ਏਡੀਸੀ ਵੱਲੋਂ ਵੱਖ-ਵੱਖ ਪਾਬੰਦੀਆਂ ਦੇ ਹੁਕਮ ਜਾਰੀ
ਦਲਜੀਤ ਕੌਰ
ਸੰਗਰੂਰ, 27 ਅਪ੍ਰੈਲ, 2026: ਵਧੀਕ ਜ਼ਿਲ੍ਹਾ ਮੈਜਿਸਟਰੇਟ, ਸੰਗਰੂਰ, ਅੰਕੁਰ ਮਹਿੰਦਰੂ ਵੱਲੋਂ ਭਾਰਤੀ ਨਾਗਰਿਕ ਸੁਰੱਖਿਆ ਸਹਿੰਤਾ ,2023 ਦੀ ਧਾਰਾ 163 ਅਧੀਨ ਪ੍ਰਾਪਤ ਅਧਿਕਾਰਾਂ ਦੀ ਵਰਤੋਂ ਕਰਦਿਆਂ ਜ਼ਿਲ੍ਹਾ ਸੰਗਰੂਰ ਦੀਆਂ ਸੀਮਾਵਾਂ ਅੰਦਰ ਲੋਕਾਂ ਦੇ ਇਕੱਠ, ਧਾਰਮਿਕ ਸਥਾਨਾਂ, ਵਿਆਹ ਵਾਲੇ ਸਥਾਨ, ਜਨਮਦਿਨ ਪਾਰਟੀਜ਼, ਜਨਤਕ ਥਾਵਾਂ ਵਿੱਚ ਹਥਿਆਰਾਂ, ਲਾਠੀਆਂ, ਗੰਡਾਸੇ, ਤੇਜ਼ਧਾਰ ਟਾਕੂਏ, ਕੁਲਹਾੜੀਆਂ ਆਦਿ ਚੁੱਕਣ ਅਤੇ ਕਿਸੇ ਕਿਸਮ ਦਾ ਜਲੂਸ ਕੱਢਣ, ਪੰਜ ਜਾਂ ਪੰਜ ਤੋਂ ਵੱਧ ਵਿਅਕਤੀਆਂ ਦੀ ਇਕੱਤਰਤਾ, ਨਾਅਰੇਬਾਜ਼ੀ ਕਰਨ ’ਤੇ ਪਾਬੰਦੀ ਹੁਕਮ ਜਾਰੀ ਕੀਤੇ ਹਨ। ਇਹ ਹੁਕਮ 22 ਜੂਨ 2026 ਤੱਕ ਲਾਗੂ ਰਹਿਣਗੇ।
ਜ਼ਿਲ੍ਹੇ ਵਿੱਚ ਅਮਨ ਤੇ ਕਾਨੂੰਨ ਨੂੰ ਕਾਇਮ ਰੱਖਣ ਲਈ ਲੋਕ ਅਮਨ ਤੇ ਸ਼ਾਂਤੀ ਵਿੱਚ ਖਲਲ ਪੈਦਾ ਹੋਣ ਤੇ ਸਰਕਾਰੀ/ਪ੍ਰਾਈਵੇਟ ਸੰਪਤੀ ਦਾ ਨੁਕਸਾਨ ਹੋਣ ਤੋਂ ਸੁਰੱਖਿਅਤ ਰੱਖਣ ਲਈ ਵਧੀਕ ਜ਼ਿਲ੍ਹਾ ਮੈਜਿਸਟਰੇਟ ਵੱਲੋਂ ਇਹ ਹੁਕਮ ਜਾਰੀ ਕੀਤੇ ਗਏ ਹਨ।
ਇਹ ਹੁਕਮ ਪੁਲਿਸ, ਹੋਮਗਾਰਡ, ਸੀ.ਆਰ.ਪੀ.ਐਫ਼. ਜਾਂ ਸਰਕਾਰੀ ਡਿਊਟੀ ਕਰ ਰਹੇ ਸੁਰੱਖਿਆ ਕਰਮਚਾਰੀਆਂ, ਜਿਨ੍ਹਾਂ ਕੋਲ ਸਰਕਾਰੀ ਹਥਿਆਰ ਹਨ, 'ਤੇ ਲਾਗੂ ਨਹੀਂ ਹੋਵੇਗਾ।
