CBI ਦੀ ਵੱਡੀ ਕਾਰਵਾਈ: ਲੈਫਟੀਨੈਂਟ ਕਰਨਲ ਅਤੇ ਵਿਚੋਲਾ ਗ੍ਰਿਫ਼ਤਾਰ, ਕਰੋੜਾਂ ਦੀ ਨਕਦੀ ਬਰਾਮਦ
ਨਵੀਂ ਦਿੱਲੀ: ਕੇਂਦਰੀ ਜਾਂਚ ਬਿਊਰੋ (CBI) ਨੇ ਰੱਖਿਆ ਮੰਤਰਾਲੇ ਦੇ ਰੱਖਿਆ ਉਤਪਾਦਨ ਵਿਭਾਗ ਵਿੱਚ ਭ੍ਰਿਸ਼ਟਾਚਾਰ ਦੇ ਇੱਕ ਵੱਡੇ ਰੈਕੇਟ ਦਾ ਪਰਦਾਫਾਸ਼ ਕੀਤਾ ਹੈ। ਇਸ ਮਾਮਲੇ ਵਿੱਚ ਸੀਬੀਆਈ ਨੇ ਰੱਖਿਆ ਉਤਪਾਦਨ ਵਿਭਾਗ ਦੇ ਡਿਪਟੀ ਪਲਾਨਿੰਗ ਅਫਸਰ ਲੈਫਟੀਨੈਂਟ ਕਰਨਲ ਦੀਪਕ ਕੁਮਾਰ ਸ਼ਰਮਾ ਅਤੇ ਇੱਕ ਨਿੱਜੀ ਵਿਚੋਲੇ ਵਿਨੋਦ ਕੁਮਾਰ ਨੂੰ ਗ੍ਰਿਫ਼ਤਾਰ ਕੀਤਾ ਹੈ। ਇਹ ਕਾਰਵਾਈ ਰੱਖਿਆ ਸੌਦਿਆਂ ਵਿੱਚ ਮਨਜ਼ੂਰੀਆਂ ਦਿਵਾਉਣ ਅਤੇ ਨਿੱਜੀ ਕੰਪਨੀਆਂ ਨੂੰ ਗੈਰ-ਵਾਜਬ ਫਾਇਦਾ ਪਹੁੰਚਾਉਣ ਦੇ ਦੋਸ਼ ਹੇਠ ਕੀਤੀ ਗਈ ਹੈ।
ਕਰੋੜਾਂ ਦੀ ਨਕਦੀ ਅਤੇ ਤਲਾਸ਼ੀ ਮੁਹਿੰਮ ਸੀਬੀਆਈ ਵੱਲੋਂ ਦਿੱਲੀ, ਸ੍ਰੀ ਗੰਗਾਨਗਰ, ਬੈਂਗਲੁਰੂ ਅਤੇ ਜੰਮੂ ਸਮੇਤ ਕਈ ਸ਼ਹਿਰਾਂ ਵਿੱਚ ਛਾਪੇਮਾਰੀ ਕੀਤੀ ਗਈ। ਤਲਾਸ਼ੀ ਦੌਰਾਨ ਲੈਫਟੀਨੈਂਟ ਕਰਨਲ ਸ਼ਰਮਾ ਦੇ ਦਿੱਲੀ ਸਥਿਤ ਘਰ ਤੋਂ 2.23 ਕਰੋੜ ਰੁਪਏ ਅਤੇ ਉਨ੍ਹਾਂ ਦੀ ਪਤਨੀ ਦੇ ਸ੍ਰੀ ਗੰਗਾਨਗਰ ਸਥਿਤ ਘਰ ਤੋਂ 10 ਲੱਖ ਰੁਪਏ ਦੀ ਨਕਦੀ ਜ਼ਬਤ ਕੀਤੀ ਗਈ ਹੈ। ਜਾਂਚ ਏਜੰਸੀ ਅਨੁਸਾਰ ਰਿਸ਼ਵਤ ਦੇ ਲੈਣ-ਦੇਣ ਦੌਰਾਨ ਵਿਨੋਦ ਕੁਮਾਰ ਨੂੰ 3 ਲੱਖ ਰੁਪਏ ਦੀ ਰਿਸ਼ਵਤ ਦਿੰਦੇ ਹੋਏ ਕਾਬੂ ਕੀਤਾ ਗਿਆ ਸੀ।
