ਸ੍ਰੀ ਗੁਰੂ ਤੇਗ਼ ਬਹਾਦੁਰ ਸਾਹਿਬ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਯਾਤਰਾ
*ਧਰਮ ਰੱਖਿਅਕ ਯਾਤਰਾ ਸ੍ਰੀ ਆਨੰਦਪੁਰ ਸਾਹਿਬ ਤੋਂ 13 ਨਵੰਬਰ ਨੂੰ : ਹਰਮੀਤ ਸਿੰਘ ਕਾਲਕਾ*
ਮਨਮੋਹਨ ਸਿੰਘ
ਨਵੀਂ ਦਿੱਲੀ 10 ਨਵੰਬਰ, 2025
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ ਨੇ ਜਾਣਕਾਰੀ ਦਿੱਤੀ ਕਿ ਸ੍ਰੀ ਗੁਰੂ ਤੇਗ਼ ਬਹਾਦੁਰ ਸਾਹਿਬ ਜੀ ਅਤੇ ਉਹਨਾਂ ਦੇ ਨਾਲ ਸ਼ਹੀਦ ਹੋਏ 3 ਅਨਿਨ ਸ਼ਹੀਦਾਂ— ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ ਅਤੇ ਭਾਈ ਦਿਆਲਾ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ “ਧਰਮ ਰੱਖਿਅਕ ਯਾਤਰਾ” ਦਾ ਸ਼ੁਭ ਆਰੰਭ 13 ਨਵੰਬਰ 2025 (ਵੀਰਵਾਰ) ਸਵੇਰੇ 9 ਵਜੇ ਸ੍ਰੀ ਆਨੰਦਪੁਰ ਸਾਹਿਬ ਵਿਖੇ ਗੁਰਦੁਆਰਾ ਗੁਰੂ ਕੇ ਮਹਿਲ ਤੋਂ ਕੀਤਾ ਜਾਵੇਗਾ।
ਸਰਦਾਰ ਕਾਲਕਾ ਨੇ ਦੱਸਿਆ ਕਿ ਇਹ ਪਵਿੱਤਰ ਯਾਤਰਾ ਸ੍ਰੀ ਗੁਰੂ ਤੇਗ਼ ਬਹਾਦੁਰ ਸਾਹਿਬ ਜੀ ਦੇ ਇਲਾਹੀ ਉਪਦੇਸ਼ਾਂ — ਧਰਮ ਦੀ ਰੱਖਿਆ, ਮਨੁੱਖਤਾ ਦੇ ਹੱਕਾਂ ਦੀ ਸੁਰੱਖਿਆ ਅਤੇ ਸੱਚ ਦੀ ਅਡੋਲ ਰਾਹ 'ਤੇ ਚਲਣ — ਦੇ ਸੁਨੇਹੇ ਨੂੰ ਘਰ-ਘਰ ਤੱਕ ਪਹੁੰਚਾਉਣ ਲਈ ਸਮਰਪਿਤ ਹੈ।
ਉਨ੍ਹਾਂ ਦੱਸਿਆ ਕਿ ਇਹ ਯਾਤਰਾ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ, ਕਿਲਾ ਆਨੰਦਗੜ੍ਹ ਸਾਹਿਬ, ਪੰਜ ਪਿਆਰਾ ਪਾਰਕ, ਕੀਰਤਪੁਰ ਸਾਹਿਬ, ਗੁਰਦੁਆਰਾ ਪਰਿਵਾਰ ਵਿਛੋੜਾ ਸਾਹਿਬ, ਭਰਤਗੜ੍ਹ, ਘਨੌਲੀ, ਮਲਕਪੁਰ, ਗੁਰਦੁਆਰਾ ਭੱਠਾ ਸਾਹਿਬ, ਰੋਪੜ, ਸੋਲਖੀਆਂ ਟੋਲ ਪਲਾਜ਼ਾ, ਕੁਰਾਲੀ, ਪਟਿਆਲਾ, ਖਰੜ, ਸੱਤੇਵਾਲ, ਲਾਂਡਰਾਂ, ਬਨੂੰੜ, ਅਤੇ ਸ਼ੰਭੂ ਬਾਰਡਰ ਰਾਹੀਂ ਗੁਰਦੁਆਰਾ ਮੰਜੀ ਸਾਹਿਬ ਅੰਬਾਲਾ ਵਿਖੇ ਪਹੁੰਚੇਗੀ, ਜਿੱਥੇ ਸੰਗਤਾਂ ਰਾਤਰੀ ਅਰਾਮ ਕਰਨਗੀਆਂ।
