← ਪਿਛੇ ਪਰਤੋ
Big News ਜੀਦਾ ਧਮਾਕਾ: ਪਾਕਿਸਤਾਨੀ ਗਰਮਖਿਆਲੀ ਅੱਤਵਾਦੀਆਂ ਵੱਲ ਘੁੰਮੀ ਜਾਂਚ ਏਜੰਸੀਆਂ ਦੇ ਸ਼ੱਕ ਦੀ ਸੂਈ
ਅਸ਼ੋਕ ਵਰਮਾ
ਬਠਿੰਡਾ, 12 ਸਤੰਬਰ 2025 : ਬੀਤੀ ਦੇਰ ਸ਼ਾਮਲ ਬਠਿੰਡਾ ਜਿਲ੍ਹੇ ਦੇ ਗੋਨਿਆਣਾ ਇਲਾਕੇ ’ਚ ਪੈਂਦੇ ਪਿੰਡ ਜੀਦਾ ’ਚ ਹੋਏ ਧਮਾਕੇ ਨੂੰ ਲੈਕੇ ਜਾਂਚ ਏਜੰਸੀਆਂ ਦੇ ਸ਼ੱਕ ਦੀ ਸੂਈ ਹੁਣ ਪਾਕਿਸਤਾਨੀ ਦਹਿਸ਼ਤਗਰਦਾਂ ਵੱਲ ਘੁੰਮਦੀ ਨਜ਼ਰ ਆ ਰਹੀ ਹੈ। ਅੱਜ ਜਲੰਧਰ ਤੋਂ ਆਈ ਵਿਸ਼ੇਸ਼ ਜਾਂਚ ਟੀਮ ਨੇ ਵੀ ਘਟਨਾ ਵਾਲੀ ਥਾਂ ਦਾ ਜਾਇਜਾ ਲਿਆ ਹੈ ਜਦੋਂਕਿ ਪੰਜਾਬ ਪੁਲਿਸ ਵੱਖ ਵੱਖ ਪਹਿਲੂਆਂ ਤੋਂ ਮਾਮਲੇ ਦੀ ਜਾਂਚ ਕਰ ਰਹੀ ਹੈ। ਬੁੱਧਵਾਰ ਨੂੰ ਹੋਏ ਦੋ ਵੱਖ ਵੱਖ ਧਮਾਕਿਆਂ ਦੌਰਾਨ ਪਿਤਾ ਅਤੇ ਪੁੱਤਰ ਗੰਭੀਰ ਰੂਪ ਵਿੱਚ ਜਖਮੀ ਹੋ ਗਏ ਸਨ ਜਿੰਨ੍ਹਾਂ ਇਲਾਜ ਲਈ ਨਿੱਜੀ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਹੈ। ਥਾਣਾ ਨੇਹੀਆਂ ਵਾਲਾ ਪੁਲਿਸ ਨੇ ਗੁਰਪ੍ਰੀਤ ਸਿੰਘ ਪੁੱਤਰ ਜਗਤਾਰ ਸਿੰਘ ਵਾਸੀ ਜੀਦਾ ਖਿਲਾਫ ਵੱਖ ਵੱਖ ਧਾਰਾਵਾਂ ਤਹਿਤ ਮੁਕੱਦਮਾ ਦਰਜ ਕੀਤਾ ਹੈ। ਮੁਢਲੀ ਪੜਤਾਲ ਦੌਰਾਨ ਸਾਹਮਣੇ ਆਇਆ ਹੈ ਕਿ ਜਖਮੀ ਗੁਰਪ੍ਰੀਤ ਪਾਕਿਸਤਾਨ ਦੀਆਂ ਗਰਮ ਖਿਆਲੀ ਧਿਰਾਂ ਦਾ ਫੈਨ ਹੈ । ਗੁਰਪ੍ਰੀਤ ਸਿੰਘ ਨੇ ਵੀਰਵਾਰ ਨੂੰ ਜੰਮੂ ਕਸ਼ਮੀਰ ਦੇ ਕਠੂਆ ਜਾਣਾ ਸੀ ਜਿੱਥੋਂ ਦੇ ਸਫਰ ਸਬੰਧੀ ਪੁਲਿਸ ਨੂੰ ਇੱਕ ਟਿਕਟ ਮਿਲੀ ਹੈ ਜੋ ਗੁਰਪ੍ਰੀਤ ਨੇ ਬੁੱਕ ਕਰਵਾਈ ਹੋਈ ਸੀ। ਸੂਤਰ ਦੱਸਦੇ ਹਨ ਕਿ ਇਹੋ ਟਿਕਟ ਪੁਲਿਸ ਦੇ ਸ਼ੱਕ ਦਾ ਪੁਖਤਾ ਅਧਾਰ ਬਣੀ ਹੈ। ਪੁਲਿਸ ਜਾਂਚ ਕਰ ਰਹੀ ਹੈ ਕਿ ਗੁਰਪ੍ਰੀਤ ਪਾਕਿਸਤਾਨ ਤੋਂ ਇਲਾਵਾ ਜੰਮੂ ਕਸ਼ਮੀਰ ’ਚ ਕਿਸਦੇ ਸੰਪਰਕ ਵਿੱਚ ਸੀ। ਸੁਰੱਖਿਆ ਏਜੰਸੀਆਂ ਨੂੰ ਸ਼ੱਕ ਹੈ ਕਿ ਗੁਰਪ੍ਰੀਤ ਕਿਸੇ ਵੱਡੀ ਸਾਜਿਸ਼ ਨੂੰ ਅੰਜਾਮ ਦੇਣ ਵਾਲਾ ਸੀ। ਮੰਨਿਆ ਜਾ ਰਿਹਾ ਹੈ ਕਿ ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਜਲਦੀ ਹੀ ਜਾਂਚ ਵਿੱਚ ਐਨਆਈਏ ਦੀ ਐਂਟਰੀ ਹੋ ਸਕਦੀ ਹੈ। ਜਖਮੀ ਗੁਰਪ੍ਰੀਤ ਨੂੰ ਜਦੋਂ ਇਲਾਜ ਲਈ ਹਸਪਤਾਲ ਲਿਆਂਦਾ ਤਾਂ ਉਸ ਨੇ ਡਾਕਟਰਾਂ ਨੂੰ ਗੁੰਮਰਾਹ ਕਰਨ ਲਈ ਧਮਾਕਾ ਮੋਬਾਇਲ ਫੋਨ ਫਟਣ ਨਾਲ ਹੋਣ ਦੀ ਗੱਲ ਆਖੀ ਸੀ ਜਿਸ ਨੇ ਪੁਲਿਸ ਦਾ ਸ਼ੱਕ ਹੋਰ ਵੀ ਵਧਾ ਦਿੱਤਾ ਹੈ। ਜਾਣਕਾਰੀ ਅਨੁਸਾਰ ਗੁਰਪ੍ਰੀਤ ਨੇ ਤਕਰੀਬਨ ਤਿੰਨ ਮਹੀਨੇ ਪਹਿਲਾਂ ਇੱਕ ਮੋਟਰਸਾਈਕਲ ਅਤੇ ਮੋਬਾਇਲ ਫੋਨ ਖਰੀਦਿਆ ਸੀ। ਪ੍ਰੀਵਾਰ ਵੱਲੋਂ ਪੁੱਛਣ ਤੇ ਉਸ ਨੇ ਕਿਹਾ ਸੀ ਕਿ ਇਹ ਸਮਾਨ ਮਾਮੇ ਨੇ ਖਰੀਦਕੇ ਦਿੱਤਾ ਹੈ ਜਦੋਂਕਿ ਮਾਮੇ ਨੇ ਇਸ ਗੱਲੋਂ ਸਾਫ ਇਨਕਾਰ ਕੀਤਾ ਸੀ। ਪਿੰਡ ਵਾਸੀਆਂ ਅਨੁਸਾਰ ਗੁਰਪ੍ਰੀਤ ਕਿਸੇ ਨਾਲ ਬਹੁਤੀ ਗੱਲਬਾਤ ਵੀ ਨਹੀਂ ਕਰਦਾ ਸੀ ਅਤੇ ਉਸ ਨੇ ਆਪਣੇ ਮਾਪਿਆਂ ਨੂੰ ਸਵੇਰ ਵਕਤ ਉਸ ਦੇ ਕਮਰੇ ’ਚ ਆਉਣ ਦੀ ਮਨਾਹੀ ਕੀਤੀ ਹੋਈ ਸੀ ਕਿਉਂਕਿ ਉਸ ਨੇ ਪਾਠ ਪੂਜਾ ਕਰਨੀ ਹੁੰਦੀ ਹੈ। ਪੁਲਿਸ ਸੂਤਰਾਂ ਅਨੁਸਾਰ ਗੁਰਪ੍ਰੀਤ ਵਿਸਫੋਟਕ ਪਦਾਰਥਾਂ ਨਾਲ ਕੋਈ ਤਜ਼ਰਬਾ ਕਰ ਰਿਹਾ ਸੀ। ਨੌਜਵਾਨ ਦਾ ਘਰ ਦਬੜੀਖਾਨਾ ਰੋਡ ਤੇ ਪਿੰਡੋਂ ਬਾਹਰ ਹੈ ਅਤੇ ਇਸ ਢਾਣੀ ਵਿੱਚਤਿੰਨ ਚਾਰ ਮਕਾਨ ਹਨ । ਇਸ ਤਰਫ ਲੋਕਾਂ ਦਾ ਬਹੁਤਾ ਆਉਣਾ ਜਾਣਾ ਨਹੀਂ ਹੈ। ਇੰਨ੍ਹਾਂ ਤੱਥਾਂ ਕਾਰਨ ਇਹ ਧਮਾਕ ਪੂਰੀ ਤਰਾਂ ਪੁਲਿਸ ਦੇ ਸ਼ੱਕ ਦੇ ਘੇਰੇ ਵਿੱਚ ਹਨ। ਖਾਸ ਤੌਰ ਤੇ ਕਠੂਆ ਨੂੰ ਜਾਣ ਵਾਲੀ ਟਿਕਟ ਮਿਲਣ ਉਪਰੰਤ ਜਾਂਚ ਏਜੰਸੀਆਂ ਨੇ ਮਾਮਲੇ ਨੂੰ ਗੰਭੀਰਤਾ ਨਾਲ ਲੈਣਾ ਸ਼ੁਰੂ ਕਰ ਦਿੱਤਾ ਹੈ। ਪੁਲਿਸ ਸੂਤਰਾਂ ਅਨੁਸਾਰ ਧਮਾਕੇ ’ਚ ਆਰਡੀਐਕਸ ਵਰਗੇ ਖਤਰਨਾਕ ਪਦਾਰਥ ਦੀ ਵਰਤੋਂ ਕੀਤੀ ਹੋ ਸਕਦੀ ਹੈ। ਹਾਲਾਂਕਿ ਪੁਲਿਸ ਇਸ ਸਬੰਧੀ ਬੋਲਣ ਤੋਂ ਬਚ ਰਹੀ ਹੈ ਪਰ ਧਮਾਕਾ ਐਨਾ ਜਬਰਦਸਤ ਸੀ ਕਿ ਜਗਤਾਰ ਸਿੰਘ ਦੇ ਘਰ ਦੀਆਂ ਖਿੜਕੀਆਂ ਦੇ ਸ਼ੀਸ਼ਿਆਂ ਅਤੇ ਦਰਵਾਜਿਆਂ ਨੂੰ ਭਾਰੀ ਨੁਕਸਾਨ ਪੁੱਜਿਆ ਅਤੇ ਘਰ ਦਾ ਸਮਾਨ ਇਧਰ ਉੱਧਰ ਖਿਲਰ ਗਿਆ ਹੈ। ਪਿੰਡ ਵਾਸੀਆਂ ਦਾ ਵੀ ਇਹੋ ਕਹਿਣਾ ਹੈ ਕਿ ਧਮਾਕੇ ਦੀ ਅਵਾਜ਼ ਦੂਰ ਦੂਰ ਤੱਕ ਸੁਣਾਈ ਦਿੱਤੀ ਸੀ। ਉਨ੍ਹਾਂ ਦੱਸਿਆ ਕਿ ਗੁਰਪ੍ਰੀਤ ਦਾ ਪਿੰਡ ’ਚ ਜਿਆਦਾ ਆਉਣ ਜਾਣ ਨਹੀਂ ਸੀ ਅਤੇ ਘਰ ਦੇ ਅੰਦਰ ਰਹਿਣ ਦੇ ਨਾਲ ਨਾਲ ਜਿਆਦਾਤਰ ਚੁੱਚਚਾਪ ਰਹਿੰਦਾ ਸੀ। ਉਸ ਨੇ ਧਮਾਕਾਖੇਜ਼ ਸਮੱਗਰੀ ਕਿਸ ਮਕਸਦ ਨਾਲ ਮੰਗਵਾਈ ਪਿੰਡ ਵਾਸੀਆਂ ਦੇ ਸਮਝੋਂ ਬਾਹਰ ਹੈ। ਦੋ ਧਮਾਕਿਆਂ ਨੇ ਹਿਲਾਇਆ ਜੀਦਾ ਪਿੰਡ ਵਾਸੀਆਂ ਦੇ ਦੱਸਣ ਅਨੁਸਾਰ 12ਵੀਂ ਕਲਾਸ ਦੀ ਪੜ੍ਹਾਈ ਮੁਕੰਮਲ ਕਰਨ ਤੋਂ ਬਾਅਦ ਗੁਰਪ੍ਰੀਤ ਨੇ ਕਾਲਜ ਜਾਣਾ ਛੱਡ ਦਿੱਤਾ ਸੀ। ਪੁਲਿਸ ਜਾਂਚ ’ਚ ਪਤਾ ਲੱਗਿਆ ਹੈ ਕਿ ਉਸਨੇ ਕਿਸੇ ਨੂੰ ਬਿਨਾਂ ਦੱਸਿਆਂ ਆਨਲਾਈਨ ਪੋਟਾਸ਼ ਅਤੇ ਹੋਰ ਕੈਮੀਕਲ ਮੰਗਵਾਏ ਅਤੇ ਪ੍ਰਯੋਗ ਕਰਨਾ ਸ਼ੁਰੂ ਕੀਤਾ ਹੋਇਆ ਸੀ। ਅਚਾਨਕ ਹੋਏ ਧਮਾਕੇ ਦੌਰਾਨ ਗੁਰਪ੍ਰੀਤ ਬੁਰੀ ਤਰਾਂ ਜਖਮੀ ਹੋ ਗਿਆ ਜਿਸ ਨੂੂੰ ਪ੍ਰਾਈਵੇਟ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਹੈ। ਸ਼ਾਮ ਨੂੰ ਕਰੀਬ 4 ਵਜੇ ਜਦੋਂ ਜਗਤਾਰ ਸਿੰਘ ਨੇ ਆਪਣੇ ਲੜਕੇ ਵੱਲੋਂ ਇਸਤੇਮਾਲ ਕੀਤੇ ਸਮਾਨ ਨੂੰ ਹਟਾਉਣਾ ਸ਼ੁਰੂ ਕੀਤਾ ਤਾਂ ਇਸ ਦੌਰਾਨ ਦੂਸਰਾ ਧਮਾਕਾ ਹੋ ਗਿਆ ਜਿਸ ਨੇ ਉਸ ਨੂੰ ਵੀ ਗੰਭੀਰ ਜਖਮੀ ਕਰ ਦਿੱਤਾ। ਲਗਾਤਰ ਦੋ ਧਮਾਕਿਆਂ ਕਾਰਨ ਪਿੰਡ ’ਚ ਦਹਿਸ਼ਤ ਦਾ ਮਹੌਲ ਬਣਿਆ ਹੋਇਆ ਹੈ। ਪਿੰਡ ਵਾਸੀ ਹੈਰਾਨ ਹਨ ਕਿ ਗੁਰਪ੍ਰੀਤ ਇਸ ਤਰਾਂ ਵੀ ਕਰ ਸਕਦਾ ਹੈ। ਮੁਸਲਿਮ ਗਰਮਖਿਆਲੀਆਂ ਦੇ ਵੀਡੀਓ ਮਿਲੇ ਸੀਨੀਅਰ ਕਪਤਾਨ ਪੁਲਿਸ ਅਮਨੀਤ ਕੌਂਡਲ ਦਾ ਕਹਿਣਾ ਸੀ ਕਿ ਗੁਰਪ੍ਰੀਤ ਸਿੰਘ ਦੇ ਫੋਨ ਚੋਂ ਪਾਕਿਸਤਾਨ ਵਿਚਲੇ ਗਰਮ ਖਿਆਲੀ ਮਸਲਿਮ ਦਹਿਸ਼ਤਗਰਦਾਂ ਅਤੇ ਧਮਾਕਾ ਕਰਨ ਲਈ ਸਮਾਨ ਬਨਾਉਣ ਨਾਲ ਸਬੰਧਤ ਵੀਡੀਓ ਮਿਲੇ ਹਨ ਜੋ ਉਹ ਦੇਖਦਾ ਰਿਹਾ ਹੈ। ਉਨ੍ਹਾਂ ਕਿਹਾ ਕਿ ਫੋਨ ਕਬਜੇ ਵਿੱਚ ਲੈ ਲਿਆ ਹੈ ਜਿਸ ਦੀ ਫੌਰੈਂਸਿਕ ਜਾਂਚ ਕੀਤੀ ਜਾਏਗੀ। ਉਨ੍ਹਾਂ ਕਿਹਾ ਕਿ ਪੁਲਿਸ ਪੂਰੇ ਇਲਾਕੇ ਨੂੰ ਸੀਲ ਕੀਤਾ ਹੋਇਆ ਹੈ ਅਤੇ ਘਟਨਾ ਵਾਲੀ ਥਾਂ ਤੇ ਮਾਹਿਰ ਅਤੇ ਬੰਬ ਨਿਰੋਧਕ ਦਸਤੇ ਡੂੰਘਾਈ ਨਾਲ ਜਾਂਚ ਕਰ ਰਹੇ ਹਨ।
Total Responses : 2858