚਾਰੀ ਖ਼ਿਲਾਫ਼ ਬੀਤੇ ਦਿਨੀਂ ਰਾਮਾਂ ਮੰਡੀ ਦੀ ਪੁਲੀਸ ਵੱਲੋਂ ਐੱਨਡੀਪੀਐੱਸ ਐਕਟ ਤਹਿਤ ਦਰਜ ਕੀਤੇ ਪੁਲਿਸ ਕੇਸ ਤੋਂ ਬਾਅਦ ਕੈਮਿਸਟ ਐਸੋਸੀਏਸ਼ਨ ਬਠਿੰਡਾ ਦੀ ਅਗਵਾਈ ਹੇਠ ਕੈਮਿਸਟ ਭਾਈਚਾਰੇ ਨੇ ਸੜਕ ਜਾਮ ਕਰ ਦਿੱਤੀ ਜਿਸ ਦੇ ਸਿੱਟੇ ਵਜੋਂ ਆਵਾਜਾਈ ਪ੍ਰਭਾਵਿਤ ਹੋਈ। ਕੈਮਿਸਟ ਭਾਈਚਾਰੇ ਦਾ ਕਹਿਣਾ ਸੀ ਕਿ ਅਜੇ ਕੁਝ ਦਿਨ ਪਹਿਲਾਂ ਹੀ ਐਸਐਸਪੀ ਬਠਿੰਡਾ ਨੇ ਕੈਮਿਸਟ ਆਗੂਆਂ ਨੂੰ ਭਰੋਸਾ ਦਵਾਇਆ ਸੀ ਕਿ ਕਿਸੇ ਖਿਲਾਫ ਨਜਾਇਜ਼ ਕਾਰਵਾਈ ਨਹੀਂ ਹੋਵੇਗੀ।
ਪਰ ਇਸ ਦੇ ਉਲਟ ਰਾਮਾ ਮੰਡੀ ਪੁਲਿਸ ਨੇ ਮੁਕੱਦਮਾ ਦਰਜ ਕਰਕੇ ਨਾ ਕੇਵਲ ਇਹ ਭਰੋਸਾ ਤੋੜਿਆ ਬਲਕਿ ਉਹਨਾਂ ਨੂੰ ਸੜਕਾਂ ਤੇ ਉਤਰਨ ਲਈ ਮਜਬੂਰ ਕਰ ਦਿੱਤਾ ਹੈ। ਸ਼ਹਿਰ ਦੇ ਕੈਮਿਸਟਾਂ ਨੇ ਅੱਜ ਆਪਣੇ ਕਾਰੋਬਾਰ ਠੱਪ ਕਰ ਕੇ, ਇੱਥੇ ਆਪਣੀਆਂ ਦੁਕਾਨਾਂ ਨੇੜੇ ਸੜਕ ’ਤੇ ਧਰਨਾ ਲਾਇਆ ਅਤੇ ਰੇਲਵੇ ਰੋਡ ਠੱਪ ਕਰ ਦਿੱਤੀ। ਦਵਾਈ ਦੀਆਂ ਦੁਕਾਨਾਂ ਬੰਦ ਹੋਣ ਕਾਰਨ ਆਮ ਲੋਕਾਂ ਨੂੰ ਵੀ ਕੁੱਝ ਸਮੇਂ ਲਈ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ।
ਪ੍ਰਦਰਸ਼ਨਕਾਰੀਆਂ ਦੀ ਅਗਵਾਈ ਕਰ ਰਹੇ ਕੈਮਿਸਟਾਂ ਨੇ ਕਿਹਾ ਕਿ ਬੀਤੇ ਦਿਨ ਇੱਕ ਹੋਲਸੇਲਰ ਕੈਮਿਸਟ ਦਾ ਮੁਲਾਜ਼ਮ ਬਠਿੰਡਾ ਜ਼ਿਲ੍ਹੇ ਦੀ ਰਾਮਾਂ ਮੰਡੀ ਵਿਖੇ ਪ੍ਰਚੂਨ ਦਵਾਈ ਵਿਕ੍ਰੇਤਾ ਦੁਕਾਨਦਾਰਾਂ ਦਾ ਮਾਲ ਦੇਣ ਗਿਆ ਸੀ। ਬਠਿੰਡੇ ਦੀ ਵਾਪਸੀ ਲਈ ਜਦੋਂ ਉਹ ਰਾਮਾਂ ਮੰਡੀ ਰੇਲਵੇ ਸਟੇਸ਼ਨ ’ਤੇ ਖੜ੍ਹਾ ਸੀ, ਤਾਂ ਉਥੋਂ ਦੀ ਪੁਲੀਸ ਨੇ ਉਸ ਨੂੰ ਹਿਰਾਸਤ ’ਚ ਲੈ ਕੇ ਪਰਚਾ ਦਰਜ ਕਰ ਦਿੱਤਾ। ਉਨ੍ਹਾਂ ਦੱਸਿਆ ਕਿ ਮੁਲਾਜ਼ਮ ਲੜਕੇ ਕੋਲ ਦੋ ਪੱਤੇ (30 ਗੋਲ਼ੀਆਂ) ਕਨੋਜਾਪਾਮ ਦੇ ਸਨ। ਇਹ ਦਵਾਈ ਰਾਮਾਂ ਦੇ ਇਕ ਕੈਮਿਸਟ ਨੇ ਦਵਾਈ ਦੀ ਮਿਆਦ (ਦਸੰਬਰ 2024) ਪੁੱਗਣ ਕਰ ਕੇ ਵਾਪਸ ਕੀਤੀ ਸੀ।
ਉਨ੍ਹਾਂ ਦੱਸਿਆ ਕਿ ਉਸ ਦੁਕਾਨਦਾਰ ਨੇ ਕੁੱਲ ਤਿੰਨ ਪੱਤੇ ਖਰੀਦੇ ਸਨ, ਜਿਸ ਵਿੱਚੋਂ ਉਸ ਨੇ ਜੋ ਇੱਕ ਪੱਤਾ ਵੇਚਿਆ, ਬਕਾਇਦਾ ਉਸ ਦੇ ਬਿੱਲ/ਰਸੀਦ ਆਦਿ ਪੁਲੀਸ ਨੂੰ ਵਿਖਾਏ ਗਏ, ਪਰ ਇਸ ਦੇ ਬਾਵਜੂਦ ਪੁਲੀਸ ਨੇ ਪਰਚਾ ਦਰਜ ਕਰ ਦਿੱਤਾ। ਵਿਖਾਵਾਕਾਰੀ ਕੈਮਿਸਟਾਂ ਨੇ ਰਾਮਾ ਪੁਲਿਸ ਵੱਲੋਂ ਦਰਜ ਕੇਸ ਤੁਰੰਤ ਰੱਦ ਅਤੇ ਗ੍ਰਿਫਤਾਰ ਨੌਜਵਾਨ ਨੂੰ ਰਿਹਾ ਕਰਨ ਦੀ ਮੰਗ ਕੀਤੀ। ਉਨ੍ਹਾਂ ਇਹ ਵੀ ਮੰਗ ਕੀਤੀ ਕਿ ਸਿਹਤ ਵਿਭਾਗ ਜਦੋਂ ਵੀ ਮਰਜ਼ੀ ਕੈਮਿਸਟਾਂ ਦੇ ਵਪਾਰਕ ਕੇਂਦਰਾਂ ਦੀ ਚੈਕਿੰਗ ਕਰਨ ਪਰ ਪੁਲੀਸ ਉਨ੍ਹਾਂ ਨੂੰ ਖੱਜਲ ਕਰਦੀ ਹੈ, ਇਸ ਲਈ ਪੜਤਾਲੀਆ ਕਾਰਵਾਈਆਂ ਤੋਂ ਦੂਰ ਹੀ ਰੱਖਿਆ ਜਾਵੇ।