ਸਰਦਾਰ ਕਾਲਕਾ ਨੇ ਦੱਸਿਆ ਕਿ ਅਗਲੇ ਦਿਨ 14 ਨਵੰਬਰ 2025 (ਸ਼ੁਕਰਵਾਰ) ਸਵੇਰੇ 9 ਵਜੇ ਗੁਰਦੁਆਰਾ ਮੰਜੀ ਸਾਹਿਬ ਅੰਬਾਲਾ ਤੋਂ ਚਲ ਕੇ ਇਹ ਧਰਮ ਰੱਖਿਅਕ ਯਾਤਰਾ ਅੰਬਾਲਾ ਕੈਂਟ, ਸ਼ਾਹਬਾਦ, ਪਿੱਪਲੀ, ਕੁਰੂਕਸ਼ੇਤਰ, ਤਰਾਵੜੀ, ਕਰਨਾਲ, ਘਰੌਂਡਾ, ਪਾਣੀਪਤ ਟੋਲ, ਸਮਾਲਖਾ, ਸੋਨੀਪਤ, ਕੁੰਡਲੀ, ਸਿੰਘੂ ਬਾਰਡਰ, ਬਾਈਪਾਸ, ਲਿਬਾਸਪੁਰ ਅਤੇ ਗੁਰਦੁਆਰਾ ਮਜਨੂੰ ਕਾ ਟਿਲਾ ਸਾਹਿਬ ਤੋਂ ਹੁੰਦੀ ਹੋਈ ਗੁਰਦੁਆਰਾ ਸੀਸ ਗੰਜ ਸਾਹਿਬ, ਚਾਂਦਨੀ ਚੌਂਕ, ਦਿੱਲੀ ਵਿਖੇ ਪਹੁੰਚੇਗੀ।
ਉਨ੍ਹਾਂ ਕਿਹਾ ਕਿ ਇਹ ਪਵਿੱਤਰ ਯਾਤਰਾ ਸਿਰਫ਼ ਇਤਿਹਾਸਕ ਯਾਦਗਾਰੀ ਨਹੀਂ, ਸਗੋਂ ਸਿੱਖ ਪੰਥ ਦੀ ਸ਼ਾਨ, ਸ਼ਹੀਦੀ ਰੂਹਾਨੀਅਤ ਅਤੇ ਗੁਰੂਘਰ ਨਾਲ ਸੰਬੰਧ ਦੀ ਅਡੋਲ ਪ੍ਰਗਟਾਵਾ ਹੈ। ਇਸ ਯਾਤਰਾ ਦਾ ਹਰ ਪੜਾਅ ਗੁਰਬਾਣੀ ਦੀ ਧੁਨ, ਸ਼ਬਦ ਕੀਰਤਨ ਅਤੇ ਗੁਰੂ ਮਹਾਰਾਜ ਦੀ ਕਿਰਪਾ ਨਾਲ ਰੂਹਾਨੀ ਜੋਸ਼ ਨਾਲ ਭਰਪੂਰ ਹੋਵੇਗਾ।
ਸਰਦਾਰ ਹਰਮੀਤ ਸਿੰਘ ਕਾਲਕਾ ਨੇ ਸਮੂਹ ਸੰਗਤਾਂ ਨੂੰ ਬੇਨਤੀ ਕੀਤੀ ਕਿ ਉਹ ਆਪਣੇ ਪਰਿਵਾਰ ਸਮੇਤ ਇਸ ਧਰਮ ਰੱਖਿਅਕ ਯਾਤਰਾ ਵਿੱਚ ਸ਼ਮੂਲੀਅਤ ਕਰਕੇ ਗੁਰੂ ਸਾਹਿਬ ਦੀਆਂ ਅਸੀਸਾਂ ਪ੍ਰਾਪਤ ਕਰਨ।
ਉਨ੍ਹਾਂ ਦੱਸਿਆ ਕਿ ਪਾਲਕੀ ਸਾਹਿਬ ਦੀ ਲਾਈਵ ਲੋਕੇਸ਼ਨ ਅਤੇ ਯਾਤਰਾ ਸੰਬੰਧੀ ਵਿਸਥਾਰ ਪੂਰਵਕ ਜਾਣਕਾਰੀ ਲਈ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਵੈਬਸਾਈਟ www.dsgmc.in ਤੇ ਸੰਪਰਕ ਕੀਤਾ ਜਾ ਸਕਦਾ ਹੈ।
“ਸ੍ਰੀ ਗੁਰੂ ਤੇਗ਼ ਬਹਾਦੁਰ ਸਾਹਿਬ ਜੀ ਦੀ ਸ਼ਹੀਦੀ ਮਨੁੱਖਤਾ ਦੇ ਅਧਿਕਾਰਾਂ ਦੀ ਰੱਖਿਆ ਦੀ ਅਦੁਤੀ ਪ੍ਰੇਰਣਾ ਹੈ — ਇਹ ਧਰਮ ਰੱਖਿਅਕ ਯਾਤਰਾ ਉਸ ਅਮਰ ਸੁਨੇਹੇ ਦਾ ਜੀਵੰਤ ਪ੍ਰਤੀਕ ਹੈ।” — ਹਰਮੀਤ ਸਿੰਘ ਕਾਲਕਾ