“ਪੰਜਾਬੀ ਭਾਈਚਾਰੇ ਦਾ ਵਧਾਇਆ ਮਾਣ”! ਅਮੈਰੀਕਨ ਬਾਕਸਿੰਗ ਚੈਪੀਅਨਸ਼ਿਪ ਵਿੱਚ ਅਮਨਜੋਤ ਨੇ ਮਾਰੀਆਂ ਮੱਲਾਂ
ਫਰਿਜ਼ਨੋ, ਕੈਲੇਫੋਰਨੀਆਂ (ਗੁਰਿੰਦਰਜੀਤ ਨੀਟਾ ਮਾਛੀਕੇ): ਆਪਣੀ ਛੋਟੀ ਉਮਰੇ ਐਲੀਮੈਟਰੀ ਸਕੂਲ ਵਿੱਚ ਪੜਦਿਆਂ ਅਮਰੀਕਾ ਦਾ ਜੰਮਪਲ ਅਮਨਜੋਤ ਸਿੰਘ ਆਪਣੇ ਪਿਤਾ ਗਾਇਕ ਅਤੇ ਅਦਾਕਾਰ ਬਾਈ ਸੁਰਜੀਤ ਦੀ ਪ੍ਰੇਰਨਾ ਸਦਕਾ ਪੰਜਾਬੀ ਗਾਇਕੀ ਅਤੇ ਸੱਭਿਆਚਾਰਕ ਸਟੇਜਾਂ ਦਾ ਮਾਣ ਬਣਿਆ। ਜਿਸ ਨੇ ਬੱਬੂ ਮਾਨ, ਕਨਵਰ ਗਰੇਵਾਲ ਅਤੇ ਹੋਰ ਵੱਡੇ-ਵੱਡੇ ਗਾਇਕਾਂ ਦੀਆਂ ਸਟੇਜਾਂ ਤੋਂ ਛੋਟੀ ਉਮਰੇ ਆਪਣੀ ਗਾਇਕੀ ਨਾਲ ਨਿਮਾਣਾ ਖੱਟਿਆ।
ਪਰ ਇਸ ਦੇ ਨਾਲ-ਨਾਲ ਸਕੂਲ ਵਿੱਚ ਪੜਦਿਆਂ ਆਪਣੇ ਅਧਿਆਪਕਾਂ ਅਤੇ ਯੋਗ ਕੋਚਾਂ ਦੀ ਅਗਵਾਈ ਅੰਦਰ ਬਾਕਸਿੰਗ ਨੂੰ ਵੀ ਆਪਣਾ ਸ਼ੌਕ ਬਣਾ ਲਿਆ। ਹੁਣ ਗਾਇਕੀ ਦੀਆਂ ਸੁਰਾਂ ਤੋਂ ਬਾਅਦ ਅਮੈਰੀਕਨ ਬਾਕਸਿੰਗ ਵਿੱਚ ਆਪਣੇ ਪੰਚਾਂ ਰਾਹੀਂ ਮਾਸਟਰ ਅਮਨਜੋਤ ਨੇ ਹੋਏ ਟੂਰਨਾਮੈਂਟ ਦੌਰਾਨ ਮੱਲਾਂ ਮਾਰ ਪੰਜਾਬੀ ਭਾਈਚਾਰੇ ਦਾ ਨਾਂ ਚਮਕਾਇਆ।
ਕੈਲੇਫੋਰਨੀਆਂ ਦੇ ਸ਼ਹਿਰ ਫਰਿਜ਼ਨੋ ਦੇ “ਸਿਟੀ ਕਾਲਜ਼” ਵਿੱਚ ਹੋਏ ਬਾਕਸਿੰਗ ਚੈਂਪੀਅਨਸ਼ਿਪ ਮੁਕਾਬਲਿਆਂ ਦੌਰਾਨ 18 ਸਾਲ ਤੱਕ ਉਮਰ ਦੇ ਵਰਗ ਵਿੱਚ ਆਪ ਤੋਂ ਵਡੇਰੀ ਉਮਰ ਦੇ ਅਮੈਰੀਕਨ ਗੋਰੇ ਖਿਡਾਰੀ ਨੂੰ ਹਰਾ ਕੇ ਜਿੱਤ ਹਾਸਲ ਕਰਦੇ ਹੋਏ, ਚੈਂਪੀਅਨਸ਼ਿਪ ਦੀ ਟਰਾਫੀ ਆਪਣੇ ਨਾਂ ਦਰਜ਼ ਕਰਵਾ ਕੇ ਪੰਜਾਬੀਅਤ ਦਾ ਮਾਣ ਵਧਾਇਆ। ਇਸ ਸਮੇਂ ਅਮਨਜੋਤ ਦੀ ਉਮਰ 15 ਸਾਲ ਹੈ ਅਤੇ ਇਹ ਬਾਕਸਿੰਗ ਵਿੱਚ ਬਹੁਤ ਮਹਾਰਤ ਰੱਖਦਾ ਹੈ। ਜੋ ਰੋਜ਼ਾਨਾ ਮਾਹਰ ਕੋਚਾਂ ਦੀ ਅਗਵਾਈ ਅਧੀਨ ਪੜਾਈ ਦੇ ਨਾਲ-ਨਾਲ ਬਾਕਸਿੰਗ ਦੀ ਕੋਚਿੰਗ ਵੀ ਲੈ ਰਿਹਾ ਹੈ। ਭਵਿੱਖ ਬਾਰੇ ਪੁੱਛਣ ‘ਤੇ ਉਸਨੇ ਦੱਸਿਆ ਕਿ ਉਹ ਆਪਣੇ ਬਾਕਸਿੰਗ ਦੇ ਇਸ ਪੈਸ਼ਨ (ਸ਼ੌਕ) ਨੂੰ ਪ੍ਰੋਫੈਸ਼ਨ ਵਿੱਚ ਜ਼ਰੂਰ ਬਦਲੇਗਾ। ਉਸਨੇ ਨਾਂਮਵਰ ਬਾਕਸਿੰਗ ਖਿਡਾਰੀਆਂ ਦਾ ਨਾਂ ਲੈਦੇ ਹੋਏ ਦੱਸਿਆ ਕਿ ਉਨ੍ਹਾਂ ਨੇ ਕਿਵੇਂ ਉੱਚੇ ਮੁਕਾਮ ਹਾਸਲ ਕੀਤੇ ਅਤੇ ਦੁਨੀਆਂ ਉਨ੍ਹਾਂ ਨੂੰ ਜਾਣਦੀ ਹੈ। ਇਸ ਟੂਰਨਾਮੈਂਟ ਨੂੰ ਦੇਖਣ ਲਈ ਪੰਜਾਬੀ ਭਾਈਚਾਰੇ ਦੀਆਂ ਵੱਖ-ਵੱਖ ਸੰਸਥਾਵਾਂ ਦੇ ਨੁਮਾਇੰਦੇ ਵੀ ਪਹੁੰਚੇ ਹੋਏ ਸਨ।
ਪੰਜਾਬ ਤੋਂ ਅਮਨਜੋਤ ਇਤਿਹਾਸਕ ਸ਼ਹਿਰ ਮਾਛੀਵਾੜਾ ਸਾਹਿਬ ਨਾਲ ਸਬੰਧਤ ਹੈ। ਜਿੱਥੇ ਉਸ ਦੇ ਦਾਦਾ ਸ. ਰਾਮ ਸਿੰਘ ਲੰਮਾ ਸਮਾਂ ਭਾਰਤੀ ਫੌਜ ਵਿੱਚ ਕੈਪਟਨ ਰਹੇ ਅਤੇ ਹੁਣ ਬਤੌਰ ਸਮਾਜਸੇਵੀ ਸੇਵਾਵਾਂ ਨਿਭਾ ਰਹੇ ਹਨ। ਜਦ ਕਿ ਉਸ ਤਾਇਆਂ ਸ. ਸੁਖਦੇਵ ਸਿੰਘ ਬਿੱਟੂ ਇੰਨਸਪੈਕਟਰ ਨਗਰ ਕੌਂਸਲ ਵਜੋਂ ਸੇਵਾਵਾਂ ਨਿਭਾ ਰਿਹਾ ਹੈ। ਅਸੀਂ “ਧਾਲੀਆਂ ਅਤੇ ਮਾਛੀਕੇ ਮੀਡੀਆਂ ਅਮਰੀਕਾ” ਵੱਲੋਂ ੳਸਦੇ ਸੁਨਹਿਰੇ ਭਵਿੱਖ ਲਈ ਕਾਮਨਾਵਾਂ ਭੇਜਦੇ ਹਾਂ ਕਿ ਇਹ ਆਪਣੇ ਬਾਕਸਿੰਗ ਦੀ ਖੇਡ ਨੂੰ ਹੋਰ ਮਜ਼ਬੂਤ ਬਣਾਵੇ ਅਤੇ ਪੰਜਾਬੀ ਭਾਈਚਾਰੇ ਦਾ ਨਾਂ ਚਮਕਾਵੇ।
- Download Babushahi App
-
-