Crime Special ਸ਼ਹਿਰ ਵਾਸੀਓ ਜਾਗਦੇ ਰਹੋ-ਚੋਰਾਂ ਨੂੰ ਫੜਨ ਦੀ ਥਾਂ ਬਠਿੰਡਾ ਪੁਲੀਸ ਸੌਂ ਰਹੀ ਹੈ
ਅਸ਼ੋਕ ਵਰਮਾ
ਬਠਿੰਡਾ, 2 ਫਰਵਰੀ 2026 : ਬਠਿੰਡਾ ਚੋਰਾਂ ਅਤੇ ਲੁਟੇਰਿਆਂ ਦੀ ਮਾਰ ਹੇਠ ਆ ਗਿਆ ਹੈ ਜਿੰਨ੍ਹਾਂ ਨੂੰ ਕਾਬੂ ਕਰਨ ਦਾ ਸਮਾਂ ਪੁਲਿਸ ਕੋਲ ਨਹੀਂ ਹੈ। ਜਿਸ ਦਲੇਰਾਨਾ ਢੰਗ ਨਾਲ ਸ਼ਹਿਰ ’ਚ ਚੋਰੀਆਂ ਹੋ ਰਹੀਆਂ ਹਨ ਉਸ ਤੋਂ ਤਾਂ ਇੰਜ ਜਾਪਦਾ ਹੈ ਕਿ ਅਪਰਾਧੀਆਂ ਨੂੰ ਖਾਕੀ ਦਾ ਖੌਫ ਨਹੀਂ ਰਹਿ ਗਿਆ ਹੈ। ਹੁਣ ਤਾਂ ਲੋਕ ਆਖਣ ਲੱਗੇ ਹਨ ਕਿ ਬਠਿੰਡਾ ਪੁਲਿਸ ਘੋੜੇ ਵੇਚਕੇ ਸੁੱਤੀ ਪਈ ਹੈ ਤਾਂ ਹੀ ਲੁਟੇਰਿਆਂ ਦੀ ਸਰਦਾਰੀ ਬਣੀ ਹੈ। ਮਾਡਲ ਟਾਊਨ ਫੇਜ਼ ਵਨ ਦੇ ਇੱਕ ਬੰਦ ਘਰੇ ਹੋਈ ਚੋਰੀ ਦਾ ਹੈ ਜਿੱਥੇ ਘਰ ’ਚ ਦਾਖਲ ਹੋਏ ਚੋਰ ਲੱਖਾਂ ਰੁਪਏ ਦੇ ਸੋਨੇ ਦੇ ਗਹਿਣੇ ਅਤੇ ਨਕਦ ਰਾਸ਼ੀ ਚੋਰੀ ਕਰਕੇ ਲੈ ਗਏ। ਜਦੋਂ ਪ੍ਰੀਵਾਰ ਘਰ ਪਰਤਿਆ ਤਾਂ ਪਤਾ ਲੱਗਿਆ ਕਿ ਉਹ ਤਾਂ ਲੁੱਟੇ ਪੁੱਟੇ ਗਏ ਹਨ। ਵਾਰਦਾਤ ਦਾ ਪਤਾ ਲੱਗਦਿਆਂ ਸਿਵਲ ਲਾਈਨ ਪੁਲਿਸ ਮੌਕੇ ਤੇ ਪੁੱਜੀ ਅਤੇ ਤਫਤੀਸ਼ ਸ਼ੁਰੂ ਕਰਨ ਦਾ ਦਾਅਵਾ ਕੀਤਾ ਹੈ।
ਹੈਰਾਨੀ ਵਾਲੀ ਗੱਲ ਇਹ ਹੈ ਕਿ ਮਾਡਲ ਟਾਊਨ ’ਚ ਲੰਘੇ 20 ਦਿਨਾਂ ਦੌਰਾਨ ਇਹ ਦੂਸਰੀ ਚੋਰੀ ਹੈ। ਇਸ ਤੋਂ ਪਹਿਲਾਂ ਇੱਕ ਦੁਕਾਨ ’ਚ ਚੋਰੀ ਹੋਈ ਸੀ ਜਿਸ ਦੀ ਸੂਹ ਲਾਉਣ ’ਚ ਪੁਲਿਸ ਅਸਫਲ ਰਹੀ ਹੈ। ਮਾਡਲ ਟਾਊਨ ਨਿਵਾਸੀ ਕੁਲਵੰਤ ਰਾਏ ਨੇ ਦੱਸਿਆ ਕਿ ਉਹ 31 ਜਨਵਰੀ ਨੂੰ ਪ੍ਰੀਵਾਰ ਨਾਲ ਅਬੋਹਰ ਗਏ ਸਨ। ਅਗਲੇ ਦਿਨ ਜਦੋਂ ਉਹ ਵਾਪਿਸ ਆਏ ਤਾਂ ਘਰ ਦਾ ਸਾਰਾ ਸਮਾਨ ਖਿਲਰਿਆ ਹੋਇਆ ਸੀ ਅਤੇ ਅਲਮਾਰੀ ਖੁੱਲ੍ਹੀ ਹੋਈ ਸੀ। ਦੇਖਣ ਤੋਂ ਪਤਾ ਲੱਗਿਆ ਕਿ ਚੋਰ ਘਰੋਂ ਗਹਿਣੇ ਅਤੇ ਨਕਦੀ ਲੈ ਗਏ ਹਨ। ਉਨ੍ਹਾਂ ਦੱਸਿਆ ਕਿ ਚੋਰ ਘਰ ਦੀ ਛੱਤ ਰਾਹੀਂ ਘਰ ’ਚ ਦਾਖਲ ਹੋਏ ਅਤੇ ਤਕਰੀਬਨ ਤਿੰਨ ਤੋਲੇ ਸੋਨਾ ਅਤੇ 60 ਹਜ਼ਾਰ ਨਕਦ ਚੋਰੀ ਕਰ ਲਈ। ਥਾਣਾ ਸਿਵਲ ਲਾਈਨ ਪੁਲਿਸ ਨੇ ਮੌਕੇ ਤੇ ਪੁੱਜ ਕੇ ਸਬੂਤ ਇਕੱਠੇ ਕੀਤੇ ਅਤੇ ਘਰ ਦੇ ਆਸ ਪਾਸ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ਼ ਖੰਘਾਲਣੀ ਸ਼ੁਰੂ ਕਰ ਦਿੱਤੀ ਹੈ।
ਚੋਰੀ ਦਾ ਸਭ ਤੋਂ ਗੰਭੀਰ ਮਾਮਲਾ ਪ੍ਰਤਾਪ ਨਗਰ ’ਚ ਸਥਿਤ ਪਾਰਸ ਜਿਊਲਰਜ਼ ਦਾ ਹੈ ਜਿੱਥੇ ਪੁਲਿਸ ਇੱਕ ਤਰਾਂ ਨਾਲ ਡਾਕੇ ਵਾਂਗ ਕੀਤੀ ਚੋਰੀ ਦਾ 15 ਦਿਨ ਬਾਅਦ ਵੀ ਖੁਰਾ ਖੋਜ ਨਹੀਂ ਲੱਭ ਸਕੀ ਹੈ। ਸਵੇਰ ਵਕਤ ਤਕਰਬੀਨ ਸਾਢੇ ਤਿੰਨ ਵਜੇ 16 ਚੋਰਾਂ ਦੇ ਗਿਰੋਹ ਨੇ ਪੂਰੀ ਦਲੇਰੀ ਨਾਲ ਬਿਨਾਂ ਕਿਸੇ ਡਰ ਭੈਅ ਦੇ ਪਾਰਸ ਜਿਊਲਰਜ਼ ਦੇ ਸ਼ਟਰ ਨੂੰ ਲੱਗੇ ਜਿੰਦਰੇ ਤੋੜੇ ਅਤੇ ਕਰੀਬ 20 ਤੋਂ 25 ਲੱਖ ਦੀ ਕੀਮਤ ਦੇ ਸੋਨੇ ਚਾਂਦੀ ਦੇ ਗਹਿਣਿਆਂ ਨੂੰ ਗੱਟਿਆਂ ’ਚ ਪਾਇਆ ’ਤੇ ਭੱਜ ਗਏ। ਸੀਸੀਟੀਵੀ ਕੈਮਰਿਆਂ ’ਚ ਕੁੱਝ ਚੋਰਾਂ ਦੀ ਤਸਵੀਰ ਸਾਫ ਨਜ਼ਰ ਆ ਰਹੀ ਸੀ ਪਰ ਇਸ ਦੇ ਬਾਵਜੂਦ ਪੁਲਿਸ ਕਿਸੇ ਵੀ ਨਤੀਜੇ ਤੇ ਨਹੀਂ ਪੁੱਜ ਸਕੀ ਹੈ। ਉਦੋਂ ਅਫਸਰਾਂ ਦੀ ਟੀਮ ਨਾਲ ਮੌਕਾ ਦੇਖਣ ਆਈ ਐਸਐਸਪੀ ਜੋਤੀ ਯਾਦਵ ਨੇ ਦਾਅਵਾ ਕੀਤਾ ਸੀ ਕਿ ਟੀਮਾਂ ਯਤਨ ਕਰ ਰਹੀਆਂ ਹਨ ਅਤੇ ਗਿਰੋਹ ਨੂੰ ਜਲਦੀ ਕਾਬੂ ਕਰ ਲਿਆ ਜਾਏਗਾ।
ਲੰਘੀ 31 ਦਸੰਬਰ ਨੂੰ ਧਾਰਮਿਕ ਸਥਾਨ ਤੇ ਗਏ ਪਰਸ ਰਾਮ ਨਗਰ ਦੇ ਲਲਿਤ ਸ਼ਰਮਾ ਨਾਲ ਵੀ ਜੱਗੋਂ ਤੇਰ੍ਹਵੀਂ ਹੋਈ ਹੈ। ਜਦੋਂ ਘਰ ਪਰਤਿਆ ਤਾਂ ਪਤਾ ਲੱਗਾ ਕਿ ਚੋਰਾਂ ਨੇ ਉਸ ਦੇ ਘਰੋਂ ਸਾਢੇ ਤਿੰਨ ਤੋਲੇ ਸੋਨੇ ਦੇ ਗਹਿਣਿਆਂ ਤੇ ਹੱਥ ਸਾਫ ਕਰ ਲਿਆ ਹੈ। ਪੁਲਿਸ ਆਈ ਅਤੇ ਚਲੀ ਗਈ ਪਰ ਮਹੀਨੇ ਪਿੱਛੋਂ ਵੀ ਕੋਈ ਸੁਰਾਗ ਨਹੀਂ ਲੱਗਿਆ ਹੈ। ਲਲਿਤ ਸ਼ਰਮਾ ਆਖਦਾ ਹੈ ਕਿ ਪੁਲਿਸ ਰਟਿਆ ਰਟਾਇਆ ਜਵਾਬ ਕਾਰਵਾਈ ਜਾਰੀ ਹੈ ਦੇ ਦਿੰਦੀ ਹੈ। ਏਦਾਂ ਹੀ 20 ਦਸੰਬਰ ਨੂੰ ਲਾਲ ਸਿੰਘ ਬਸਤੀ ਦੀ ਗਲੀ ਨੰਬਰ 15 ਚੋਂ ਗੁਰਬਾਜ ਸਿੰਘ ਦੇ ਜਿੰਦਰੇ ਭੰਨਕੇ ਤਕਰੀਬਨ 7 ਤੋਲੇ ਸੋਨੇ ਦੇ ਜੇਵਰ ਅਤੇ 80 ਹਜ਼ਾਰ ਦੀ ਨਕਦੀ ਚੋਰੀ ਕਰ ਲਈ ਸੀ। ਥਾਣਾ ਕੈਨਾਲ ਕਲੋਨੀ ’ਚ ਮੁਕੱਦਮਾ ਦਰਜ ਹੋਇਆ ਪਰ ਨਤੀਜਾ ਡੇਢ ਮਹੀਨੇ ਮਗਰੋਂ ਵੀ ਜ਼ੀਰੋ ਹੈ। ਸੀਸੀਟੀਵੀ ਫੁਟੇਜ਼ ’ਚ ਤਿੰਨ ਚਾਰ ਜਣੇ ਦਿਖਾਈ ਦਿੱਤੇ ਜਿੰਨ੍ਹਾਂ ਨੇ ਕੰਬਲ ਲਿਆ ਹੋਇਆ ਸੀ।
ਘਰ ਸੁੰਨਾਂ ਨਾਂ ਛੱਡੋ : ਬਹਿਲ
