ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ 25 ਲੱਖ ਰੁਪਏ ਦੀ ਅਲਟਰਾਸਾਊਂਡ ਮਸ਼ੀਨ ਮਰੀਜਾਂ ਨੂੰ ਕੀਤੀ ਸਮਰਪਿਤ
-ਕਿਹਾ, ਮਰੀਜਾਂ ਦੀ ਸਹੂਲਤ ਲਈ ਸੀ.ਐਚ.ਸੀ. ਤ੍ਰਿਪੜੀ ਦਾ ਹੋਵੇਗਾ ਵਿਸਥਾਰ, ਇੱਕ ਮੰਜ਼ਿਲ ਹੋਰ ਬਣੇਗੀ, ਕੰਮ ਜਲਦ ਹੋਵੇਗਾ ਸ਼ੁਰੂ
-ਸਿਹਤ ਸੇਵਾਵਾਂ 'ਚ ਹੋਰ ਸੁਧਾਰਾਂ ਲਈ ਸਾਰੇ ਸਰਕਾਰੀ ਹਸਪਤਾਲਾਂ ਤੇ ਮੁਹੱਲਾ ਕਲੀਨਿਕਾਂ ਵਿਖੇ ਮਰੀਜਾਂ ਤੋਂ ਲਈ ਜਾਵੇਗੀ ਫੀਡਬੈਕ
ਪਟਿਆਲਾ, 5 ਦਸੰਬਰ:
ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਅਤੇ ਮੈਡੀਕਲ ਸਿੱਖਿਆ ਤੇ ਖੋਜ ਮੰਤਰੀ ਡਾ. ਬਲਬੀਰ ਸਿੰਘ ਨੇ ਪਟਿਆਲਾ ਦਿਹਾਤੀ ਹਲਕੇ ਦੇ ਵਸਨੀਕਾਂ ਨੂੰ ਬਿਹਤਰ ਸਿਹਤ ਸੇਵਾਵਾਂ ਪ੍ਰਦਾਨ ਕਰਨ ਦੇ ਮਕਸਦ ਨਾਲ ਕਮਿਉਨਿਟੀ ਹੈਲਥ ਸੈਂਟਰ ਤ੍ਰਿਪੜੀ ਵਿਖੇ 25 ਲੱਖ ਰੁਪਏ ਦੀ ਲਾਗਤ ਨਾਲ ਨਵੀਂ ਲਗਾਈ ਗਈ ਅਤਿਆਧੁਨਿਕ ਅਲਟਰਾਸਾਊਂਡ ਮਸ਼ੀਨ ਮਰੀਜਾਂ ਨੂੰ ਸਮਰਪਿਤ ਕੀਤੀ।
ਸਿਹਤ ਮੰਤਰੀ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਨੇ ਮਨਜ਼ੂਰੀ ਦੇ ਦਿੱਤੀ ਹੈ ਅਤੇ ਹੁਣ ਤ੍ਰਿਪੜੀ ਹਸਪਤਾਲ ਨੂੰ ਅਪਗ੍ਰੇਡ ਕਰਕੇ ਇਸ ਦਾ ਵਿਸਥਾਰ ਕੀਤਾ ਜਾਵੇਗਾ, ਇਸ ਉਪਰ ਇੱਕ ਮੰਜ਼ਿਲ ਹੋਰ ਬਣੇਗੀ, ਲਿਫਟ ਚਾਲੂ ਹੋਵੇਗੀ, ਬਾਥਰੂਮਜ਼ ਦੀ ਮੁਰੰਮਤ ਹੋਵੇਗੀ ਤੇ ਇਸ ਦਾ ਮੂੰਹ ਮੁਹਾਂਦਰਾ ਅਗਲੇ ਦੋ ਮਹੀਨਿਆਂ ਦੇ ਅੰਦਰ-ਅੰਦਰ ਬਦਲ ਦਿੱਤਾ ਜਾਵੇਗਾ।
ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਕਿਹਾ ਤ੍ਰਿਪੜੀ ਸੀ.ਐਚ.ਸੀ. 'ਚ ਐਕਸਰੇ ਪਹਿਲਾਂ ਹੀ ਕੀਤੇ ਜਾਂਦੇ ਸਨ ਹੁਣ ਇੱਥੇ ਇਲਾਕੇ ਦੇ ਲੋਕਾਂ ਦੀ ਮੰਗ 'ਤੇ ਅਲਟਰਾਸਾਊਂਡ ਮਸ਼ੀਨ ਵੀ ਚਾਲੂ ਕਰ ਦਿੱਤੀ ਗਈ ਹੈ ਅਤੇ ਇਸ ਹਸਪਤਾਲ ਦੇ ਵਿਸਥਾਰ ਨਾਲ ਇੱਥੇ ਜੱਚਾ-ਬੱਚਾ ਲਈ ਸਿਹਤ ਸੇਵਾਵਾਂ ਤੇ ਹੋਰ ਬਿਹਤਰ ਹੋ ਜਾਣਗੀਆਂ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਦੀ ਇਹ ਸੋਚ ਹੈ ਕਿ ਸੂਬਾ ਨਿਵਾਸੀਆਂ ਨੂੰ ਏ ਕਲਾਸ ਸਿਹਤ ਸੇਵਾਵਾਂ ਮਿਲਣ ਜਿਸ ਲਈ ਪੰਜਾਬ ਸਰਕਾਰ ਵੱਲੋਂ ਸਿਹਤ, ਸਿੱਖਿਆ ਅਤੇ ਰੋਜ਼ਗਾਰ ਨੂੰ ਪਹਿਲ ਦਿੱਤੀ ਜਾ ਰਹੀ ਹੈ।
