ਅਮਰੀਕਾ-ਇਜ਼ਰਾਇਲ ਦੁਆਰਾ ਇਰਾਨ ਉੱਪਰ ਹਮਲੇ ਵਿਰੁੱਧ ਮੁਜ਼ਾਹਰਾ
ਪ੍ਰਮੋਦ ਭਾਰਤੀ
ਨਵਾਂਸ਼ਹਿਰ 03 ਮਾਰਚ 2026 : ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ-ਲੈਨਿਨਵਾਦੀ) ਨਿਊ ਡੈਮੋਕਰੇਸੀ ਨੇ ਅਮਰੀਕਾ-ਇਜ਼ਰਾਇਲ ਵਲੋਂ ਸਾਂਝੇ ਤੌਰ ’ਤੇ ਇਰਾਨ ਉੱਪਰ ਕੀਤੇ ਹਮਲੇ ਦੇ ਵਿਰੋਧ ਵਿਚ
ਰੋਸ ਪ੍ਰਦਰਸ਼ਨ ਕਰਕੇ ਸਥਾਨਕ ਚੰਡੀਗੜ ਚੌਂਕ ਵਿੱਚ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਨੇਤਨਯਾਹੂ ਦੇ ਪੁਤਲੇ ਫੂਕੇ।ਇਸਤੋਂ ਪਹਿਲਾਂ ਬਾਰਾਦਰੀ ਬਾਗ਼ ਵਿਚ ਹੋਏ ਇਕੱਠ ਨੂੰ ਸੰਬੋਧਨ ਕਰਦਿਆਂ ਪਾਰਟੀ ਆਗੂਆਂ ਕੁਲਵਿੰਦਰ ਸਿੰਘ ਵੜੈਚ ਅਤੇ ਦਲਜੀਤ ਸਿੰਘ ਐਡਵਕੇਟ ਨੇ ਕਿਹਾ ਕਿ ਇਹ ਸਾਂਝਾ ਹਮਲਾ ਇਰਾਨ ਤੋਂ ਸੰਭਾਵਤ ਖਤਰੇ ਨੂੰ ਬਹਾਨਾ ਬਣਾ ਕੇ ਕੀਤਾ ਗਿਆ ਹੈ। ਅਮਰੀਕਾ ਵਲੋਂ ਇਸ ਹਮਲੇ ’ਚ ਇਰਾਨ ਦਾ ਸੁਪਰੀਮ ਲੀਡਰ ਆਇਤ ਉਲ ਅਲੀ ਖੁਮੇਨੇਈ, ਰੱਖਿਆ ਮੰਤਰੀ, ਰੈਵੋਲੂਸ਼ਨਰੀ ਗਾਰਡ, ਕਮਾਂਡਰ ਅਤੇ ਸੈਂਕੜੇ ਲੋਕ ਮਾਰੇ ਗਏ ਹਨ ।ਅਮਰੀਕਾ ਇਹ ਸਾਰੀ ਗੁੰਡਾਗਰਦੀ ਇਰਾਨ ਦੇ ਤੇਲ ਭੰਡਾਰਾਂ ਅਤੇ ਰੂਟਾਂ ਉੱਪਰ ਕਬਜਾ ਕਰਨ ਲਈ ਕਰ ਰਿਹਾ ਹੈ। ਅਮਰੀਕਾ ਸੰਸਾਰ ਚੌਧਰ ਮੁੜ ਸਥਾਪਿਤ ਕਰਨ ਲਈ ਵੱਖਰੇ-ਵੱਖਰੇ ਦੇਸ਼ਾਂ ਨੂੰ ਡਰਾਉਣ ਧਮਕਾਉਣ, ਰਾਜ ਪਲਟੇ ਕਰਵਾਉਣ ਅਤੇ ਲੋਕਾਂ ਵੱਲੋਂ ਚੁਣੇ ਗਏ ਮੁਖੀਆਂ ਨੂੰ ਮਾਰਨ ਜਾਂ ਗਿ੍ਰਫਤਾਰ ਕਰਨ ਦੀ ਮੁਹਿੰਮ ਵਿੱਚ ਜੁਟਿਆ ਹੋਇਆ ਹੈ। ਪਿਛਲੇ ਸਮੇਂ ਵਿੱਚ ਟਰੰਪ ਵੱਲੋਂ ਵੈਨੇਜ਼ੁਵੇਲਾ ਦੇ ਰਾਸ਼ਟਰਪਤੀ ਮਾਦੁਰੋ ਨੂੰ ਪਤਨੀ ਸਮੇਤ ਹੱਥਕੜੀਆਂ ਵਿੱਚ ਜਕੜ ਕੇ ਅਮਰੀਕਾ ਲਿਜਾਇਆ ਗਿਆ ਅਤੇ ਆਪਣੇ ਆਪ ਨੂੰ ਵੈਨਜ਼ੁਵੇਲਾ ਦਾ ਕਾਰਜਕਾਰੀ ਰਾਸ਼ਟਰਪਤੀ ਹੋਣ ਦਾ ਐਲਾਨ ਕਰਕੇ ਉਥੋਂ ਦੇ ਤੇਲ ਭੰਡਾਰ ਵੇਚਣ ਦਾ ਅਧਿਕਾਰ ਆਪਣੇ ਹੱਥ ਵਿੱਚ ਲੈਣ ਦਾ ਐਲਾਨ ਕਰ ਦਿੱਤਾ। ਇਸ ਤੋਂ ਪਹਿਲਾਂ ਵੀ ਇਰਾਕ ਵਿੱਚ ਜਨਤਕ ਤਬਾਹੀ ਦੇ ਹਥਿਆਰ ਜਮ੍ਹਾਂ ਕਰਨ ਦਾ ਇਲਜ਼ਾਮ ਲਾ ਕੇ ਇਰਾਕ ਉੱਪਰ ਹਮਲਾ ਕੀਤਾ ਗਿਆ ਅਤੇ ਇਰਾਕ ਦੇ ਰਾਸ਼ਟਰਪਤੀ ਸੱਦਾਮ ਹੁਸੈਨ ਨੂੰ ਫਾਂਸੀ ਲਾਇਆ ਗਿਆ। ਲਿਬੀਆ ਵਿੱਚ ਰਾਜ ਪਲਟਾ ਕਰਵਾ ਕੇ ਕਰਨਲ ਗੱਦਾਫੀ ਨੂੰ ਮਾਰ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਇੱਕ ਪਾਸੇ ਅਮਰੀਕਾ, ਇਰਾਨ ਨਾਲ ਪ੍ਰਮਾਣੂ ਪ੍ਰੋਗਰਾਮ ਸਬੰਧੀ ਗੱਲਬਾਤ ਕਰ ਰਿਹਾ ਸੀ ਅਤੇ ਦੂਜੇ ਪਾਸੇ ਬਿਨਾਂ ਭੜਕਾਹਟ ਤੋਂ ਇਰਾਨ ਉੱਪਰ ਹਮਲਾ ਕਰਕੇ ਸੰਸਾਰ ਅਮਨ ਲਈ ਖਤਰਾ ਪੈਦਾ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਅਮਰੀਕੀ ਰਾਸ਼ਟਰਪਤੀ ਦੋਸ਼ ਮੜ੍ਹ ਰਿਹਾ ਕਿ ਇਰਾਨ ਅਜਿਹੀਆਂ ਮਿਜ਼ਾਇਲ ਪ੍ਰਣਾਲੀਆਂ ਅਤੇ ਪ੍ਰਮਾਣੂ ਹਥਿਆਰ ਵਿਕਸਤ ਕਰ ਰਿਹਾ ਸੀ, ਜਿਨ੍ਹਾਂ ਦੀ ਪਹੁੰਚ ਅਮਰੀਕਾ ਤੱਕ ਹੋ ਸਕਦੀ ਸੀ। ਇਸਨੂੰ ਖਤਰਾ ਦਰਸਾ ਕੇ ਇਹ ਹਮਲਾ ਕੀਤਾ ਗਿਆ ਹੈ। ਅਸਲ ਵਿੱਚ ਪੱਛਮੀ ਏਸ਼ੀਆ ਵਿੱਚ ਆਪਣੀ ਚੌਧਰ ਸਥਾਪਤ ਕਰਨ ਅਤੇ ਆਪਣੇ ਸਾਮਰਾਜੀ ਪ੍ਰਬੰਧ ਦੇ ਸੰਕਟ ਨੂੰ ਹੱਲ ਕਰਨ ਲਈ ਅਜਿਹੇ ਹਮਲੇ ਆਪਣੇ ਪੱਖੀ ਸਰਕਾਰਾਂ ਬਣਾਉਣ ਖ਼ਾਤਰ ਕਰ ਰਿਹਾ ਹੈ।
ਉਹਨਾਂ ਨੇ ਲੋਕਾਂ ਨੂੰ ਅਮਰੀਕਾ ਦੇ ਚੌਧਰ ਸਥਾਪਤੀ ਲਈ ਕੀਤੇ ਇਹਨਾਂ ਹਮਲਿਆਂ ਦਾ ਜ਼ੋਰਦਾਰ ਵਿਰੋਧ ਕਰਨ ਦਾ ਸੱਦਾ ਦਿੱਤਾ ਹੈ। ਉਹਨਾਂ ਨੇ ਭਾਰਤ ਸਰਕਾਰ ਤੋਂ ਅਰਬ ਦੇਸ਼ਾਂ ਵਿੱਚ ਫ਼ਸੇ ਭਾਰਤੀਆਂ ਨੂੰ ਸੁਰੱਖਿਅਤ ਵਾਪਸ ਬੁਲਾਉਣ ਦਾ ਪ੍ਰਬੰਧ ਕਰਨ ਦੀ ਮੰਗ ਕੀਤੀ ਹੈ।ਇਸ ਮੌਕੇ ਸਜ਼ਾਦ ਅਤੇ ਸ਼ਾਹਿਦ ਆਗੂਆਂ ਨੇ ਵੀ ਸੰਬੋਧਨ ਕੀਤਾ।ਇਸ ਮੁਜ਼ਾਹਰੇ ਵਿਚ ਮੁਸਲਿਮ ਸੰਗਠਨ ਪੰਜਾਬ ਨੇ ਵੀ ਸ਼ਮੂਲੀਅਤ ਕੀਤੀ।
Click to Follow Babushahi Facebook page →