ਐਡਵੋਕੇਟ ਐਮਐਮ ਬਹਿਲ ਨੇ ਸ਼ਹਿਰ ਵਾਸੀਆਂ ਨੂੰ ਕਿਸੇ ਵੀ ਸੂਰਤ ’ਚ ਘਰ ਸੁੰਨਾ ਨਾਂ ਛੱਡਣ ਦਾ ਸਲਾਹ ਦਿੱਤੀ ਹੈ। ਉਨ੍ਹਾਂ ਕਿਹਾ ਕਿ ਚੋਰ ਅਕਸਰ ਬੰਦ ਅਤੇ ਲੰਮੇਂ ਸਮੇਂ ਤੋਂ ਖਾਲੀ ਪਏ ਘਰਾਂ ਨੂੰ ਨਿਸ਼ਾਨਾ ਬਣਾਉਂਦੇ ਹਨ ਇਸ ਲਈ ਚੌਕਸੀ ਜਰੂਰੀ ਹੈ। ਉਨ੍ਹਾਂ ਕਿਹਾ ਕਿ ਲੋੜ ਤੇ ਪੈਣ ਤੇ ਘਰ ਕਿਸੇ ਭਰੋਸਮੰਦ ਨੂੰ ਸੌਂਪਣ ਤੋਂ ਇਲਾਵਾ ਆਂਢੀਆਂ ਗੁਆਂਢੀਆਂ ਨੂੰ ਦੱਸਕੇ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਢੁੱਕਵੇਂ ਰੌਸ਼ਨੀ ਪ੍ਰਬੰਧ, ਸੀਸੀਟੀਵੀ ਕੈਮਰਿਆਂ ਅਤੇ ਸਾਵਧਾਨੀ ਵਰਤਣ ਨਾਲ ਵੀ ਵਾਰਦਾਤਾਂ ਤੋਂ ਬਚਿਆ ਜਾ ਸਕਦਾ ਹੈ।
ਜੁਰਮ ਦਾ ਗੜ੍ਹ ਬਣਿਆ ਬਠਿੰਡਾ
ਜਮਹੂਰੀ ਅਧਿਕਾਰ ਸਭਾ ਦੇ ਆਗੂ ਡਾ ਅਜੀਤਪਾਲ ਸਿੰਘ ਦਾ ਕਹਿਣਾ ਸੀ ਕਿ ਬਠਿੰਡਾ ਅਪਰਾਧੀਆਂ ਦਾ ਗੜ੍ਹ ਬਣ ਗਿਆ ਹੈ ਅਤੇ ਪੁਲਿਸ ਘੋੜੇ ਵੇਚਕੇ ਸੁੱਤੀ ਪਈ ਹੈ। ਉਨ੍ਹਾਂ ਕਿਹਾ ਕਿ ਸ਼ਹਿਰ ’ਚ ਆਏ ਦਿਨ ਚੋਰੀਆਂ ਆਮ ਜਿਹੀ ਗੱਲ ਬਣ ਗਈ ਹੈ ਅਤੇ ਆਮ ਆਦਮੀ ਦੇ ਜਾਨ ਮਾਲ ਦਾ ਤਾਂ ਰੱਬ ਹੀ ਰਾਖਾ ਹੈ।
ਜਲਦੀ ਨਤੀਜੇ : ਐਸਪੀ ਸਿਟੀ
ਐਸਪੀ ਸਿਟੀ ਨਰਿੰਦਰ ਸਿੰਘ ਦਾ ਕਹਿਣਾ ਸੀ ਕਿ ਟੀਮਾਂ ਲਗਾਤਾਰ ਜੁਟੀਆਂ ਹੋਈਆਂ ਹਨ ਅਤੇ ਪੁਲਿਸ ਪ੍ਰਤਾਪ ਨਗਰ ਵਾਰਦਾਤ ਦੇ ਦੋਸ਼ੀਆਂ ਦੇ ਨਜ਼ਦੀਕ ਪੁੱਜ ਚੁੱਕੀ ਹੈ। ਉਨ੍ਹਾਂ ਕਿਹਾ ਕਿ ਪੁਲਿਸ ਪੂਰੀ ਮੁਸਤੈਦ ਹੈ ਅਤੇ ਬਾਕੀ ਮਾਮਲਿਆਂ ਨੂੰ ਵੀ ਜਲਦੀ ਹੱਲ ਕਰ ਲਿਆ ਜਾਏਗਾ।