ADC ਵੱਲੋਂ ਪੋਲਟਰੀ ਫਾਰਮਾਂ, ਰਾਈਸ ਸ਼ੈਲਰਾਂ, ਭੱਠਿਆਂ, ਸਮਾਲ ਸਕੇਲ ਇੰਡਸਟਰੀਜ਼ ਅਤੇ ਮਕਾਨ ਮਾਲਕਾਂ ਨੂੰ ਦਿਸ਼ਾ ਨਿਰਦੇਸ਼ ਜਾਰੀ
ਸੰਗਰੂਰ, 27 ਅਪ੍ਰੈਲ, 2026: ਵਧੀਕ ਜ਼ਿਲ੍ਹਾ ਮੈਜਿਸਟਰੇਟ ਸੰਗਰੂਰ ਅੰਕੁਰ ਮਹਿੰਦਰੂ ਵੱਲੋਂ ਭਾਰਤੀ ਨਾਗਰਿਕ ਸੁਰੱਖਿਆ ਸਹਿੰਤਾ ,2023 ਦੀ ਧਾਰਾ 163 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦਿਆਂ ਪੋਲਟਰੀ ਫਾਰਮਾਂ, ਰਾਈਸ ਸ਼ੈਲਰਾਂ, ਭੱਠਿਆਂ ਅਤੇ ਹੋਰ ਸਮਾਲ ਸਕੇਲ ਇੰਡਸਟਰੀਜ਼, ਸ਼ਹਿਰੀ, ਪੇਂਡੂ, ਰਿਹਾਇਸ਼ੀ ਮਕਾਨ ਮਾਲਕਾਂ ਨੂੰ ਹੁਕਮ ਜਾਰੀ ਕੀਤੇ ਹਨ ਕਿ ਉਹ ਆਪਣੀਆਂ ਫਰਮਾਂ ਵਿੱਚ ਅਤੇ ਰਿਹਾਇਸ਼ੀ ਘਰਾਂ ਵਿੱਚ ਰਹਿਣ ਵਾਲੇ ਜਾਂ ਕੰਮ ਕਰਨ ਵਾਲੇ, ਕਿਰਾਏਦਾਰ ਵਿਅਕਤੀਆਂ ਦਾ ਨਾਮ, ਪੂਰਾ ਪਤਾ, ਫੋਟੋ ਕਾਪੀ ਆਪਣੇ ਇਲਾਕੇ ਦੇ ਥਾਣੇ ਜਾਂ ਪੁਲਿਸ ਚੌਂਕੀ ਵਿੱਚ ਤੁਰੰਤ ਦਰਜ ਕਰਵਾਉਣ ਅਤੇ ਮਜ਼ਦੂਰ ਸ਼ੁਰੂ ਵਿੱਚ ਹੀ ਲਿਖ ਕੇ ਦੇਣ ਕਿ ਉਹ ਆਪਣੀ ਮਰਜ਼ੀ ਨਾਲ ਕੰਮ ‘ਤੇ ਲੱਗੇ ਹਨ। ਹੁਕਮ ਵਿੱਚ ਕਿਹਾ ਗਿਆ ਹੈ ਕਿ ਪੋਲਟਰੀ ਫਾਰਮਾਂ, ਰਾਈਸ ਸ਼ੈਲਰਾਂ, ਭੱਠਿਆਂ ਅਤੇ ਹੋਰ ਸਮਾਲ ਸਕੇਲ ਇੰਡਸਟਰੀਜ਼ ਵਿੱਚ ਜ਼ਿਆਦਾਤਰ ਦੂਸਰੇ ਸੂਬਿਆਂ ਅਤੇ ਇਕ ਸਥਾਨ ਤੋਂ ਦੂਜੇ ਸਥਾਨ ਤੇ ਕੰਮ ਕਰਨ ਵਾਲੇ ਮਜ਼ਦੂਰਾਂ ਨੂੰ ਲੇਬਰ ਵਜੋਂ ਰੱਖਿਆ ਜਾਂਦਾ ਹੈ। ਅਜਿਹੀ ਲੇਬਰ ਦਾ ਕੋਈ ਪਤਾ ਰਿਕਾਰਡ ਨਹੀ ਰੱਖਿਆ ਜਾਂਦਾ ਜਿਸ ਨਾਲ ਜ਼ੁਰਮ ਹੋਣ ’ਤੇ ਦੋਸ਼ੀਆਂ ਨੂੰ ਲੱਭਣਾ ਔਖਾ ਹੋ ਜਾਂਦਾ ਹੈ। ਇਸ ਤੋਂ ਇਲਾਵਾ ਸ਼ਹਿਰੀ, ਪੇਂਡੂ ਇਲਾਕਿਆਂ ਵਿੱਚ ਬਾਹਰੋਂ ਆ ਕੇ ਕਿਰਾਏਦਾਰ ਰਹਿੰਦੇ ਹਨ ਤਾਂ ਮਕਾਨ ਮਾਲਕ ਦੀ ਜਿੰਮੇਵਾਰੀ ਹੈ ਕਿ ਉਹ ਆਪਣੇ ਸਬੰਧਤ ਥਾਣੇ ਦੇ ਮੁੱਖ ਥਾਣਾ ਅਫ਼ਸਰ ਨੂੰ ਆਪਣੇ ਕਿਰਾਏਦਾਰ ਸਬੰਧੀ ਸੂਚਿਤ ਕਰਨ। ਇਸ ਤੋਂ ਇਲਾਵਾ ਪਿੰਡਾਂ ਦੇ ਚੌਕੀਦਾਰਾਂ ਨੂੰ ਵੀ ਹਦਾਇਤ ਕੀਤੀ ਗਈ ਹੈ ਕਿ ਜੇਕਰ ਕੋਈ ਵਿਅਕਤੀ ਬਾਹਰੋਂ ਆ ਕੇ ਪਿੰਡ ਵਿੱਚ ਵਸਦਾ ਹੈ ਤਾਂ ਉਹ ਇਸ ਸਬੰਧੀ ਆਪਣੇ ਸਬੰਧਤ ਥਾਣੇ ਵਿੱਚ ਸੂਚਿਤ ਕਰਨ। ਇਹ ਹੁਕਮ 22 ਜੂਨ 2026 ਤੱਕ ਲਾਗੂ ਰਹੇਗਾ।
ਜ਼ਿਲ੍ਹਾ ਸੰਗਰੂਰ ’ਚ ਹੁੱਕਾ ਬਾਰਾਂ ’ਤੇ ਪਾਬੰਦੀ
ਸੰਗਰੂਰ, 27 ਅਪ੍ਰੈਲ, 2026: ਵਧੀਕ ਜ਼ਿਲ੍ਹਾ ਮੈਜਿਸਟਰੇਟ ਸ਼੍ਰੀ ਅੰਕੁਰ ਮਹਿੰਦਰੂ ਵੱਲੋਂ ਫੌਜਦਾਰੀ ਜਾਬਤਾ ਸੰਘਤਾ 1973 ਦੀ ਧਾਰਾ 163 ਅਧੀਨ ਪ੍ਰਾਪਤ ਸ਼ਕਤੀਆਂ ਦੀ ਵਰਤੋਂ ਕਰਦਿਆਂ ਜ਼ਿਲ੍ਹੇ ਵਿੱਚ ਹੁੱਕਾ ਬਾਰ ਚਲਾਉਣ ’ਤੇ ਲਗਾਈ ਮੁਕੰਮਲ ਪਾਬੰਦੀ ਦੀ ਮਿਆਦ ਵਿੱਚ ਵਾਧਾ ਕੀਤਾ ਹੈ। ਹੁਕਮਾਂ ਵਿਚ ਕਿਹਾ ਗਿਆ ਹੈ ਕਿ ਸਿਵਲ ਸਰਜਨ ਸੰਗਰੂਰ ਨੇ ਉਨ੍ਹਾਂ ਦੇ ਧਿਆਨ ਵਿੱਚ ਲਿਆਂਦਾ ਹੈ ਕਿ ਕਈ ਥਾਵਾਂ ’ਤੇ ਲੋਕ ਹੁੱਕਾ ਬਾਰ ਚਲਾ ਕੇ ਨੌਜਵਾਨਾਂ ਨੂੰ ਨਸ਼ੇ ਵੱਲ ਧੱਕਣ ਦਾ ਯਤਨ ਕਰਦੇ ਹਨ। ਕੁਝ ਰੈਸਟੋਰੈਟਾਂ ਹੁੱਕਾ ਬਾਰਾਂ ਵੱਲੋਂ ਆਉਣ ਵਾਲੇ ਵਿਜ਼ਟਰਾਂ ਨੂੰ ਹੁੱਕੇ ਲਈ ਆਫ਼ਰ ਕੀਤਾ ਜਾਂਦਾ ਹੈ, ਜਿਸ ਨਾਲ ਮਨੁੱਖੀ ਸਿਹਤ ’ਤੇ ਮਾੜਾ ਅਸਰ ਪੈਂਦਾ ਹੈ ਅਤੇ ਖਾਸ ਕਰਕੇ ਸਕੂਲਾਂ ਅਤੇ ਕਾਲਜਾਂ ਵਿੱਚ ਪੜ੍ਹਦੇ ਨੌਜਵਾਨ ਵੀ ਇਨ੍ਹਾਂ ਹੁੱਕਾ ਬਾਰਾਂ ਦਾ ਸ਼ਿਕਾਰ ਹੋ ਜਾਂਦੇ ਹਨ। ਇਹ ਹੁੱਕਾ ਬਾਰ ਛੋਟੀ ਉਮਰ ਦੇ ਬੱਚਿਆਂ ਨੂੰ ਤੰਬਾਕੂ ਤੋਂ ਇਲਾਵਾ ਹੋਰ ਕਈ ਹਾਨੀਕਾਰਕ ਨਸ਼ੇ ਦੇ ਰਹੇ ਹਨ, ਜੋ ਕਿ ਮਨੁੱਖੀ ਸਿਹਤ ਲਈ ਬੇਹੱਦ ਹਾਨੀਕਾਰਕ ਹਨ। ਇਸ ਦੇ ਨਾਲ-ਨਾਲ ਇਹ ਹੁੱਕਾ ਬਾਰ ਤੰਬਾਕੂਨੋਸ਼ੀ ਵਿਰੋਧੀ ਕਾਨੂੰਨ ਦੀ ਪਾਲਣਾ ਵੀ ਨਹੀਂ ਕਰਦੇ।
ਵਧੀਕ ਜ਼ਿਲ੍ਹਾ ਮੈਜਿਸਟਰੇਟ ਨੇ ਸਿਵਲ ਸਰਜਨ ਦੀ ਦਲੀਲ ਨਾਲ ਸਹਿਮਤ ਹੁੰਦੇ ਹੋਏ ਜ਼ਿਲ੍ਹੇ ’ਚ ਮਿਊਂਸਪਲ ਕਮੇਟੀਆਂ ਅਧੀਨ ਪੈਂਦੇ ਖੇਤਰਾਂ ਅਤੇ ਜ਼ਿਲ੍ਹੇ ਦੇ ਸਮੁੱਚੇ ਪਿੰਡਾਂ ਵਿੱਚ ਹੁੱਕਾ ਬਾਰਾਂ ’ਤੇ ਮੁਕੰਮਲ ਪਾਬੰਦੀ ਲਗਾਈ ਹੈ। ਆਪਣੇ ਹੁਕਮਾਂ ਵਿੱਚ ਉਨ੍ਹਾਂ ਸਪੱਸ਼ਟ ਕੀਤਾ ਹੈ ਕਿ ਕਿਸੇ ਨੂੰ ਵੀ ਨਾਗਰਿਕਾਂ ਦੀ ਸਿਹਤ ਨਾਲ ਖਿਲਵਾੜ ਕਰਨ ਦੀ ਆਗਿਆ ਨਹੀਂ ਦਿੱਤੀ ਜਾ ਸਕਦੀ। ਧਾਰਾ 144 ਅਧੀਨ ਜਾਰੀ ਕੀਤਾ ਗਿਆ ਇਹ ਹੁਕਮ ਮਿਤੀ 22 ਜੂਨ 2026 ਤੱਕ ਲਾਗੂ ਰਹੇਗਾ।
Click to Follow Babushahi Facebook page →