BIG BREAKING: ਸੁਪਰੀਮ ਕੋਰਟ ਦਾ ਆਵਾਰਾ ਕੁੱਤਿਆਂ ਬਾਰੇ ਸਖ਼ਤ ਹੁਕਮ: ਸਕੂਲਾਂ ਅਤੇ ਹਸਪਤਾਲਾਂ ਤੋਂ ਹਟਾਉਣ ਦੇ ਨਿਰਦੇਸ਼
ਨਵੀਂ ਦਿੱਲੀ, 7 ਨਵੰਬਰ 2025- ਆਵਾਰਾ ਕੁੱਤਿਆਂ ਬਾਰੇ ਸੁਪਰੀਮ ਕੋਰਟ ਨੇ ਸਾਰੇ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਸਖ਼ਤ ਹੁਕਮ ਦਿੱਤਾ ਹੈ ਕਿ, ਆਵਾਰਾ ਕੁੱਤਿਆਂ ਨੂੰ ਸਿੱਖਿਆ ਸੰਸਥਾਵਾਂ (ਸਕੂਲਾਂ, ਕਾਲਜਾਂ), ਹਸਪਤਾਲਾਂ, ਜਨਤਕ ਖੇਡ ਕੰਪਲੈਕਸਾਂ, ਬੱਸ ਅੱਡਿਆਂ, ਡਿਪੂਆਂ ਅਤੇ ਰੇਲਵੇ ਸਟੇਸ਼ਨਾਂ ਦੇ ਅਹਾਤੇ ਤੋਂ ਤੁਰੰਤ ਹਟਾਇਆ ਜਾਵੇ।
ਅਦਾਲਤ ਨੇ ਸਪੱਸ਼ਟ ਕੀਤਾ ਹੈ ਕਿ ਇਨ੍ਹਾਂ ਕੁੱਤਿਆਂ ਨੂੰ ਨਸਬੰਦੀ (Sterilisation) ਅਤੇ ਟੀਕਾਕਰਨ (Vaccination) ਤੋਂ ਬਾਅਦ ਵੀ ਉਸੇ ਖੇਤਰ ਵਿੱਚ ਵਾਪਸ ਨਹੀਂ ਛੱਡਿਆ ਜਾਵੇਗਾ। ਬੈਂਚ ਨੇ ਕਿਹਾ ਕਿ ਅਜਿਹਾ ਕਰਨ ਨਾਲ ਇਨ੍ਹਾਂ ਥਾਵਾਂ ਦੀ ਸੁਰੱਖਿਆ ਦਾ ਉਦੇਸ਼ ਪੂਰਾ ਨਹੀਂ ਹੋਵੇਗਾ।
ਸਾਰੇ ਰਾਜ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਅੱਠ ਹਫ਼ਤਿਆਂ ਦੇ ਅੰਦਰ ਇਹ ਯਕੀਨੀ ਬਣਾਉਣ ਕਿ ਸਾਰੀਆਂ ਸਰਕਾਰੀ ਅਤੇ ਨਿੱਜੀ ਸਿੱਖਿਆ ਅਤੇ ਸਿਹਤ ਸੰਸਥਾਵਾਂ, ਆਵਾਜਾਈ ਕੇਂਦਰ ਅਤੇ ਖੇਡ ਸੁਵਿਧਾਵਾਂ ਨੂੰ ਵਾੜਬੰਦੀ (properly fenced) ਕਰਕੇ ਸੁਰੱਖਿਅਤ ਕੀਤਾ ਜਾਵੇ, ਤਾਂ ਜੋ ਆਵਾਰਾ ਕੁੱਤਿਆਂ ਦੇ ਦਾਖਲੇ ਨੂੰ ਰੋਕਿਆ ਜਾ ਸਕੇ। ਸਾਰੀਆਂ ਸੰਸਥਾਵਾਂ ਨੂੰ ਰੱਖ-ਰਖਾਅ ਅਤੇ ਨਿਗਰਾਨੀ ਲਈ ਇੱਕ ਨੋਡਲ ਅਧਿਕਾਰੀ ਨਿਯੁਕਤ ਕਰਨ ਦਾ ਵੀ ਨਿਰਦੇਸ਼ ਦਿੱਤਾ ਗਿਆ ਹੈ।
ਇਹ ਫੈਸਲਾ ਦੇਸ਼ ਭਰ ਵਿੱਚ ਕੁੱਤਿਆਂ ਦੇ ਕੱਟਣ ਦੇ ਵਧ ਰਹੇ ਮਾਮਲਿਆਂ ਅਤੇ ਖਾਸ ਕਰਕੇ ਬੱਚਿਆਂ ਅਤੇ ਕਮਜ਼ੋਰ ਲੋਕਾਂ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਲਿਆ ਗਿਆ ਹੈ। ਅਦਾਲਤ ਨੇ ਕਿਹਾ ਹੈ ਕਿ ਆਵਾਰਾ ਕੁੱਤਿਆਂ ਦੀ ਸਮੱਸਿਆ ਗੰਭੀਰ ਬਣ ਚੁੱਕੀ ਹੈ ਅਤੇ ਇਸ ਨਾਲ ਦੇਸ਼ ਦਾ ਅਕਸ ਵੀ ਖਰਾਬ ਹੋ ਰਿਹਾ ਹੈ।