AAP ਦੇ 2/3 ਸਾਂਸਦਾਂ ਨੇ BJP ਵਿੱਚ ਰਲੇਵੇਂ ਦਾ ਫੈਸਲਾ ਕੀਤਾ: ਰਾਘਵ ਚੱਢਾ
ਮੈਂ ਸਹੀ ਇਨਸਾਨ ਸੀ, ਪਰ ਗਲਤ ਪਾਰਟੀ ਵਿੱਚ ਸੀ: ਰਾਘਵ ਚੱਢਾ
ਮੈਂ ਆਪਣੀ ਜ਼ਿੰਦਗੀ ਦੇ 15 ਸਾਲ ਦਿੱਤੇ, ਪਰ ਪਾਰਟੀ ਆਪਣੀ ਰੂਹ ਗੁਆ ਚੁੱਕੀ ਹੈ: ਰਾਘਵ ਚੱਢਾ ਨੇ ਛੱਡੀ AAP
ਰਾਘਵ ਚੱਢਾ BJP ਵਿੱਚ ਸ਼ਾਮਲ, 6 ਹੋਰ ਸਾਂਸਦ ਵੀ ਨਾਲ ਆਏ
ਸਿਧਾਂਤਾਂ 'ਤੇ ਬਣੀ ਪਾਰਟੀ ਹੁਣ ਉਨ੍ਹਾਂ ਤੋਂ ਦੂਰ ਜਾ ਚੁੱਕੀ ਹੈ: ਰਾਘਵ ਚੱਢਾ
ਰਾਸ਼ਟਰ ਹਿੱਤ ਵਿੱਚ ਲਿਆ ਫੈਸਲਾ, ਜਨ ਸੇਵਾ ਜਾਰੀ ਰਹੇਗੀ
ਨਵੀਂ ਦਿੱਲੀ, 24 ਅਪ੍ਰੈਲ, 2026
ਇੱਕ ਵੱਡੇ ਸਿਆਸੀ ਘਟਨਾਕ੍ਰਮ ਵਿੱਚ, ਰਾਜ ਸਭਾ ਮੈਂਬਰ ਰਾਘਵ ਚੱਢਾ ਨੇ ਅੱਜ ਆਮ ਆਦਮੀ ਪਾਰਟੀ (AAP) ਤੋਂ ਆਪਣੇ ਅਸਤੀਫੇ ਦਾ ਐਲਾਨ ਕਰ ਦਿੱਤਾ ਹੈ, ਜਿਸ ਨਾਲ ਪਾਰਟੀ ਨਾਲ ਉਨ੍ਹਾਂ ਦਾ 15 ਸਾਲਾਂ ਦਾ ਸਫਰ ਖਤਮ ਹੋ ਗਿਆ ਹੈ। ਰਾਘਵ ਚੱਢਾ, 6 ਹੋਰ ਸਾਂਸਦਾਂ ਦੇ ਨਾਲ, ਰਸਮੀ ਤੌਰ 'ਤੇ ਰਾਜ ਸਭਾ ਵਿੱਚ ਭਾਰਤੀ ਜਨਤਾ ਪਾਰਟੀ (BJP) ਵਿੱਚ ਸ਼ਾਮਲ ਹੋ ਗਏ ਹਨ।
ਇਸ ਫੈਸਲੇ ਨੂੰ “ਬੇਹੱਦ ਔਖਾ ਪਰ ਜ਼ਰੂਰੀ” ਦੱਸਦਿਆਂ ਰਾਘਵ ਚੱਢਾ ਨੇ ਕਿਹਾ ਕਿ ਉਨ੍ਹਾਂ ਨੇ ਆਪਣੀ ਜ਼ਿੰਦਗੀ ਦੇ ਸਭ ਤੋਂ ਮਹੱਤਵਪੂਰਨ ਸਾਲ — ਆਪਣੀ ਜਵਾਨੀ, ਊਰਜਾ ਅਤੇ ਸਮਰਪਣ — ਇਮਾਨਦਾਰੀ, ਪਾਰਦਰਸ਼ਤਾ ਅਤੇ ਲੋਕ ਸੇਵਾ 'ਤੇ ਆਧਾਰਿਤ ਇੱਕ ਸਿਆਸੀ ਅੰਦੋਲਨ ਨੂੰ ਖੜ੍ਹਾ ਕਰਨ ਵਿੱਚ ਲਗਾਏ।