ਇਸ ਮੌਕੇ ਮੀਡੀਆ ਨਾਲ ਗ਼ੈਰਰਸਮੀ ਗੱਲਬਾਤ ਕਰਦਿਆਂ ਡਾ. ਬਲਬੀਰ ਸਿੰਘ ਨੇ ਦੱਸਿਆ ਕਿ ਡਾ. ਖੁਸ਼ਦੇਵਾ ਸਿੰਘ ਛਾਤੀ ਰੋਗਾਂ ਤੇ ਟੀ.ਬੀ. ਹਸਪਤਾਲ ਨੂੰ ਵੀ ਨਵੀਆਂ ਸਹੂਲਤਾਂ ਨਾਲ ਅਪਗ੍ਰੇਡ ਕੀਤਾ ਜਾ ਰਿਹਾ ਹੈ ਅਤੇ ਇਸ ਵਿੱਚ ਐਮਰਜੈਂਸੀ ਤੇ ਆਈ.ਸੀ.ਯੂ. ਸੇਵਾਵਾਂ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ।
ਸਿਹਤ ਮੰਤਰੀ ਨੇ ਅੱਗੇ ਦੱਸਿਆ ਕਿ ਉਹ ਖ਼ੁਦ ਤੇ ਸਿਹਤ ਵਿਭਾਗ ਦੇ ਸੀਨੀਅਰ ਅਧਿਕਾਰੀ ਮਰੀਜਾਂ ਨੂੰ ਫੋਨ ਕਰਕੇ ਸਿਹਤ ਸੇਵਾਵਾਂ ਬਾਰੇ ਮਰੀਜਾਂ ਦੀ ਫੀਡਬੈਕ ਹਾਸਲ ਕਰ ਰਹੇ ਹਨ ਤੇ ਇਸ ਨਾਲ ਸਿਹਤ ਸੇਵਾਵਾਂ ਵਿੱਚ ਹੋਰ ਸੁਧਾਰ ਹੋ ਰਹੇ ਹਨ ਅਤੇ ਜ਼ਿਲ੍ਹਾ ਹਸਪਤਾਲਾਂ ਸਮੇਤ ਮੁਹੱਲਾ ਕਲੀਨਿਕਾਂ ਵਿਖੇ ਵੀ ਮਰੀਜਾਂ ਦੀ ਫੀਡਬੈਕ ਲੈਣੀ ਸ਼ੁਰੂ ਕੀਤੀ ਗਈ ਹੈ। ਇਸ ਤੋਂ ਬਿਨ੍ਹਾਂ ਮਰੀਜਾਂ ਦੀ ਸਹੂਲਤ ਲਈ ਮਾਤਾ ਕੌਸ਼ੱਲਿਆ ਹਸਪਤਾਲ, ਰਾਜਿੰਦਰਾ ਹਸਪਤਾਲ ਵਿਖੇ ਪੇਸ਼ੈਂਟ ਫੈਸਿਲੀਟੇਸ਼ਨ ਸੈਂਟਰ ਸ਼ੁਰੂ ਕੀਤੇ ਜਾ ਰਹੇ ਹਨ।
ਇਸ ਮੌਕੇ ਡਾਇਰੈਕਟਰ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਡਾ. ਅਨਿਲ ਕੁਮਾਰ, ਸਿਵਲ ਸਰਜਨ ਡਾ. ਜਤਿੰਦਰ ਕਾਂਸਲ, ਜ਼ਿਲ੍ਹਾ ਪ੍ਰੀਵਾਰ ਭਲਾਈ ਅਫ਼ਸਰ ਡਾ. ਬਲਕਾਰ ਸਿੰਘ, ਐਸ.ਐਮ.ਓ. ਤ੍ਰਿਪੜੀ ਡਾ. ਮੋਨਿਕਾ ਖਰਬੰਦਾ ਵੇਦ ਕਪੂਰ, ਸੁਰੇਸ਼ ਰਾਏ, ਬਲਾਕ ਪ੍ਰਧਾਨ ਲਲਿਤ ਕੁਮਾਰ, ਚਿੰਟੂ ਨਾਸਰਾ, ਵਰਿੰਦਰ ਆਹੂਜਾ, ਤੇਜਿੰਦਰ ਕੁਮਾਰ, ਹੈਪੀ ਮੁੰਜਾਲ, ਜਗਦੀਸ਼ ਸ਼ੋਰੀ, ਮੋਹਿਤ ਕੁਮਾਰ, ਲਾਲ ਸਿੰਘ, ਮਨਦੀਪ ਸਿੰਘ ਵਿਰਦੀ ਸਮੇਤ ਹੋਰ ਪਤਵੰਤੇ ਮੌਜੂਦ ਸਨ।