ਪਤਨੀ ਅਤੇ ਵਿਦੇਸ਼ੀ ਕੰਪਨੀ ਦਾ ਨਾਮ ਵੀ ਸ਼ਾਮਲ ਇਸ ਮਾਮਲੇ ਵਿੱਚ ਸੀਬੀਆਈ ਨੇ ਲੈਫਟੀਨੈਂਟ ਕਰਨਲ ਦੀ ਪਤਨੀ ਕਰਨਲ ਕਾਜਲ ਬਾਲੀ ਨੂੰ ਵੀ ਨਾਮਜ਼ਦ ਕੀਤਾ ਹੈ, ਜੋ ਰਾਜਸਥਾਨ ਦੇ ਸ੍ਰੀ ਗੰਗਾਨਗਰ ਵਿੱਚ 16 ਇਨਫੈਂਟਰੀ ਡਿਵੀਜ਼ਨ ਆਰਡੀਨੈਂਸ ਯੂਨਿਟ ਦੀ ਕਮਾਂਡਿੰਗ ਅਫਸਰ ਵਜੋਂ ਤਾਇਨਾਤ ਹੈ। ਇਸ ਤੋਂ ਇਲਾਵਾ, ਦੁਬਈ ਸਥਿਤ ਇੱਕ ਕੰਪਨੀ ਅਤੇ ਉਸ ਦੇ ਬੈਂਗਲੁਰੂ ਸਥਿਤ ਪ੍ਰਤੀਨਿਧੀਆਂ—ਰਾਜੀਵ ਯਾਦਵ ਅਤੇ ਰਵਜੀਤ ਸਿੰਘ—ਵਿਰੁੱਧ ਵੀ ਅਪਰਾਧਿਕ ਸਾਜ਼ਿਸ਼ ਅਤੇ ਭ੍ਰਿਸ਼ਟਾਚਾਰ ਦੇ ਦੋਸ਼ ਹੇਠ ਕੇਸ ਦਰਜ ਕੀਤਾ ਗਿਆ ਹੈ।
ਕਿਵੇਂ ਚੱਲ ਰਿਹਾ ਸੀ ਖੇਡ? ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਲੈਫਟੀਨੈਂਟ ਕਰਨਲ ਸ਼ਰਮਾ ਆਦਤਨ ਭ੍ਰਿਸ਼ਟ ਗਤੀਵਿਧੀਆਂ ਵਿੱਚ ਸ਼ਾਮਲ ਸੀ। ਉਹ ਨਿੱਜੀ ਰੱਖਿਆ ਨਿਰਮਾਣ ਅਤੇ ਨਿਰਯਾਤ ਕੰਪਨੀਆਂ ਦੇ ਪ੍ਰਤੀਨਿਧੀਆਂ ਨਾਲ ਮਿਲ ਕੇ ਵੱਖ-ਵੱਖ ਸਰਕਾਰੀ ਵਿਭਾਗਾਂ ਤੋਂ ਉਨ੍ਹਾਂ ਦੇ ਪੱਖ ਵਿੱਚ ਫੈਸਲੇ ਕਰਵਾਉਣ ਲਈ ਮੋਟੀ ਰਿਸ਼ਵਤ ਲੈਂਦਾ ਸੀ। ਦੁਬਈ ਸਥਿਤ ਕੰਪਨੀ ਦੇ ਭਾਰਤੀ ਸੰਚਾਲਕ ਉਸ ਦੇ ਨਿਯਮਤ ਸੰਪਰਕ ਵਿੱਚ ਸਨ ਅਤੇ ਗੈਰ-ਕਾਨੂੰਨੀ ਤਰੀਕਿਆਂ ਨਾਲ ਆਪਣੇ ਕਾਰੋਬਾਰੀ ਹਿੱਤਾਂ ਦੀ ਪੂਰਤੀ ਕਰ ਰਹੇ ਸਨ।
ਅਦਾਲਤੀ ਕਾਰਵਾਈ ਸੀਬੀਆਈ ਨੇ ਦੋਵਾਂ ਮੁਲਜ਼ਮਾਂ ਨੂੰ ਸ਼ਨੀਵਾਰ ਨੂੰ ਅਦਾਲਤ ਵਿੱਚ ਪੇਸ਼ ਕੀਤਾ, ਜਿੱਥੋਂ ਉਨ੍ਹਾਂ ਨੂੰ 23 ਦਸੰਬਰ ਤੱਕ ਪੁਲਿਸ ਹਿਰਾਸਤ ਵਿੱਚ ਭੇਜ ਦਿੱਤਾ ਗਿਆ ਹੈ। ਨਵੀਂ ਦਿੱਲੀ ਸਥਿਤ ਸਰਕਾਰੀ ਦਫ਼ਤਰਾਂ ਵਿੱਚ ਅਜੇ ਵੀ ਤਲਾਸ਼ੀ ਜਾਰੀ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਇਸ ਮਾਮਲੇ ਵਿੱਚ ਕਈ ਹੋਰ ਵੱਡੇ ਖੁਲਾਸੇ ਹੋਣ ਦੀ ਉਮੀਦ ਹੈ।