‘ਤੱਤੀ ਲੋਹ’ ਵਾਇਆ ਲਾਹੌਰ: ਪੰਜਵੇਂ ਪਾਤਸ਼ਾਹ ਦੀ ਸ਼ਹਾਦਤ ਨੂੰ ਸਮਰਪਿਤ ਗੀਤ ਰਿਲੀਜ਼
ਪਾਕਿਸਤਾਨੀ ਗਾਇਕਾ ਫਲਕ ਇਜਾਜ਼ ਦੀ ਭਾਵੁਕ ਆਵਾਜ਼ ਨੇ ਸਰੋਤਿਆਂ ਦੇ ਮਨ ਮੋਹੇ
-ਲੇਖਕ ਅਸ਼ੌਕ ਭੌਰਾ ਅਤੇ ਅਮੋਲਕ ਸਿੰਘ ਗਾਖਲ ਦੀ ਖਾਸ ਪੇਸ਼ਕਸ਼
-ਹਰਜਿੰਦਰ ਸਿੰਘ ਬਸਿਆਲਾ-
ਔਕਲੈਂਡ, 19 ਜੂਨ, 2026: -ਸਿੱਖ ਇਤਿਹਾਸ ਦੇ ਮਹਾਨ ਸ਼ਹੀਦ, ਸ਼ਹੀਦਾਂ ਦੇ ਸਿਰਤਾਜ ਧੰਨ-ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਅਤੇ ਉਨ੍ਹਾਂ ਦੀ ਅਦੁੱਤੀ ਸ਼ਹਾਦਤ ਨੂੰ ਕੋਟਿ-ਕੋਟਿ ਪ੍ਰਣਾਮ ਕਰਦਿਆਂ, ਗਾਖਲ ਗਰੁੱਪ ਪ੍ਰੋਡਕਸ਼ਨ (Gakhal Group Production) ਵੱਲੋਂ ਵਿਸ਼ੇਸ਼ ਧਾਰਮਿਕ ਗੀਤ ‘ਤੱਤੀ ਲੋਹ’ ਬੀਤੇ ਕੱਲ੍ਹ ਵਿਸ਼ਵ ਭਰ ਵਿੱਚ ਰਿਲੀਜ਼ ਕਰ ਦਿੱਤਾ ਗਿਆ ਹੈ। ਰਿਲੀਜ਼ ਹੁੰਦਿਆਂ ਹੀ ਇਹ ਸੂਫੀਆਨਾ ਅਤੇ ਰੂਹਾਨੀ ਸ਼ਬਦ ਸੋਸ਼ਲ ਮੀਡੀਆ ਅਤੇ ਯੂਟਿਊਬ ’ਤੇ ਸੰਗਤਾਂ ਵੱਲੋਂ ਖੂਬ ਸੁਣਿਆ ਅਤੇ ਸਰਾਹਿਆ ਜਾ ਰਿਹਾ ਹੈ। ਇਸ ਦਿਲ ਟੁੰਬਵੇਂ ਅਤੇ ਸ਼ਹੀਦੀ ਸਾਕਾ ਵਰਨਣ ਕਰਦੇ ਗੀਤ ਨੂੰ ਬਣਾਉਣ ਵਿੱਚ ਦੇਸ਼-ਵਿਦੇਸ਼ ਦੇ ਨਾਮਵਰ ਕਲਾਕਾਰਾਂ ਨੇ ਆਪਣਾ ਸਹਿਯੋਗ ਦਿੱਤਾ ਹੈ:
ਗਾਇਕਾ: ਪਾਕਿਸਤਾਨ ਦੀ ਪ੍ਰਸਿੱਧ ਗਾਇਕ ਫਲਕ ਇਜਾਜ਼ ਨੇ ਇਸ ਨੂੰ ਬਹੁਤ ਹੀ ਭਾਵੁਕਤਾ ਅਤੇ ਸ਼ਰਧਾ ਨਾਲ ਗਾਇਆ ਹੈ। ਉਨ੍ਹਾਂ ਨੇ ਆਪਣੀ ਬੁਲੰਦ ਅਤੇ ਰੂਹਾਨੀ ਆਵਾਜ਼ ਨਾਲ ਇਸ ਦਰਦਨਾਕ ਇਤਿਹਾਸ ਨੂੰ ਸੰਗਤਾਂ ਦੇ ਸਨਮੁਖ ਪੇਸ਼ ਕੀਤਾ ਅਤੇ ਭਾਵੁਕ ਕੀਤਾ ਹੈ ਜਿਸ ਦੇ ਲਈ ਉਹ ਸ਼ਾਬਾਸ਼ ਦੇ ਹੱਕਦਾਰ ਹਨ।
ਗੀਤਕਾਰ : ਪ੍ਰਸਿੱਧ ਲੇਖਕ ਸ੍ਰੀ ਅਸ਼ੋਕ ਭੌਰਾ ਨੇ ਇਸ ਗੀਤ ਦੇ ਬੋਲ ਬਹੁਤ ਹੀ ਭਾਵੁਕ ਅਤੇ ਇਤਿਹਾਸਕ ਤੱਥਾਂ ਨੂੰ ਸਮੇਟਦਿਆਂ ਲਿਖੇ ਹਨ। ਉਨ੍ਹਾਂ ਦੇ ਪਹਿਲਾਂ ਲਿਖੇ ਗੀਤ ਵੀ ਇਸ ਗਾਇਕਾ ਨੇ ਗਾਏ ਹਨ ਅਤੇ ਬਾਕਮਾਲ ਪੇਸ਼ਕਾਰੀ ਸਨ। ਸ੍ਰੀ ਗੁਰੂ ਅਰਜਨ ਸਾਹਿਬ ਜੀ ਦੇ ਸ਼ਹੀਦੀ ਪੁਰਬ ਮੌਕੇ ਅਜਿਹਾ ਧਾਰਮਿਕ ਗੀਤ ਆਉਣਾ ਇਤਿਹਾਸ ਸਰਵਣ ਕਰਾਉਣ ਦੇ ਬਰਾਬਰ ਹੈ, ਇਸਦੇ ਲਈ ਸ੍ਰੀ ਅਸ਼ੋਕ ਭੌਰਾ ਹੋਰਾਂ ਦੀ ਮਿਹਨਤ ਨੂੰ ਸਲਾਮ ਹੈ।
ਸੰਗੀਤਕਾਰ : ਉਸਤਾਦ ਵਾਜਿਦ ਅਲੀ ਤਾਫ਼ੂ ਜਿਨ੍ਹਾਂ ਨੇ ਬੈਕਗ੍ਰਾਊਂਡ ਵਿੱਚ ਚੱਲਦੇ ‘ਸਤਿਨਾਮ ਵਾਹਿਗੁਰੂ’ ਦੇ ਸਿਮਰਨ ਅਤੇ ਸੰਗੀਤ ਦੀਆਂ ਧੁਨਾਂ ਨਾਲ ਰੂਹ ਨੂੰ ਕੀਲਣ ਵਾਲਾ ਮਾਹੌਲ ਸਿਰਜਿਆ ਹੈ।
ਪ੍ਰੋਡਿਊਸਰ/ਲੇਬਲ : ਗਾਖਲ ਗਰੁੱਪ ਪ੍ਰੋਡਕਸ਼ਨ ਜਿਨ੍ਹਾਂ ਵੱਲੋਂ ਇਸ ਧਾਰਮਿਕ ਪ੍ਰੋਜੈਕਟ ਨੂੰ ਬਹੁਤ ਹੀ ਉੱਚ ਪੱਧਰ ’ਤੇ ਤਿਆਰ ਕਰਕੇ ਰਿਲੀਜ਼ ਕੀਤਾ ਗਿਆ ਹੈ।
ਰੂਹਾਨੀਅਤ ਅਤੇ ਇਤਿਹਾਸ ਦਾ ਸੁਮੇਲ
ਇਸ ਗੀਤ ਵਿੱਚ ਲਾਹੌਰ ਦੇ ਉਸ ਭਿਆਨਕ ਇਤਿਹਾਸ ਦਾ ਜ਼ਿਕਰ ਹੈ, ਜਦੋਂ ਜੇਠ-ਹਾੜ੍ਹ ਦੀ ਕੜਕਦੀ ਗਰਮੀ ਵਿੱਚ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਤੱਤੀ ਲੋਹ (ਗਰਮ ਲੋਹੇ ਦੀ ਪਲੇਟ) ’ਤੇ ਬਿਠਾਇਆ ਗਿਆ ਅਤੇ ਸੀਸ ’ਤੇ ਗਰਮ ਰੇਤ ਪਾਈ ਗਈ। ਗੀਤ ਦੇ ਬੋਲ, ‘ਤੱਤੀ ਲੋਹ ਤੇ ਬੈਠਾ ਭਾਣਾ ਮੰਨੇ ਕਰਤਾਰ ਦਾ, ਸਤਿਨਾਮ ਵਾਹਿਗੁਰੂ ਮੁੱਖ ਚੋਂ ਉਚਾਰਦਾ’ ਸਿੱਧਾ ਸਰੋਤਿਆਂ ਦੇ ਦਿਲਾਂ ਨੂੰ ਛੂੰਹਦੇ ਹਨ।
ਸੰਗੀਤ ਜਗਤ ਦੇ ਮਾਹਿਰਾਂ ਦਾ ਕਹਿਣਾ ਹੈ ਕਿ ਅਜੋਕੇ ਦੌਰ ਵਿੱਚ, ਜਿੱਥੇ ਹਲਕੇ ਸੰਗੀਤ ਦਾ ਬੋਲਬਾਲਾ ਹੈ, ਉੱਥੇ ਗਾਖਲ ਗਰੁੱਪ ਅਤੇ ਫਲਕ ਇਜਾਜ਼ ਵਰਗੇ ਗਾਇਕਾਂ ਵੱਲੋਂ ਅਜਿਹੇ ਗੰਭੀਰ ਅਤੇ ਇਤਿਹਾਸਕ ਪ੍ਰੋਜੈਕਟਾਂ ਨੂੰ ਸਾਹਮਣੇ ਲਿਆਉਣਾ ਬਹੁਤ ਹੀ ਸ਼ਲਾਘਾਯੋਗ ਕਦਮ ਹੈ। ਇਹ ਟਰੈਕ ਨੌਜਵਾਨ ਪੀੜ੍ਹੀ ਨੂੰ ਆਪਣੇ ਗੌਰਵਮਈ ਇਤਿਹਾਸ ਅਤੇ ’ਨਾਮ ਸਿਮਰਨ’ ਦੀ ਸ਼ਕਤੀ ਨਾਲ ਜੋੜਨ ਵਿੱਚ ਅਹਿਮ ਭੂਮਿਕਾ ਨਿਭਾਏਗਾ। ਇਹ ਗੀਤ ਯੂਟਿਊਬ ਦੇ ਨਾਲ-ਨਾਲ ਸਾਰੇ ਪ੍ਰਮੁੱਖ ਮਿਊਜ਼ਿਕ ਪਲੇਟਫਾਰਮਾਂ ’ਤੇ ਸੁਣਿਆ ਜਾ ਸਕਦਾ ਹੈ।
- Download Babushahi App
-
-