ਰਾਘਵ ਚੱਢਾ ਨੇ ਕਿਹਾ ਕਿ AAP ਆਪਣੇ ਸਥਾਪਨਾ ਦੇ ਸਿਧਾਂਤਾਂ ਤੋਂ ਪੂਰੀ ਤਰ੍ਹਾਂ ਦੂਰ ਜਾ ਚੁੱਕੀ ਹੈ। ਜਿਹੜੀ ਪਾਰਟੀ ਭ੍ਰਿਸ਼ਟਾਚਾਰ ਵਿਰੋਧੀ ਅੰਦੋਲਨ ਤੋਂ ਪੈਦਾ ਹੋਈ ਸੀ, ਜਿਸ ਨੇ ਸਵੱਛ ਰਾਜਨੀਤੀ ਅਤੇ ਜਵਾਬਦੇਹੀ ਦਾ ਵਾਅਦਾ ਕੀਤਾ ਸੀ, ਉਹ ਅੱਜ ਉਨ੍ਹਾਂ ਆਦਰਸ਼ਾਂ ਤੋਂ ਬਹੁਤ ਦੂਰ ਜਾ ਚੁੱਕੀ ਹੈ। ਉਨ੍ਹਾਂ ਕਿਹਾ, "ਮੈਂ ਉਨ੍ਹਾਂ ਦੇ ਅਪਰਾਧਾਂ ਅਤੇ ਗਲਤ ਕੰਮਾਂ ਦਾ ਹਿੱਸਾ ਨਹੀਂ ਬਣਨਾ ਚਾਹੁੰਦਾ।
ਆਪਣੇ ਨਿੱਜੀ ਸੰਘਰਸ਼ ਦਾ ਜ਼ਿਕਰ ਕਰਦਿਆਂ ਚੱਢਾ ਨੇ ਕਿਹਾ ਕਿ ਪਿਛਲੇ ਕੁਝ ਸਾਲਾਂ ਤੋਂ ਉਹ ਅੰਦਰੋਂ ਅਸਹਿਜ ਮਹਿਸੂਸ ਕਰ ਰਹੇ ਸਨ। ਉਨ੍ਹਾਂ ਕਿਹਾ, "ਕਾਫੀ ਸਮੇਂ ਤੋਂ ਮੈਨੂੰ ਲੱਗ ਰਿਹਾ ਸੀ ਕਿ ਮੈਂ ਸਹੀ ਇਨਸਾਨ ਹਾਂ, ਪਰ ਗਲਤ ਪਾਰਟੀ ਵਿੱਚ ਹਾਂ।" ਉਨ੍ਹਾਂ ਦੱਸਿਆ ਕਿ ਇਸੇ ਕਾਰਨ ਉਨ੍ਹਾਂ ਨੇ ਪਾਰਟੀ ਦੀ ਸਰਗਰਮ ਰਾਜਨੀਤੀ ਤੋਂ ਦੂਰੀ ਬਣਾ ਲਈ ਸੀ।
ਰਾਘਵ ਚੱਢਾ ਨੇ ਭਾਵੁਕ ਹੁੰਦਿਆਂ ਕਿਹਾ ਕਿ ਉਹ ਅੱਜ "ਦੁਖੀ, ਦਰਦਮੰਦ ਅਤੇ ਬੇਹੱਦ ਨਿਰਾਸ਼" ਹਨ ਕਿ ਜਿਸ ਅੰਦੋਲਨ 'ਤੇ ਉਨ੍ਹਾਂ ਨੇ ਭਰੋਸਾ ਕੀਤਾ, ਉਸ ਦਾ ਇਹ ਰੂਪ ਦੇਖਣਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹ ਸਿਰਫ਼ ਉਨ੍ਹਾਂ ਦੀ ਚਿੰਤਾ ਨਹੀਂ, ਸਗੋਂ ਹਜ਼ਾਰਾਂ ਵਰਕਰਾਂ ਦੀ ਭਾਵਨਾ ਹੈ।
ਉਨ੍ਹਾਂ ਕਿਹਾ ਕਿ ਸਿਆਸਤ ਵਿੱਚ ਆਉਣ ਤੋਂ ਪਹਿਲਾਂ ਉਨ੍ਹਾਂ ਦਾ ਇੱਕ ਸਫਲ ਪੇਸ਼ੇਵਰ ਕਰੀਅਰ ਸੀ। ਉਨ੍ਹਾਂ ਸਪੱਸ਼ਟ ਕੀਤਾ, "ਮੈਂ ਰਾਜਨੀਤੀ ਵਿੱਚ ਕਰੀਅਰ ਬਣਾਉਣ ਨਹੀਂ ਆਇਆ ਸੀ। ਮੈਂ ਦੇਸ਼ ਸੇਵਾ ਅਤੇ ਭ੍ਰਿਸ਼ਟਾਚਾਰ ਮੁਕਤ ਭਾਰਤ ਦੇ ਨਿਰਮਾਣ ਲਈ ਆਇਆ ਸੀ।
ਰਾਘਵ ਚੱਢਾ ਨੇ ਕਿਹਾ ਕਿ ਉਹ ਆਪਣੇ ਸਾਥੀਆਂ ਨਾਲ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋ ਰਹੇ ਹਨ। ਉਨ੍ਹਾਂ ਨੇ ਸ਼੍ਰੀ ਨਰਿੰਦਰ ਮੋਦੀ ਦੀ ਅਗਵਾਈ ਅਤੇ ਭਾਰਤ ਦੀ ਤੇਜ਼ ਪ੍ਰਗਤੀ ਨੂੰ ਆਪਣੇ ਫੈਸਲੇ ਦਾ ਮੁੱਖ ਕਾਰਨ ਦੱਸਿਆ। ਉਨ੍ਹਾਂ ਕਿਹਾ, "ਭਾਰਤ ਅੱਜ ਵਿਸ਼ਵ ਮੰਚ 'ਤੇ ਪਹਿਲਾਂ ਨਾਲੋਂ ਵੱਧ ਮਜ਼ਬੂਤ ਹੈ ਅਤੇ ਦੇਸ਼ ਲਈ ਯੋਗਦਾਨ ਪਾਉਣ ਦਾ ਇਹ ਸਹੀ ਮੰਚ ਹੈ।
ਉਨ੍ਹਾਂ ਕਿਹਾ ਕਿ ਇਨ੍ਹਾਂ 7 ਸਾਂਸਦਾਂ ਵਿੱਚ ਵਿਸ਼ਵ ਪ੍ਰਸਿੱਧ ਕ੍ਰਿਕਟਰ, ਪਦਮ ਸ਼੍ਰੀ ਸਨਮਾਨਿਤ ਸ਼ਖਸੀਅਤਾਂ ਅਤੇ ਨਾਮਵਰ ਵਿਗਿਆਨੀ ਸ਼ਾਮਲ ਹਨ, ਜਿਨ੍ਹਾਂ ਦਾ ਫੈਸਲਾ ਨੈਤਿਕ ਤੌਰ 'ਤੇ ਬਹੁਤ ਮਹੱਤਵਪੂਰਨ ਹੈ।
ਰਾਘਵ ਚੱਢਾ ਨੇ ਸਵਾਲ ਚੁੱਕਿਆ, "ਸਾਨੂੰ ਜਨਤਾ ਲਈ ਚੁਣਿਆ ਗਿਆ ਹੈ — ਤਾਂ ਕੀ ਮੈਂ ਜਨਤਾ ਲਈ ਕੰਮ ਕਰਨਾ ਬੰਦ ਕਰ ਦੇਵਾਂ?" ਉਨ੍ਹਾਂ ਭਰੋਸਾ ਦਿੱਤਾ ਕਿ ਉਹ ਆਮ ਨਾਗਰਿਕਾਂ ਦੇ ਮੁੱਦੇ, ਸੁਸ਼ਾਸਨ ਅਤੇ ਜਵਾਬਦੇਹੀ ਲਈ ਲਗਾਤਾਰ ਆਵਾਜ਼ ਉਠਾਉਂਦੇ ਰਹਿਣਗੇ।
ਅੰਤ ਵਿੱਚ, ਉਨ੍ਹਾਂ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਦੇ ਸੰਵਿਧਾਨ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਇਹ ਪੂਰਾ ਫੈਸਲਾ ਕਾਨੂੰਨੀ ਅਤੇ ਸੰਵਿਧਾਨਕ ਪ੍ਰਬੰਧਾਂ ਦੇ ਅਨੁਸਾਰ ਹੈ।
Click to Follow Babushahi Facebook page →